Rajindra hospital

ਡਾ. ਬਲਬੀਰ ਸਿੰਘ ਨੇ ਰਾਜਿੰਦਰਾ ਹਸਪਤਾਲ ‘ਚ ਐਮਰਜੈਂਸੀ ਦੇ ਨਵੀਨੀਕਰਨ ਦਾ ਉਦਘਾਟਨ ਕਰਨ ਲਈ ਮੁੱਖ ਮੰਤਰੀ ਦਾ ਕੀਤਾ ਧੰਨਵਾਦ

ਪਟਿਆਲਾ, 29 ਅਪ੍ਰੈਲ 2023: ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਐਮਰਜੈਂਸੀ ‘ਚ ਮਰੀਜਾਂ ਨੂੰ ਵਿਸ਼ਵ ਪੱਧਰੀ ਮਿਆਰੀ ਮੈਡੀਕਲ ਸਹੂਲਤਾਂ ਪ੍ਰਦਾਨ ਕਰਨ ਲਈ ਐਮਰਜੈਂਸੀ ਦੇ ਨਵੀਨੀਕਰਨ ਉਪਰੰਤ ਇਸਨੂੰ ਆਮ ਲੋਕਾਂ ਦੇ ਸਮਰਪਿਤ ਕਰਨ ਨੂੰ ਇੱਕ ਇਤਿਹਾਸਕ ਕਦਮ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਨਵੀਨੀਕਰਨ ਨਾਲ ਰਾਜਿੰਦਰਾ ਹਸਪਤਾਲ ਦੀ ਐਮਰਜੈਂਸੀ ਉਤਰੀ ਭਾਰਤ ਦੀ ਵੱਡੀ ਐਮਰਜੈਸੀ ਬਣ ਗਈ ਹੈ।

ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਇਸ ਵਕਾਰੀ ਹਸਪਤਾਲ ਦੀ ਐਮਰਜੈਂਸੀ ਦਾ ਨਵੀਨੀਕਰਨ ਤੇ ਅਪਗ੍ਰੇਡ ਕਰਨਾ ਸੂਬੇ ਦੇ ਸਰਕਾਰੀ ਹਸਪਤਾਲਾਂ ‘ਚ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਇੱਕ ਮੀਲ ਪੱਥਰ ਸਾਬਤ ਹੋਵੇਗਾ। ਇਸੇ ਦੌਰਾਨ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਅਤੇ ਹਰਮੀਤ ਸਿੰਘ ਪਠਾਣਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਰਜਿੰਦਰਾ ਹਸਪਤਾਲ ਦੀ ਐਮਰਜੈਂਸੀ ਦਾ ਕਾਇਆਂ ਕਲਪ ਕਰਵਾ ਕੇ ਸੂਬਾ ਨਿਵਾਸੀਆਂ ਨੂੰ ਇੱਕ ਵੱਡਾ ਤੋਹਫ਼ਾ ਦਿੱਤਾ ਹੈ। ਵਿਧਾਇਕ ਕੋਹਲੀ ਤੇ ਪਠਾਣਮਾਜਰਾ ਨੇ ਕਿਹਾ ਕਿ ਸਿਹਤ ਤੇ ਸਿੱਖਿਆ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਮੁੱਖ ਤਰਜੀਹਾਂ ‘ਚ ਸ਼ਾਮਲ ਹੈ, ਇਸੇ ਲਈ ਰਜਿੰਦਰਾ ਹਸਪਤਾਲ ‘ਚ ਲਗਾਤਾਰ ਵੱਡੇ ਸੁਧਾਰ ਹੋ ਰਹੇ ਹਨ।

ਜਦੋਂਕਿ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਐਮਰਜੈਂਸੀ ਨੂੰ ਸਭ ਤੋਂ ਬਿਹਤਰ ਐਮਰਜੈਂਸੀ ਬਣਾਉਣ ਲਈ ਡਾ. ਸੁਧੀਰ ਵਰਮਾ ਦੀ ਅਗਵਾਈ ਹੇਠ ਗਠਿਤ 9 ਮੈਂਬਰੀ ਉੱਚ ਪੱਧਰੀ ਕਮੇਟੀ ਦੀ ਨਿਗਰਾਨੀ ਹੇਠ ਐਮਰਜੈਂਸੀ ਦੇ ਨਵੀਨੀਕਰਨ ਦਾ ਕੰਮ ਬਹੁਤ ਤੇਜੀ ਨਾਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਹਿਲਾਂ ਵੈਂਟੀਲੇਟਰ ਵਾਲੇ ਬੈਡ ਘੱਟ ਹੋਣ ਕਾਰਨ ਮਰੀਜ ਪੀ.ਜੀ.ਆਈ. ਭੇਜਣੇ ਪੈਂਦੇ ਸਨ ਪਰੰਤੂ ਹੁਣ ਇੱਥੇ 17 ਆਈ.ਸੀ.ਯੂ. ਬੈਡ ਲੱਗਣ ਨਾਲ ਇਹ 100 ਬਿਸਤਰਿਆਂ ਵਾਲੀ ਨਵੀਂ ਐਮਰਜੈਂਸੀ ਬਣ ਗਈ ਹੈ। ਹੁਣ ਇਸਨੂੰ 4 ਮਾਡਰਨ ਉਪਰੇਸ਼ਨ ਥਇਏਟਰਾਂ ਨੂੰ ਵੀ ਜੋੜ ਦਿੱਤਾ ਗਿਆ ਹੈ।

