July 5, 2024 1:35 am
Dwarka Das Mittal Charitable Trust

ਡਾ. ਇੰਦਰਬੀਰ ਸਿੰਘ ਨਿੱਝਰ ਨੇ ਦਵਾਰਕਾ ਦਾਸ ਮਿੱਤਲ ਚੈਰੀਟੇਬਲ ਟਰੱਸਟ ਵੱਲੋਂ ਬਣਾਏ ਘਰਾਂ ਦੀਆਂ ਚਾਬੀਆਂ ਸੌਂਪੀਆਂ

ਬਠਿੰਡਾ, 02 ਮਾਰਚ 2023: ਸਥਾਨਕ ਸਰਕਾਰਾਂ ਬਾਰੇ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਅੱਜ ਇੱਕ ਸਮਾਗਮ ਦੌਰਾਨ ਦਵਾਰਕਾ ਦਾਸ ਮਿੱਤਲ ਚੈਰੀਟੇਬਲ ਟਰੱਸਟ (Dwarka Das Mittal Charitable Trust) ਵੱਲੋਂ ਬਠਿੰਡਾ ਦੀ ਉੜੀਆਂ ਕਾਲੋਨੀ ’ਚ ਬਣਾਏ ਗਏ 51 ਘਰਾਂ ਦੀਆਂ ਚਾਬੀਆਂ ਸਬੰਧਤ ਪਰਿਵਾਰਾਂ ਨੂੰ ਸੌਂਪੀਆਂ। ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਝਰ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂ ਕਿ ਮਿੱਤਲ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਰਾਜਿੰਦਰ ਮਿੱਤਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਇਸ ਮੌਕੇ ਬਠਿੰਡਾ ਸ਼ਹਿਰੀ ਹਲਕੇ ਦੇ ਵਿਧਾਇਕ ਜਗਰੂਪ ਸਿੰਘ ਗਿੱਲ, ਹਲਕਾ ਮੋੜ ਤੋਂ ਵਿਧਾਇਕ ਸੁਖਬੀਰ ਸਿੰਘ ਮਾਇਸਰਖਾਨਾ ਤੋਂ ਇਲਾਵਾ ਨਗਰ ਨਿਗਮ ਦੇ ਮੇਅਰ ਸ਼੍ਰੀਮਤੀ ਰਮਨ ਗੋਇਲ, ਡਿਪਟੀ ਕਮਿਸ਼ਨਰ ਬਠਿੰਡਾ ਸੌਕਤ ਅਹਿਮਦ ਪਰੇ, ਜ਼ਿਲ੍ਹਾ ਪੁਲਿਸ ਮੁਖੀ ਗੁਲਨੀਤ ਸਿੰਘ ਖੁਰਾਣਾ ਤੋਂ ਇਲਾਵਾ ਕਮਿਸ਼ਨਰ ਨਗਰ ਨਿਗਮ ਬਠਿੰਡਾ ਰਾਹੁਲ ਸਿੱਧੂ ਸਮੇਤ ਆਪ ਆਦਮੀ ਪਾਰਟੀ ਦੇ ਹੋਰ ਆਗੂ ਅਤੇ ਆਮ ਲੋਕ ਵੱਡੀ ਗਿਣਤੀ ’ਚ ਮੌਜੁਦ ਸਨ।

ਸਮਗਾਮ ’ਚ ਬੋਲਦਿਆ ਮੁੱਖ ਮਹਿਮਾਨ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਦੱਸਿਆ ਕਿ ਬਠਿੰਡਾ ਦੀ ਉੜੀਆ ਕਾਲੋਨੀ ’ਚ ਦੁਵਾਰਕਾ ਦਾਸ ਮਿੱਤਲ ਚੈਰੀਟੇਬਲ ਟਰੱਸਟ ਵੱਲੋਂ ਜਿਹੜੇ 51 ਲੋੜਵੰਦ ਪਰਿਵਾਰਾਂ ਨੂੰ ਇਹ ਘਰ ਬਣਾ ਕੇ ਦਿੱਤੇ ਗਏ ਹਨ । ਇਹ ਸਮਾਜ ਸੇਵਾ ਦੇ ਖੇਤਰ ’ਚ ਇਕ ਵੱਡੀ ਮਿਸ਼ਾਲ ਹੈ ਅਤੇ ਹੋਰ ਲੋਕਾਂ ਨੂੰ ਵੀ ਉਦਯੋਗਪਤੀ ਰਾਜਿੰਦਰ ਮਿੱਤਲ ਦੇ ਇਸ ਕਾਰਜ ਤੋਂ ਸਬਕ ਲੈਂਦੇ ਹੋਏ ਸਮਾਜ ਸੇਵਾ ਦੇ ਖੇਤਰ ’ਚ ਵੱਧ ਚੜ੍ਹ ਦੇ ਹਿੱਸਾ ਲੈਣਾ ਚਾਹੀਦਾ ਹੈ।

