ਪਟਿਆਲਾ, 11 ਜੁਲਾਈ 2023: ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਅਰਬਨ ਅਸਟੇਟ ਫੇਜ-1 ਅਤੇ ਚਿਨਾਰ ਬਾਗ (Chinar Bagh) ਦੇ ਅੰਦਰ ਜਾਕੇ ਇੱਥੇ ਆਏ ਪਾਣੀ ਕਰਕੇ ਪੈਦਾ ਹੋਏ ਹਾਲਾਤ ਨਾਲ ਜੂਝ ਰਹੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਨੇੜਿਓਂ ਜਾਇਜ਼ਾ ਲਿਆ। ਸਿਹਤ ਮੰਤਰੀ ਦੇ ਨਾਲ ਟ੍ਰੈਕਟਰ ਟਰਾਲੀ ਉਪਰ ਦੁੱਧ, ਪੀਣ ਵਾਲਾ ਪਾਣੀ, ਬਿਸਕੁਟ, ਬਰੈਡ ਤੇ ਹੋਰ ਸੁੱਕਾ ਰਾਸ਼ਨ ਆਦਿ ਲੈਕੇ ਗਏ ਵਲੰਟੀਅਰ, ਕਰਨਲ ਜੇ.ਵੀ ਸਿੰਘ ਤੇ ਬਲਵਿੰਦਰ ਸੈਣੀ ਵੀ ਮੌਜੂਦ ਵੀ ਮੌਜੂਦ ਸਨ। ਉਨ੍ਹਾਂ ਨੇ ਇਹ ਰਾਸ਼ਨ ਸਮੱਗਰੀ ਇੱਥੇ ਸੇਵਾ ਕਰ ਰਹੇ ਵਲੰਟੀਅਰਾਂ ਨੂੰ ਸੌਂਪੀ ਅਤੇ ਕਿਹਾ ਕਿ ਰਾਸ਼ਨ-ਪਾਣੀ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਅਰਬਨ ਅਸਟੇਟ ਵਿਖੇ ਡੂੰਘੇ ਪਾਣੀ ਦੇ ਵਿੱਚ ਉਤਰਦਿਆਂ ਡਾ. ਬਲਬੀਰ ਸਿੰਘ ਨੇ ਇੱਥੇ ਪਹਿਲਾਂ ਤੋਂ ਹੀ ਲੋਕਾਂ ਦੀ ਮਦਦ ਲਈ ਸੇਵਾ ਨਿਭਾ ਰਹੇ ਵੱਖ-ਵੱਖ ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਦੇ ਮੈਂਬਰਾਂ, ਖਾਸ ਕਰਕੇ ਨੌਜਵਾਨਾਂ ਸਮੇਤ ਭਾਰਤੀ ਫ਼ੌਜ, ਜ਼ਿਲ੍ਹਾ ਪ੍ਰਸ਼ਾਸਨ, ਬਲਤੇਜ ਪੰਨੂ ਅਤੇ ਖ਼ਾਲਸਾ ਏਡ ਦੇ ਵਲੰਟੀਅਰਾਂ ਦੀ ਹੌਂਸਲਾ ਅਫ਼ਜਾਈ ਵੀ ਕੀਤੀ।
ਸਿਹਤ ਮੰਤਰੀ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਲੋਕਾਂ ਦੀ ਇਸ ਸੰਕਟ ਦੀ ਘੜੀ ਵਿੱਚ ਹਰ ਪੱਖੋਂ ਮਦਦ ਕਰਨ ਲਈ ਵਚਨਬੱਧ ਹੈ। ਜਦੋਂਕਿ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਵੀ 24 ਘੰਟੇ ਪੂਰੀ ਮਿਹਨਤ ਨਾਲ ਲੋਕਾਂ ਨੂੰ ਰਾਹਤ ਪਹੁੰਚਾਉਣ ਸਮੇਤ ਪਾਣੀ ਦੀ ਨਿਕਾਸੀ ਲਈ ਯਤਨਸ਼ੀਲ ਹਨ।
ਸਿਹਤ ਮੰਤਰੀ ਨੇ ਅੱਗੇ ਦੱਸਿਆ ਕਿ ਲੋਕਾਂ ਨੂੰ 24 ਘੰਟੇ ਮੁਢਲੀ ਮੈਡੀਕਲ ਸਿਹਤ ਸੇਵਾ ਪ੍ਰਦਾਨ ਕਰਨ ਲਈ ਨਵੇਂ ਬੱਸ ਅੱਡੇ ਦੀ ਪਹਿਲੀ ਮੰਜ਼ਿਲ ਉਤੇ ਆਰਜੀ ਹਸਪਤਾਲ ਬਣਾ ਦਿੱਤਾ ਗਿਆ ਹੈ। ਇੱਥੇ ਐਂਬੂਲੈਂਸ, ਐਮਰਜੈਂਸੀ ਮੈਡੀਕਲ ਸੇਵਾ ਤੇ ਦਵਾਈਆਂ ਉਪਲਬੱਧ ਹਨ ਅਤੇ ਮਰੀਜ ਨੂੰ ਇੱਥੇ ਮੁਢਲੀ ਸਹਾਇਤਾ ਪ੍ਰਦਾਨ ਕਰਕੇ ਅੱਗੇ ਮਾਤਾ ਕੌਸ਼ੱਲਿਆ ਜਾਂ ਰਾਜਿੰਦਰਾ ਹਸਪਤਾਲ ਵਿਖੇ ਰੈਫ਼ਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸੇ ਨਾਗਰਿਕ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਕੁਦਰਤੀ ਆਫ਼ਤ ਦਾ ਸਾਹਮਣਾ ਮਿਲਕੇ ਕੀਤਾ ਜਾਵੇਗਾ।
ਡਾ. ਬਲਬੀਰ ਸਿੰਘ ਨੇ ਇਸ ਤੋਂ ਪਹਿਲਾਂ ਗੋਬਿੰਗ ਬਾਗ, ਫਰੈਂਡਜ ਇਨਕਲੇਵ, ਕੋਹਿਨੂਰ ਵੈਲੀ, ਦਾ ਦੌਰਾ ਕੀਤਾ ਅਤੇ ਕਿਹਾ ਕਿ ਇਹ ਰਾਹਤ ਦੀ ਗੱਲ ਹੈ ਕਿ ਹੁਣ ਪਾਣੀ ਘਟਣਾ ਸ਼ੁਰੂ ਹੋ ਗਿਆ ਹੈ, ਕਿਉਂਕਿ ਅੱਜ ਕੈਚਮੈਂਟ ਖੇਤਰ ਤੇ ਪਟਿਆਲਾ ਵਿੱਚ ਬਾਰਸ਼ ਨਹੀਂ ਹੋਈ। ਉਨ੍ਹਾਂ ਨੇ ਕਿਹਾ ਕਿ ਬਿਮਾਰਾਂ, ਬਜ਼ੁਰਗਾਂ, ਬੱਚਿਆਂ, ਔਰਤਾਂ ਤੇ ਲੋੜਵੰਦਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ, ਜਦਕਿ ਜੋ ਪਿੱਛੇ ਰਹਿ ਗਏ ਹਨ, ਉਨ੍ਹਾਂ ਨੂੰ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ।
ਇਸ ਮੌਕੇ ਸਿਹਤ ਮੰਤਰੀ ਨੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਭਾਰਤੀ ਫ਼ੌਜ ਦੇ ਕਰਨਲ ਏ.ਕੇ. ਸਿੰਘ, ਏ.ਡੀ.ਸੀ. ਸ਼ਹਿਰੀ ਵਿਕਾਸ ਗੁਰਪ੍ਰੀਤ ਸਿੰਘ ਥਿੰਦ ਸਮੇਤ ਐਸ.ਪੀ. ਸਿਟੀ ਮੁਹੰਮਦ ਸਰਫ਼ਰਾਜ ਆਲਮ ਤੇ ਡੀ.ਐਸ.ਪੀ. ਜਸਵਿੰਦਰ ਸਿੰਘ ਟਿਵਾਣਾ ਨਾਲ ਰਾਹਤ ਪ੍ਰਬੰਧਾਂ ਬਾਰੇ ਗੱਲਬਾਤ ਕਰਕੇ ਲੋੜੀਂਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ।
ਸਿਹਤ ਮੰਤਰੀ ਨੇ ਇਕ ਵਾਰ ਫਿਰ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ਨਾ ਫੈਲਾਉਣ ਅਤੇ ਨਾ ਹੀ ਅਫ਼ਵਾਹਾਂ ਉਪਰ ਯਕੀਨ ਅਤੇ ਮਦਦ ਲਈ 0175-2350550 ‘ਤੇ ਜਾਂ ਆਪਣੇ ਵਿਧਾਇਕਾਂ ਨਾਲ ਵੀ ਸੰਪਰਕ ਕਰ ਸਕਦੇ ਹਨ, ਕਿਉਂਕਿ ਜ਼ਿਲ੍ਹੇ ਦੇ ਸਮੁੱਚੇ ਵਿਧਾਇਕ ਅਤੇ ਸਮੁੱਚਾ ਜ਼ਿਲ੍ਹਾ ਪ੍ਰਸ਼ਾਸਨ, ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ‘ਤੇ ਇਸ ਵੇਲੇ ਸੰਕਟ ਦੀ ਸਥਿਤੀ ਵਿੱਚ ਲੋਕਾਂ ਦੇ ਨਾਲ ਖੜ੍ਹਾ ਹੈ।