ਚੰਡੀਗੜ੍ਹ, 22 ਨਵੰਬਰ 2024: ਪੰਜਾਬ ਕੈਬਿਨਟ ਮੰਤਰੀ ਡਾ: ਬਲਜੀਤ ਕੌਰ ਨੇ ਕਿਹਾ ਕਿ ਜੀਵਨਜੋਤ ਪ੍ਰੋਜੈਕਟ ਤਹਿਤ ਪੰਜਾਬ ‘ਚ ਭੀਖ (Begging) ਮੰਗ ਰਹੇ ਬੱਚਿਆਂ ਨੂੰ ਬਚਾਉਣ ਅਤੇ ਉਨ੍ਹਾਂ ਦੇ ਮੁੜ ਵਸੇਬੇ ਲਈ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਹਰ ਮਹੀਨੇ ਦੇ ਦੂਜੇ ਹਫ਼ਤੇ ਚਲਾਈ ਜਾਂਦੀ ਹੈ |
ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਦਾ ਉਦੇਸ਼ ਭੀਖ ਮੰਗਣ ਵਾਲੇ ਬੱਚਿਆਂ ਨੂੰ ਬਚਾਉਣਾ, ਮੁੜ ਵਸੇਬਾ ਕਰਨਾ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਉਨ੍ਹਾਂ ਨੂੰ ਸ਼ੋਸ਼ਣ ਮੁਕਤ ਜੀਵਨ ਦਾ ਰਸਤਾ ਦਿਖਾਇਆ ਜਾ ਸਕੇ |
ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਇਸ ਮੁਹਿੰਮ ਤਹਿਤ ਜੁਲਾਈ ਮਹੀਨੇ ਤੋਂ ਹੁਣ ਤੱਕ ਵੱਖ-ਵੱਖ ਜ਼ਿਲ੍ਹਿਆਂ ‘ਚ ਕੁੱਲ 187 ਬੱਚਿਆਂ ਨੂੰ ਬਚਾਇਆ ਹੈ, ਜਿਨ੍ਹਾਂ ਵਿੱਚੋਂ 18 ਬੱਚਿਆਂ ਨੂੰ ਕੋਈ ਵੀ ਸ਼ੈਲਟਰ ਹੋਮ ਨਾ ਹੋਣ ਕਾਰਨ ਸੂਬੇ ‘ਚ ਚੱਲ ਰਹੇ ਬਾਲ ਘਰਾਂ ‘ਚ ਭੇਜਿਆ ਗਿਆ ਹੈ।
ਇਨ੍ਹਾਂ ਬਾਲ ਘਰਾਂ ‘ਚ ਬੱਚਿਆਂ ਨੂੰ ਸਿੱਖਿਆ, ਭੋਜਨ, ਸਿਹਤ ਆਦਿ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਬਾਕੀ ਬੱਚਿਆਂ ਨੂੰ ਬਾਲ ਭਲਾਈ ਕਮੇਟੀ ਰਾਹੀਂ ਉਨ੍ਹਾਂ ਦੇ ਮਾਪਿਆਂ ਹਵਾਲੇ ਕਰ ਦਿੱਤਾ ਹੈ। ਇਨ੍ਹਾਂ ‘ਚੋਂ 15 ਬੱਚਿਆਂ ਨੂੰ ਸਪਾਂਸਰਸ਼ਿਪ ਸਕੀਮ ਦਾ ਲਾਭ ਮਿਲ ਰਿਹਾ ਹੈ, 80 ਬੱਚਿਆਂ ਨੂੰ ਸਕੂਲ ‘ਚ ਦਾਖ਼ਲ ਕਰਵਾਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ ਅਤੇ 3 ਬੱਚੇ ਆਂਗਣਵਾੜੀ ‘ਚ ਦਾਖ਼ਲ ਕਰਵਾਏ ਗਏ ਹਨ।
ਮੰਤਰੀ ਡਾ: ਬਲਜੀਤ ਕੌਰ ਨੇ ਦੱਸਿਆ ਕਿ ਜੁਵੇਨਾਈਲ ਜਸਟਿਸ ਕੇਅਰ ਐਂਡ ਪ੍ਰੋਟੈਕਸ਼ਨ ਆਫ ਚਿਲਡਰਨ ਐਕਟ 2015 ਤਹਿਤ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ 07 ਸਰਕਾਰੀ ਬਾਲ ਘਰ ਅਤੇ 39 ਗੈਰ-ਸਰਕਾਰੀ ਘਰ ਰਜਿਸਟਰ ਕੀਤੇ ਗਏ ਹਨ, ਜਿਨ੍ਹਾਂ ਵਿੱਚ ਅਨਾਥ, ਬੇਸਹਾਰਾ ਅਤੇ ਸਪੁਰਧ ਕੀਤੇ ਬੱਚਿਆਂ ਨੂੰ ਰੱਖਿਆ ਜਾਂਦਾ ਹੈ।
ਕੈਬਨਿਟ ਮੰਤਰੀ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਜੇਕਰ ਬੱਚਿਆਂ ਵੱਲੋਂ ਭੀਖ (Begging) ਮੰਗਣ ਸਬੰਧੀ ਕੋਈ ਵੀ ਮਾਮਲਾ ਉਨ੍ਹਾਂ ਦੇ ਧਿਆਨ ‘ਚ ਆਉਂਦਾ ਹੈ ਤਾਂ ਉਹ ਆਪਣੇ ਜ਼ਿਲ੍ਹੇ ਦੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਜਾਂ ਬਾਲ ਭਲਾਈ ਕਮੇਟੀ ਜਾਂ ਵਿਭਾਗ ਵੱਲੋਂ ਚਲਾਏ ਜਾ ਰਹੇ ਚਾਈਲਡ ਹੈਲਪਲਾਈਨ ਨੰਬਰ 1098 ‘ਤੇ ਸੂਚਨਾ ਦੇ ਸਕਦੇ ਹਨ |