ਉਨ੍ਹਾਂ ਦੱਸਿਆ ਕਿ ਇਸ ਉੜੀਆਂ ਕਾਲੋਨੀ ’ਚ ਅਸੀਂ ਜਲਦੀ ਹੀ ਇਕ ਸਕੂਲ ਅਤੇ ਸਿਹਤ ਕੇਂਦਰ ਬਣਾਉਣ ਦੀ ਵੀ ਯੋਜਨਾ ਬਣਾ ਰਹੇ ਹਾਂ। ਉਨ੍ਹਾਂ ਦੱਸਿਆ ਕਿ ਸਾਡੀ ਅਗਲੀ ਤਜਵੀਜ਼ ਹੈ ਕਿ 129 ਜਿਹੜੇ ਹੋਰ ਪਰਿਵਾਰ ਰਹਿੰਦੇ ਹਨ ਉਨ੍ਹਾਂ ਲਈ ਵੀ ਅਸੀਂ ਦਵਾਰਕਾ ਦਾਸ ਮਿੱਤਲ ਟਰੱਸਟ ਨਾਲ ਮਿਲਕੇ ਜਲਦੀ ਹੀ ਘਰ ਬਣਾਉਣ ਦੀ ਯੋਜਨਾ ਨੂੰ ਨੇਪਰੇ ਚਾੜ੍ਹ ਰਹੇ ਹਾਂ।

ਇਸ ਮੌਕੇ ਬੋਲਦਿਆ ਮਿੱਤਲ ਗਰੁੱਪ ਦੇ ਮੈਨੈਜਿੰਗ ਡਾਇਰੈਕਟਰ ਰਾਜਿੰਦਰ ਮਿੱਤਲ ਨੇ ਦੱਸਿਆ ਕਿ ਉਨ੍ਹਾਂ ਦੀ ਸਵਰਗੀ ਮਾਤਾ ਜੀ ਦਾ ਸੁਪਨਾ ਸੀ ਕਿ ਉਹ ਆਪਣੇ ਪੋਤਰੇ ਕੁਸ਼ਲ ਮਿੱਤਲ ਦੇ ਵਿਆਹ ਹੋਣ ਦੀ ਖੁਸ਼ੀ ਨੂੰ ਦੇਖਦੇ ਹੋਏ ਬੇਘਰੇ ਲੋਕਾਂ ਲਈ ਕੋਈ ਵੱਡਾ ਉਪਰਾਲਾ ਕਰਨ। ਜਿਸ ਤੋਂ ਬਾਅਦ ਅਸੀਂ ਦਵਾਰਕਾ ਦਾਸ ਮਿੱਤਲ ਚੈਰੀਟੇਬਲ ਟਰੱਸਟ ਦੇ ਰਾਹੀ ਇਹ 51 ਘਰ ਲੋੜਵੰਦ ਪਰਿਵਾਰਾਂ ਲਈ ਬਣਾਕੇ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਹਰ ਘਰ ਦੇ ਉਪਰ ਤਿੰਨ ਲੱਖ 50 ਹਜ਼ਾਰ ਰੁਪਏ ਦਾ ਖਰਚਾ ਆਇਆ ਹੈ ਅਤੇ ਇਹ ਸਾਰਾ ਖਰਚਾ ਟਰੱਸਟ ਵੱਲੋਂ ਖ਼ੁਦ ਕੀਤਾ ਗਿਆ ਹੈ।