ਡਾ. ਬਲਬੀਰ ਸਿੰਘ ਨੇ ਇਸ ਮੌਕੇ ਪਟਿਆਲਾ ਹੈਲਥ ਫਾਊਂਡੇਸ਼ਨ ਯੂ.ਐਸ.ਏ. ਵੱਲੋਂ ਐਮਰਜੈਂਸੀ ਦੇ ਸਾਹਮਣੇ ਮਰੀਜਾਂ ਦੇ ਵਾਰਸਾਂ ਲਈ ਜਲ ਸੇਵਾ ਦੀ ਸ਼ੁਰੂਆਤ ਵੀ ਕਰਵਾਈ। ਉਨ੍ਹਾਂ ਕਿਹਾ ਕਿ ਮਰੀਜਾਂ ਦੇ ਵਾਰਸਾਂ ਦੇ ਬੈਠਣ ਲਈ ਵੀ ਜਗ੍ਹਾ ਬਣਾ ਦਿੱਤੀ ਗਈ ਹੈ ਤੇ ਮਰੀਜ ਨੂੰ ਆਉਂਦੇ ਸਾਰ ਚੈਕ ਕਰਕੇ ਕਿਸ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕਰਨੀ ਹੈ, ਦਾ ਫੈਸਲਾ ਤੱਟਫੱਟ ਕਰ ਦਿੱਤਾ ਜਾਵੇਗਾ।

ਇਸ ਮੌਕੇ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਅਤੇ ਹਰਮੀਤ ਸਿੰਘ ਪਠਾਣਮਾਜਰਾ, ਮੈਡੀਕਲ ਸਿੱਖਿਆ ਦੇ ਵਧੀਕ ਸਕੱਤਰ ਰਾਹੁਲ ਗੁਪਤਾ, ਸਦਭਾਵਨਾ ਹਸਪਤਾਲ ਦੇ ਡਾ. ਸੁਧੀਰ ਵਰਮਾ, ਜਿਨ੍ਹਾਂ ਨੂੰ ਮੁੱਖ ਮੰਤਰੀ ਵੱਲੋਂ ਬਿਹਤਰ ਸੇਵਾਵਾਂ ਲਈ ਐਵਾਰਡ ਵੀ ਦਿੱਤਾ ਗਿਆ ਸਮੇਤ ਡਾਇਰੈਕਟਰ ਮੈਡੀਕਲ ਸਿੱਖਿਆ ਤੇ ਖੋਜ ਡਾ. ਅਵਨੀਸ਼ ਕੁਮਾਰ, ਡਾਇਰੈਕਟਰ ਪ੍ਰਿੰਸੀਪਲ ਮੈਡੀਕਲ ਕਾਲਜ ਡਾ. ਰਾਜਨ ਸਿੰਗਲਾ, ਮੈਡੀਕਲ ਸੁਪਰਡੈਂਟ ਡਾ. ਐਚ.ਐਸ. ਰੇਖੀ, ਵਾਈਸ ਪ੍ਰਿੰਸੀਪਲ ਡਾ. ਆਰ.ਪੀ.ਐਸ. ਸਿਬੀਆ, ਕਰਨਲ ਜੇ.ਵੀ. ਸਿੰਘ, ਡਾ. ਜਤਿੰਦਰ ਕਾਂਸਲ, ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ, ਬਲਵਿੰਦਰ ਸੈਣੀ, ਪਟਿਆਲਾ ਹੈਲਥ ਫਾਊਂਡੇਸ਼ਨ ਤੋਂ ਡਾ. ਬੀ.ਐਸ. ਸੋਹਲ, ਜਗਤਾਰ ਸਿੰਘ ਜੱਗੀ ਜਨ ਹਿਤ ਸੰਮਤੀ ਤੋਂ ਵਿਨੋਦ ਸ਼ਰਮਾ, ਡਾ. ਅਮਨਦੀਪ ਸਿੰਘ ਬਖ਼ਸ਼ੀ, ਡਾ. ਰਾਜਾ ਪਰਮਜੀਤ ਸਿੰਘ ਵੀ ਮੌਜੂਦ ਸਨ।

 

Scroll to Top