ਨਵੀਂ ਦਿੱਲੀ, 05 ਮਈ 2023 (ਦਵਿੰਦਰ ਸਿੰਘ): ਸਾਬਕਾ ਸੰਸਦ ਮੈਂਬਰ ਡਾ: ਧਰਮਵੀਰ ਸਿੰਘ ਗਾਂਧੀ (Dr. Dharamvir Singh Gandhi) ਅੱਜ ਪਟਿਆਲਾ ਤੋਂ ਦਿੱਲੀ ਦੇ ਜੰਤਰ-ਮੰਤਰ ਵਿਖੇ ਪਹਿਲਵਾਨਾਂ ਦਾ ਸਮਰਥਨ ਕਰਨ ਲਈ ਲੋਕਾਂ ਦੇ ਵੱਡੇ ਕਾਫ਼ਲੇ ਨਾਲ ਪੁੱਜੇ | ਡਾ: ਗਾਂਧੀ ਨੇ ਕਿਹਾ ਕਿ ਭਾਜਪਾ ਸਰਕਾਰ ਹੁਣ ਪੂਰੀ ਤਰ੍ਹਾਂ ਬੇਨਕਾਬ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕਿੰਨੀ ਸ਼ਰਮ ਦੀ ਗੱਲ ਹੈ ਕਿ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਇੱਕ ਭ੍ਰਿਸ਼ਟਚਾਰੀ ਆਗੂ ਨੂੰ ਸਜ਼ਾ ਦਿਵਾਉਣ ਲਈ ਸੜਕਾਂ ‘ਤੇ ਬੈਠਣਾ ਪਿਆ ਹੈ।
ਉਨ੍ਹਾਂ ਕਿਹਾ ਕਿ ਪਹਿਲਵਾਨਾਂ ਵਲੋਂ WFI ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ‘ਤੇ ਲਾਏ ਜਿਨਸੀ ਸ਼ੋਸਣ ਦੇ ਦੋਸ਼ ਵਿੱਚ ਸੁਪਰੀਮ ਕੋਰਟ ਦੇ ਕਹਿਣ ‘ਤੇ ਦਿੱਲੀ ਪੁਲਿਸ ਨੇ ਐੱਫ.ਆਈ.ਆਰ ਦਰਜ ਕੀਤੀ, ਪਰ ਉਸਦੀ ਗ੍ਰਿਫਤਾਰੀ ਨਹੀਂ ਹੋਈ | ਇਸ ਸਭ ਤੋਂ ਸਾਫ ਹੁੰਦਾ ਹੈ ਕਿ ਕੇਂਦਰ ਸਰਕਾਰ ਬ੍ਰਿਜ ਭੂਸ਼ਣ ਸ਼ਰਨ ਨੂੰ ਬਚਾਅ ਰਹੀ ਹੈ | ਉਨ੍ਹਾਂ ਨੇ ਕਿਹਾ ਆਉਣ ਵਾਲੇ ਸਮੇਂ ਵਿੱਚ ਪੰਜਾਬ ਤੋਂ ਪਹਿਲਵਾਨਾਂ ਦੇ ਸਮਰਥਨ ਵਿੱਚ ਹੋਰ ਕਾਫ਼ਲੇ ਆਉਣਗੇ | ਜੰਤਰ-ਮੰਤਰ ਵਿਖੇ ਭਾਜਪਾ ਸਰਕਾਰ ‘ਤੇ ਤਿੱਖੇ ਸ਼ਬਦਾਂ ‘ਚ ਹਮਲਾ ਕਰਦਿਆਂ ਗਾਂਧੀ ਨੇ ਕਿਹਾ ਕਿ ਇਹ ਸਰਕਾਰ ਬੇਕਾਰ ਹੋ ਚੁੱਕੀ ਹੈ ਅਤੇ ਸੱਤਾ ਲਈ ਦੇਸ਼ ਦੇ ਲੋਕਾਂ ਦਾ ਸ਼ੋਸ਼ਣ ਵੀ ਕਰ ਰਹੀ ਹੈ।