June 28, 2024 11:29 am
Bibi Kaulan Welfare Center

ਡਾ. ਇੰਦਰਬੀਰ ਸਿੰਘ ਨਿੱਝਰ ਨੇ ਬੀਬੀ ਕੌਲਾਂ ਭਲਾਈ ਕੇਂਦਰ ਨੂੰ 10 ਲੱਖ ਰੁਪਏ ਦੇਣ ਦਾ ਕੀਤਾ ਐਲਾਨ

ਚੰਡੀਗੜ੍ਹ/ਅੰਮ੍ਰਿਤਸਰ 17 ਅਪ੍ਰੈਲ 2023: ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਸਮਾਜ ਦੀ ਭਲਾਈ ਲਈ ਜੋ ਸੰਸਥਾਵਾਂ ਕੰਮ ਕਰ ਰਹੀਆਂ ਹਨ, ਉਨਾਂ ਦੀ ਅਸੀਂ ਹਰ ਸੰਭਵ ਮਦਦ ਕਰੀਏ ਤਾਂ ਜੋ ਇਹ ਸੰਸਥਾਵਾਂ ਹੋਰ ਅੱਗੇ ਵੱਧ ਕੇ ਕੰਮ ਕਰ ਸਕਣ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਡਾ. ਇੰਦਰਬੀਰ ਸਿੰਘ ਨਿੱਝਰ ਸਥਾਨਕ ਸਰਕਾਰਾਂ ਬਾਰੇ ਮੰਤਰੀ ਪੰਜਾਬ ਨੇ ਬੀਬੀ ਕੌਲਾਂ ਭਲਾਈ ਕੇਂਦਰ (Bibi Kaulan Welfare Center) ਵਿਖੇ ਧਾਰਮਿਕ ਇਨਾਮ ਵੰਡ ਸਮਾਗਮ ਮੌਕੇ ਕੀਤਾ। ਡਾ. ਨਿੱਝਰ ਨੇ ਕਿਹਾ ਕਿ ਸਾਨੂੰ ਸਮਾਜ ਨੂੰ ਸੇਧ ਦੇਣ ਵਾਲੀਆਂ ਸੰਸਥਾਵਾਂ ਅਤੇ ਸ਼ਖਸ਼ੀਅਤਾਂ ਦਾ ਸਨਮਾਨ ਵੀ ਕਰਨਾ ਚਾਹੀਦਾ ਹੈ। ਉਨਾਂ ਬੀਬੀ ਕੌਲਾਂ ਦੀ ਭਲਾਈ ਕੇਂਦਰ ਵਲੋਂ ਕੀਤੀਆਂ ਜਾ ਰਹੀਆਂ ਸਮਾਜ ਭਲਾਈ ਦੇ ਕੰਮਾਂ ਦੀ ਸਰਾਹਨਾ ਕੀਤੀ।

ਡਾ. ਨਿੱਝਰ ਨੇ ਬੀਬੀ ਕੌਲਾਂ ਭਲਾਈ ਕੇਂਦਰ (Bibi Kaulan Welfare Center) ਦੁਆਰਾ ਤਿਆਰ ਕੀਤੇ ਜਾ ਰਹੇ ਹਸਪਤਾਲ ਵਿੱਚ ਲਗਾਈਆਂ ਜਾ ਰਹੀਆਂ ਐਮ.ਆਰ.ਆਈ. ਅਤੇ ਸੀ.ਟੀ.ਸਕੈਨ ਦੀਆਂ ਮਸ਼ੀਨਾਂ ਦੀ ਖਰੀਦ ਲਈ ਆਪਣੇ ਅਖਤਿਆਰੀ ਫੰਡ ਵਿਚੋਂ 10 ਲੱਖ ਰੁਪਏ ਦੇਣ ਦਾ ਐਲਾਨ ਕੀਤੀ ਅਤੇ ਮੌਕੇ ਤੇ ਹੀ ਪਹਿਲੀ ਕਿਸ਼ਤ ਵਜੋਂ 5 ਲੱਖ ਰੁਪਏ ਦਾ ਚੈਕ ਭਾਈ ਗੁਰਇਕਬਾਲ ਸਿੰਘ ਨੂੰ ਸੌਂਪਦਿਆਂ ਕਿਹਾ ਕਿ ਲੋਕ ਭਲਾਈ ਦੇ ਕਾਰਜਾਂ ਲਈ ਮੈਂ ਹਮੇਸ਼ਾ ਤੁਹਾਡੇ ਨਾਲ ਹਾਂ ਅਤੇ ਇਸ ਹਸਪਤਾਲ ਦੀ ਉਸਾਰੀ ਲਈ ਹਰ ਸੰਭਵ ਮਦਦ ਦਿੱਤੀ ਜਾਵੇਗੀ।

ਉਨਾਂ ਕਿਹਾ ਕਿ ਜਲਦ ਦੀ 5 ਲੱਖ ਰੁਪਏ ਦੀ ਦੂਜੀ ਕਿਸ਼ਤ ਵੀ ਦੇ ਦਿੱਤੀ ਜਾਵੇਗੀ। ਡਾ. ਨਿੱਝਰ ਨੇ ਕਿਹਾ ਕਿ ਜੇਕਰ ਕੋਈ ਹੋਰ ਫੰਡਾਂ ਦੀ ਲੋੜ ਪਈ ਤਾਂ ਉਹ ਵੀ ਦਿੱਤੇ ਜਾਣਗੇ। ਇਸ ਮੌਕੇ ਓ.ਐਸ.ਡੀ. ਮਨਪ੍ਰੀਤ ਸਿੰਘ, ਸ: ਹਰਿੰਦਰ ਸਿੰਘ, ਸ: ਗੁਰਮੁਖ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।