ਡਾ. ਇੰਦਰਬੀਰ ਸਿੰਘ ਨਿੱਝਰ

ਡਾ. ਇੰਦਰਬੀਰ ਸਿੰਘ ਨਿੱਝਰ ਵਲੋਂ ਸਿੱਧਵਾਂ ਨਹਿਰ ਦੀ ਸਫ਼ਾਈ ਤੇ ਨਹਿਰ ਦੁਆਲੇ ਚੇਨ ਲਿੰਕਡ ਵਾੜ ਲਗਾਉਣ ਦੇ ਕਾਰਜ਼ਾਂ ਦੀ ਸ਼ੁਰੂਆਤ

ਚੰਡੀਗੜ੍ਹ 04 ਜਨਵਰੀ 2023: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਦੇ ਜਲ ਸਰੋਤਾਂ ਨੂੰ ਸਾਫ਼ ਕਰਨ ਲਈ ਵਚਨਬੱਧਤਾ ਦਿਖਾਉਂਦੇ ਹੋਏ, ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਨੇ ਸਿੱਧਵਾਂ ਨਹਿਰ ਦੀ ਸਫ਼ਾਈ ਦਾ ਕੰਮ ਬੁੱਧਵਾਰ ਤੋਂ ਭਾਈ ਰਣਧੀਰ ਸਿੰਘ (ਬੀ.ਆਰ.ਐਸ.) ਨਗਰ ਵਿੱਚ ਸਥਿਤ ਨਹਿਰ ਦੇ ਪੁਲ ਤੋਂ ਸ਼ੁਰੂ ਕੀਤਾ।

ਕੈਬਨਿਟ ਮੰਤਰੀ ਡਾ. ਨਿੱਝਰ ਨੇ ਸ਼ਹਿਰ ਦੀ ਹਦੂਦ ਅੰਦਰ ਨਹਿਰ ਦੇ 13 ਕਿਲੋਮੀਟਰ ਲੰਬੇ ਹਿੱਸੇ ਦੇ ਨਾਲ-ਨਾਲ ਚੇਨ ਲਿੰਕਡ ਲੋਹੇ ਦੀ ਵਾੜ (2 ਮੀਟਰ ਉਚਾਈ) ਲਗਾਉਣ ਦੇ ਪ੍ਰੋਜੈਕਟ ਦੀ ਸ਼ੁਰੂਆਤ ਵੀ ਕੀਤੀ। ਇਹ ਪ੍ਰੋਜੈਕਟ ਵਸਨੀਕਾਂ ਵੱਲੋਂ ਕੂੜਾ ਨਹਿਰ ਵਿੱਚ ਸੁੱਟਣ ਤੋਂ ਰੋਕਣ ਦੇ ਉਦੇਸ਼ ਨਾਲ ਸ਼ੁਰੂ ਕੀਤਾ ਗਿਆ ਹੈ। 6.64 ਕਰੋੜ ਰੁਪਏ ਦੀ ਲਾਗਤ ਨਾਲ ਚੇਨ ਲਿੰਕਡ ਵਾੜ ਲਗਾਉਣ ਦਾ ਕੰਮ ਛੇ ਮਹੀਨਿਆਂ ਵਿੱਚ ਪੂਰਾ ਕਰ ਲਿਆ ਜਾਵੇਗਾ।

ਇਸ ਮੌਕੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ, ਮਦਨ ਲਾਲ ਬੱਗਾ, ਅਸ਼ੋਕ ਪਰਾਸ਼ਰ ਪੱਪੀ, ਦਲਜੀਤ ਸਿੰਘ ਭੋਲਾ ਗਰੇਵਾਲ, ਕੁਲਵੰਤ ਸਿੰਘ ਸਿੱਧੂ, ਮੇਅਰ ਬਲਕਾਰ ਸਿੰਘ ਸੰਧੂ, ਕਾਰਜਕਾਰੀ ਨਗਰ ਨਿਗਮ ਕਮਿਸ਼ਨਰ ਆਦਿੱਤਿਆ ਡਚਲਵਾਲ, ਲੁਧਿਆਣਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਤਰਸੇਮ ਸਿੰਘ ਭਿੰਡਰ, ਸੀਨੀਅਰ ਆਮ ਆਦਮੀ ਪਾਰਟੀ ਆਗੂ ਅਹਿਬਾਬ ਗਰੇਵਾਲ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਨਹਿਰ ਸਿੰਚਾਈ ਵਿਭਾਗ ਦੇ ਅਧਿਕਾਰ ਖੇਤਰ ਵਿੱਚ ਆਉਂਦੀ ਹੈ। ਸ਼ਹਿਰ ਵਿੱਚੋਂ ਲੰਘਣ ਵਾਲੀ ਨਹਿਰ ਵਿੱਚ ਕੂੜੇ ਅਤੇ ਗੰਦਗੀ ਦੇ ਢੇਰ ਨੂੰ ਲੈ ਕੇ ਵੱਧ ਰਹੀ ਚਿੰਤਾ ਦੇ ਵਿਚਕਾਰ, ਨਗਰ ਨਿਗਮ ਨੇ ਸਿੰਚਾਈ ਵਿਭਾਗ ਨਾਲ ਤਾਲਮੇਲ ਕਰਕੇ ਨਹਿਰ ਦੀ ਸਫ਼ਾਈ ਲਈ ਕਦਮ ਚੁੱਕੇ ਹਨ। ਨਹਿਰ ਦੇ ਵੱਖ-ਵੱਖ ਪੁਆਇੰਟਾਂ ‘ਤੇ ਆਰਜ਼ੀ ਰੈਂਪ ਬਣਾਏ ਗਏ ਹਨ ਅਤੇ ਜੇਸੀਬੀ ਮਸ਼ੀਨਾਂ ਅਤੇ ਟਿੱਪਰਾਂ ਦੀ ਮਦਦ ਨਾਲ ਨਹਿਰ ਦੀ ਸਫ਼ਾਈ ਕੀਤੀ ਜਾ ਰਹੀ ਹੈ।