ਉਨ੍ਹਾਂ ਮੌਕੇ ’ਤੇ ਮੌਜੂਦ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨੂੰ ਵੀ ਅਪੀਲ ਕੀਤੀ ਕਿ ਜਿਹੜੇ ਹੋਰ ਪਰਿਵਾਰ ਰਹਿ ਗਏ ਹਨ ਉਨ੍ਹਾਂ ਲਈ ਘਰ ਬਣਾਉਣ ਖਾਤਰ ਸਰਕਾਰ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਧੀਨ ਪ੍ਰਤੀ ਘਰ ਅੱਧੇ ਫੰਡ ਦਾ ਜੇਕਰ ਯੋਗਦਾਨ ਪਾਉਂਦੀ ਹੈ ਤਾਂ ਉਹ ਬਾਕੀ ਰਹਿੰਦੇ ਘਰਾਂ ਨੂੰ ਵੀ ਜਲਦੀ ਹੀ ਤਿਆਰ ਕਰਵਾ ਦੇਣਗੇ।

ਉਨ੍ਹਾਂ ਦੱਸਿਆ ਕਿ ਸਮੇਂ ਸਮੇਂ ’ਤੇ ਸਾਡੇ ਵੱਲੋਂ ਸਮਾਜ ਸੇਵੀ ਕੰਮਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ ਅਤੇ ਇਸੇ ਤਹਿਤ ਏਮਜ਼ ਬਠਿੰਡਾ ਵਿਖੇ ਸੱਤ ਕਰੋੜ ਰੁਪਏ ਦੀ ਲਾਗਤ ਨਾਲ ਮਰੀਜ਼ਾ ਅਤੇ ਉਨ੍ਹਾਂ ਦੇ ਵਾਰਸਾਂ ਦੇ ਠਹਿਰਣ ਲਈ ਇਕ ਧਰਮਸ਼ਾਲਾ ਦਾ ਵੀ ਨਿਰਮਾਣ ਕਰਵਾਇਆ ਜਾ ਰਿਹਾ ਹੈ। ਜਿਸ ਦੀਆਂ ਡਰਾਈਗਾਂ ਮਨਜ਼ੂੂਰੀ ਲਈ ਨਗਰ ਨਿਗਮ ਕੋਲ ਆਈਆਂ ਹਨ ਜਿਨ੍ਹਾਂ ਦੀ ਜਲਦੀ ਨਾਲ ਮਨਜ਼ੂਰੀ ਦਿੱਤੀ ਜਾਵੇ ਤਾਂ ਜੋ ਇਸ ਏਮਜ਼ ਦੀ ਧਰਮਸ਼ਾਲਾ ਦਾ ਕੰਮ ਵੀ ਜਲਦੀ ਹੀ ਮੁਕੰਮਲ ਕੀਤਾ ਜਾ ਸਕੇ।

ਹਲਕਾ ਬਠਿੰਡਾ ਤੋਂ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਇਸ ਉਪਰਾਲੇ ਲਈ ਉਦਯੋਗਪਤੀ ਰਾਜਿੰਦਰ ਮਿੱਤਲ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਉੜੀਆਂ ਕਾਲੋਨੀ ਅਤੇ ਹੋਰ ਸ਼ਹਿਰ ’ਚ ਜਿਹੜੇ ਨਵੇਂ ਵਿਕਾਸ ਕਾਰਜ ਹੋ ਰਹੇ ਹਨ ਉਨ੍ਹਾਂ ਪ੍ਰਤੀ ਲੋਕਾਂ ਨੂੰ ਜਾਣੂੰ ਕਰਵਾਇਆ। ਨਗਰ ਨਿਗਮ ਦੇ ਕਮਿਸ਼ਨਰ ਰਾਹੁਲ ਸਿੰਧੂ ਵੱਲੋਂ ਸਾਰੇ ਪਹੁੰਚੇ ਹੋਏ ਮਹਿਮਾਨਾਂ ਅਤੇ ਹੋਰ ਲੋਕਾਂ ਦੇ ਸਮਾਗਮ ’ਚ ਸ਼ਾਮਲ ਹੋਣ ’ਤੇ ਧੰਨਵਾਦ ਕੀਤਾ। ਇਸ ਮੌਕੇ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਚੇਅਰਮੈਨ ਨੀਲ ਗਰਗ, ਚੇਅਰਮੈਨ ਅਨਿਲ ਠਾਕੁਰ ਅਤੇ ਚੇਅਰਮੈਨ ਅਮ੍ਰਿਤ ਲਾਲ ਅਗਰਵਾਲ ਸਮੇਤ ਹੋਰ ਪਾਰਟੀ ਆਗੂ ਅਧਿਕਾਰੀ ਆਦਿ ਹਾਜ਼ਰ ਸਨ।