July 8, 2024 8:21 pm
Amar Singh Azad

ਕੁਲਤਾਰ ਸਿੰਘ ਸੰਧਵਾਂ ਤੇ ਸਿਹਤ ਮੰਤਰੀ ਵੱਲੋਂ ਡਾ. ਅਮਰ ਸਿੰਘ ਆਜ਼ਾਦ ਨੂੰ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀ

ਪਟਿਆਲਾ, 11 ਜੁਲਾਈ 2023 : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਖੇਤੀ, ਖੁਰਾਕ ਤੇ ਵਾਤਾਵਰਣ ਦੇ ਉੱਘੇ ਚਿੰਤਕ ਅਤੇ ਸਿਹਤ ਮਾਹਰ ਡਾ. ਅਮਰ ਸਿੰਘ ਆਜ਼ਾਦ ਦੀ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀ ਭੇਟ ਕੀਤੀ।

ਇੱਥੇ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਡਾ. ਅਮਰ ਸਿੰਘ ਆਜ਼ਾਦ ਨੂੰ ਸ਼ਰਧਾਂਜਲੀ ਦਿੰਦਿਆਂ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਡਾ. ਆਜ਼ਾਦ ਨੇ ਸਾਰੀ ਉਮਰ ਇੱਕ ਚਾਨਣ ਮੁਨਾਰਾ ਬਣਕੇ ਲੋਕਾਂ ਨੂੰ ਸਿਹਤ ਤੇ ਵਾਤਾਵਰਣ ਪ੍ਰਤੀ ਸੇਧ ਦਿੱਤੀ। ਉਨ੍ਹਾਂ ਕਿਹਾ ਕਿ ਡਾ. ਆਜ਼ਾਦ ਨੇ ਲੋਕਾਂ ਨੂੰ ਬਿਨ੍ਹਾਂ ਦਵਾਈ ਕੇਵਲ ਖੁਰਾਕ ਨਾਲ ਸਿਹਤਯਾਬ ਕਰਨ ਦਾ ਗਿਆਨ ਵੰਡਿਆ। ਸਪੀਕਰ ਸੰਧਵਾਂ ਨੇ ਉਮੀਦ ਪ੍ਰਗਟਾਈ ਕਿ ਉਨ੍ਹਾਂ ਦੀ ਸਪੁੱਤਰੀ ਡਾ. ਅਨੁਪਮਾ ਆਪਣੇ ਪਿਤਾ ਦੇ ਦਰਸਾਏ ਰਾਹ ‘ਤੇ ਚਲਕੇ ਲੋਕਾਂ ਨੂੰ ਤੰਦਰੁਸਤ ਕਰਨਗੇ।

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਡਾ. ਅਮਰ ਸਿੰਘ ਆਜ਼ਾਦ ਨਾਲ ਆਪਣੀ ਪੁਰਾਣੀ ਸਾਂਝ ਦਾ ਜਿਕਰ ਕਰਦਿਆਂ ਕਿਹਾ ਕਿ ਉਹ ਗਿਆਨ ਅਤੇ ਸ਼ਾਂਤੀ ਦੇ ਪ੍ਰਤੀਕ ਹੋਲਿਸਟਿਕ ਹੈਲਥ ਦਾ ਗਿਆਨ ਵੰਡਦੇ ਰਹੇ ਹਨ। ਸਿਹਤ ਮੰਤਰੀ ਨੇ ਕਿਹਾ ਕਿ ਅਜਿਹੇ ਵਿਅਕਤੀ ਲੋਕਾਂ ਦੀ ਭਲਾਈ ਲਈ ਆਪਣੀ ਸਾਰੀ ਉਮਰ ਲਗਾ ਦਿੰਦੇ ਹਨ, ਇਨ੍ਹਾਂ ਤੋਂ ਸਾਨੂੰ ਸੇਧ ਲੈਣ ਦੀ ਲੋੜ ਹੈ।

ਸ਼ਰਧਾਂਜਲੀ ਸਮਾਰੋਹ ਮੌਕੇ ਖੇਤੀ ਵਿਰਾਸਤ ਮਿਸ਼ਨ ਤੋਂ ਉਮੇਂਦਰ ਦੱਤ, ਸਾਬਕਾ ਐਮ.ਪੀ. ਡਾ. ਧਰਮਵੀਰ ਗਾਂਧੀ, ਡਾ. ਬਿਸ਼ਵਰੂਪ ਰਾਏ ਚੌਧਰੀ, ਡਾ. ਦਰਸ਼ਨਪਾਲ, ਡਾ. ਕਵਿਤਾ ਕੁਲਕਰਨੀ, ਹਰਜਿੰਦਰ ਸਿੰਘ ਮਾਝੀ ਸਮੇਤ ਹੋਰਨਾਂ ਸ਼ਖ਼ਸੀਅਤਾਂ ਨੇ ਵੀ ਡਾ. ਅਮਰ ਸਿੰਘ ਆਜ਼ਾਦ ਨੂੰ ਯਾਦ ਕੀਤਾ। ਇਸ ਮੌਕੇ ਡਾ. ਆਜ਼ਾਦ ਦੇ ਪਰਿਵਾਰਕ ਮੈਂਬਰਾਂ ਮਨਜੀਤ ਕੌਰ, ਡਾ. ਅਨੁਪਮਦੀਪ ਆਜ਼ਾਦ, ਅਮਨਦੀਪ ਆਜ਼ਾਦ, ਡਾ. ਗਗਨਦੀਪ ਆਜ਼ਾਦ, ਡਾ. ਅਰਸ਼ਦੀਪ ਵੋਹਰਾ ਤੇ ਉਮੀਤ ਵੋਹਰਾ ਨੇ ਧੰਨਵਾਦ ਕੀਤਾ।