ਨਹਿਰ ਦੀ ਸਫਾਈ ਦੇ ਪ੍ਰੋਜੈਕਟ ਦੀ ਨਿਗਰਾਨੀ ਕਰ ਰਹੇ ਨਗਰ ਨਿਗਮ ਦੇ ਜੋਨਲ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਨੇ ਦੱਸਿਆ ਕਿ ਸਿੰਚਾਈ ਵਿਭਾਗ ਨੇ 21 ਦਿਨਾਂ ਲਈ ਨਹਿਰ ਵਿੱਚ ਪਾਣੀ ਦੇ ਵਹਾਅ ਨੂੰ ਰੋਕਣ ਲਈ ਇੱਕ ਸ਼ਡਿਊਲ ਤਿਆਰ ਕੀਤਾ ਹੈ। ਇਸ ਦੌਰਾਨ ਲੋਹਾਰਾ ਪੁਲ ਤੋਂ ਬਾੜੇਵਾਲ ਨਹਿਰ ਦੇ ਪੁਲ ਤੱਕ ਨਹਿਰ ਦੀ ਸਫ਼ਾਈ ਦੀ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ। ਜੇਕਰ ਲੋੜ ਪਈ ਤਾਂ ਸਿੰਚਾਈ ਵਿਭਾਗ ਨੂੰ ਕੁੱਝ ਹੋਰ ਦਿਨਾਂ ਲਈ ਨਹਿਰ ਵਿੱਚ ਪਾਣੀ ਦਾ ਵਹਾਅ ਰੋਕਣ ਲਈ ਕਿਹਾ ਜਾਵੇਗਾ।

ਕੈਬਨਿਟ ਮੰਤਰੀ ਡਾ. ਨਿੱਝਰ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਨਹਿਰ ਦੀ ਸਫਾਈ ਅਤੇ ਇਸ ਦੇ ਆਲੇ-ਦੁਆਲੇ ਚੇਨ ਲਿੰਕਡ ਵਾੜ ਲਗਾਉਣ ਲਈ ਕੀਤੇ ਗਏ ਉਪਰਾਲੇ ਸ਼ਲਾਘਾਯੋਗ ਹਨ ਪਰ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਨਹਿਰ ਦੀ ਸਫਾਈ ਰੱਖਣ ਅਤੇ ਨਹਿਰ ਵਿੱਚ ਕੂੜਾ ਨਾ ਸੁੱਟਣ। ਕੈਬਨਿਟ ਮੰਤਰੀ ਨੇ ਅੱਗੇ ਕਿਹਾ ਕਿ ਜੇਕਰ ਵਸਨੀਕ ਨਹਿਰ ਵਿੱਚ ਕੂੜਾ ਸੁੱਟਣ ਤੋਂ ਨਹੀਂ ਹੱਟਦੇ ਤਾਂ ਨਗਰ ਨਿਗਮ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਮਜਬੂਰ ਹੋਵੇਗਾ।

