July 4, 2024 11:03 pm
Punjabi University

ਡਾ. ਨਾਗਰ ਸਿੰਘ ਮਾਨ ਨੇ ਪੰਜਾਬੀ ਯੂਨੀਵਰਸਿਟੀ ਦੇ ਵੀ.ਸੀ. ਦੇ ਨਿੱਜੀ ਸਕੱਤਰ ਵਜੋਂ ਅਹੁਦਾ ਸਾਂਭਿਆ

ਪਟਿਆਲਾ, 19 ਅਪ੍ਰੈਲ 2023: ਪੰਜਾਬੀ ਯੂਨੀਵਰਸਿਟੀ (Punjabi University) ਦੇ ਪਬਲੀਕੇਸ਼ਨ ਬਿਊਰੋ ਤੋਂ ਸੇਵਾ ਨਵਿਰਤ ਹੋਏ ਡਾ. ਨਾਗਰ ਸਿੰਘ ਮਾਨ ਨੂੰ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਆਪਣਾ ਨਿੱਜੀ ਸਕੱਤਰ ਤਾਇਨਾਤ ਕੀਤਾ ਹੈ। ਅੱਜ ਬਾਅਦ ਦੁਪਹਿਰ ਡਾ. ਨਾਗਰ ਸਿੰਘ ਮਾਨ ਵੱਲੋਂ ਆਪਣਾ ਅਹੁਦਾ ਸਾਂਭ ਲਿਆ ਹੈ । ਯੂਨੀਵਰਸਿਟੀ ਪ੍ਰਬੰਧਨ ਸੰਬੰਧੀ ਕੰਮ-ਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪਹਿਲਾਂ ਵੀ ਵੱਖ-ਵੱਖ ਵਾਈਸ-ਚਾਂਸਲਰਾਂ ਵੱਲੋਂ ਇਸ ਅਹੁਦੇ ਲਈ ਵੱਖ-ਵੱਖ ਸ਼ਖ਼ਸੀਅਤਾਂ ਦੀ ਤਾਇਨਾਤੀ ਕਰਨ ਦੀ ਪ੍ਰਥਾ ਰਹੀ ਹੈ। ਸਾਬਕਾ ਵਾਈਸ ਚਾਂਸਲਰ ਪ੍ਰੋ. ਬੀ. ਐੱਸ. ਘੁੰਮਣ ਵੱਲੋਂ ਡਾ. ਐੱਨ. ਐੱਸ. ਅੱਤਰੀ ਨੂੰ ਆਪਣਾ ਓ.ਐੱਸ.ਡੀ. ਤਾਇਨਾਤ ਕੀਤਾ ਗਿਆ ਸੀ ਜੋ ਕਿ ਪ੍ਰੋ. ਘੁੰਮਣ ਵੱਲੋਂ ਵਾਈਸ ਚਾਂਸਲਰ ਵਜੋਂ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਪਹਿਲਾਂ ਆਪਣਾ ਅਹੁਦਾ ਛੱਡ ਗਏ ਸਨ।

ਡਾ. ਨਾਗਰ ਸਿੰਘ ਮਾਨ ਪੰਜਾਬੀ ਯੂਨੀਵਰਸਿਟੀ Punjabi University)  ਦੇ ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ ਤੋਂ ‘ਗੁਰਬਾਣੀ ਕੋਸ਼ਕਾਰੀ : ਸਰਵੇਖਣ ਅਤੇ ਮੁਲਾਂਕਣ (ਚੋਣਵੇਂ ਗੁਰਬਾਣੀ ਕੋਸ਼ਾਂ ਦੇ ਪ੍ਰਸੰਗ ਵਿੱਚ’ ਵਿਸ਼ੇ ਵਿੱਚ ਡਾਕਟਰੇਟ ਦੀ ਡਿਗਰੀ ਪ੍ਰਾਪਤ ਹਨ। ਉਨ੍ਹਾਂ ਯੂਨੀਵਰਸਿਟੀ ਦੇ ਹੀ ਸਮਾਜ ਵਿਗਿਆਨ ਵਿਭਾਗ ਤੋਂ 1993 ਦੌਰਾਨ ‘ਬੇਜ਼ਮੀਨੇ ਅਤੇ ਖੇਤ ਮਜ਼ਦੂਰਾਂ ਦੀਆਂ ਕੰਮ ਕਰਨ ਦੇ ਹਾਲਾਤ’ ਵਿਸ਼ੇ ਉੱਤੇ ਐੱਮ.ਫਿ਼ਲ. ਦੀ ਡਿਗਰੀ ਹਾਸਿਲ ਕੀਤੀ ਹੈ।

ਉਹ ਯੂਨੀਵਰਸਿਟੀ ਵਿੱਚ 1996 ਦੌਰਾਨ ਭਰਤੀ ਹੋਏ ਸਨ ਅਤੇ 2022 ਵਿੱਚ ਸੇਵਾ ਨਵਿਰਤ ਹੋਏ। ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ ਵਿਖੇ ਕੰਮ ਕਰਦਿਆਂ ਉਨ੍ਹਾਂ ਨੇ ਵੱਖ-ਵੱਖ ਕੋਸ਼ਾਂ ਦੇ ਨਿਰਮਾਣ ਵਿੱਚ ਆਪਣੀ ਭੂਮਿਕਾ ਨਿਭਾਈ ਹੈ। ਪੰਜਾਬੀ-ਅੰਗਰੇਜ਼ੀ ਕੋਸ਼ ਦੇ ਨਿਰਮਾਣ ਵਿੱਚ ਉਹ ਸੰਪਾਦਕੀ ਸਟਾਫ਼ ਦੇ ਮੈਂਬਰ ਰਹੇ। ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਕੋਸ਼ਾਂ ਦੇ ਨਿਰਮਾਣ ਸਮੇਂ ਉਨ੍ਹਾਂ ਨੇ ਯੋਗਦਾਨ ਪਾਇਆ।