ਨਗਰ ਨਿਗਮ ਜ਼ੋਨ ਡੀ ਦਫ਼ਤਰ ਵਿਖੇ ਨਵੇਂ ਸਾਲ ਦੀ ਸ਼ੁਰੂਆਤ ਮੌਕੇ ਮਿਉਂਸੀਪਲ ਇੰਪਲਾਈਜ਼ ਸੰਘਰਸ਼ ਕਮੇਟੀ ਵਲੋਂ ਰੱਖੇ ਗਏ ਸੁਖਮਨੀ ਸਾਹਿਬ ਦੇ ਪਾਠ ਮੌਕੇ ਕੈਬਨਿਟ ਮੰਤਰੀ ਡਾ. ਨਿੱਜਰ ਨਤਮਸਤਕ ਹੋਏ ਅਤੇ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਵਾਤਾਵਰਨ ਅਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਅੱਗੇ ਆਉਣ ਦੀ ਅਪੀਲ ਕੀਤੀ। ਕੈਬਨਿਟ ਮੰਤਰੀ ਨੇ ਮੁਲਾਜ਼ਮ ਯੂਨੀਅਨ ਦੇ ਚੇਅਰਮੈਨ ਅਸ਼ਵਨੀ ਸਹੋਤਾ ਅਤੇ ਪ੍ਰਧਾਨ ਜਸਦੇਵ ਸੇਖੋਂ ਵੱਲੋਂ ਚੁੱਕੀਆਂ ਗਈਆਂ ਮੁਲਾਜ਼ਮ ਹੱਕੀ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਵੀ ਦਿੱਤਾ।

ਕੈਬਨਿਟ ਮੰਤਰੀ ਨੇ ਵੱਖ-ਵੱਖ ਗੈਰ ਸਰਕਾਰੀ ਸੰਗਠਨਾਂ/ਸਮਾਜਿਕ ਕਾਰਕੁੰਨਾਂ ਨੂੰ ਵੀ ਸਨਮਾਨਿਤ ਕੀਤਾ ਜੋ ਕਿ ਨਗਰ ਨਿਗਮ ਨਾਲ ਕੰਮ ਕਰਦੇ ਰਹੇ ਹਨ। ਇਨ੍ਹਾਂ ਵਿੱਚ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ, ਟੀਮ 1699 ਤੋਂ ਗੁਰਸਾਹਿਬ ਸਿੰਘ ਅਤੇ ਦਵਿੰਦਰ ਨਾਗੀ, ਸਿਟੀ ਨੀਡਜ਼ ਤੋਂ ਮਨੀਤ ਦੀਵਾਨ ਅਤੇ ਲੈਟਸ ਕਲੀਨ ਲੁਧਿਆਣਾ ਫਾਊਂਡੇਸ਼ਨ, ਨੇਕੀ ਦੀ ਰਸੋਈ ਆਦਿ ਸਮੇਤ ਹੋਰ ਗੈਰ ਸਰਕਾਰੀ ਸੰਗਠਨਾਂ ਦੇ ਮੈਂਬਰ ਵੀ ਸ਼ਾਮਲ ਸਨ।

ਕੈਬਨਿਟ ਮੰਤਰੀ ਡਾ. ਨਿੱਝਰ ਨੇ ਨਗਰ ਨਿਗਮ ਜ਼ੋਨ ਡੀ ਦਫ਼ਤਰ ਦੇ ਬਾਹਰ ਸੜਕ ਦੇ ਕਿਨਾਰਿਆਂ ‘ਤੇ ਸਥਾਪਤ ਮਹਿਲਾ ਸਸ਼ਕਤੀਕਰਨ ਦੀਆਂ ਮੂਰਤੀਆਂ ਦਾ ਉਦਘਾਟਨ ਵੀ ਕੀਤਾ। ਇਹ ਮੂਰਤੀਆਂ ਫਿੱਕੀ ਫਲੋ ਸਮੂਹ ਦੁਆਰਾ ਸਥਾਪਤ ਕੀਤੀਆਂ ਗਈਆਂ ਹਨ, ਜੋ ਕਿ ਨਗਰ ਨਿਗਮ ਦੇ ਸਹਿਯੋਗ ਨਾਲ ਕੰਮ ਕਰ ਰਿਹਾ ਹੈ। ਫਿੱਕੀ ਫਲੋ ਵਲੋਂ ਮੋਨਿਕਾ ਚੌਧਰੀ ਅਤੇ ਨੇਹਾ ਗੁਪਤਾ ਦੀ ਅਗਵਾਈ ਵਿੱਚ ਸਮੂਹ ਮੈਂਬਰਾਂ ਵੱਲੋਂ ਕੀਤੇ ਗਏ ਯਤਨਾਂ ਦੀ ਸ਼ਲਾਘਾ ਕਰਦਿਆਂ ਕੈਬਨਿਟ ਮੰਤਰੀ ਨੇ ਗੈਰ ਸਰਕਾਰੀ ਸੰਗਠਨਾਂ ਨੂੰ ਸ਼ਹਿਰ ਵਿੱਚ ਹਰਿਆਲੀ ਵਧਾਉਣ ਲਈ ਨਗਰ ਨਿਗਮ ਦਾ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ।

Scroll to Top