ਪਟਿਆਲਾ, 06 ਅਪ੍ਰੈਲ 2023: ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਤੇ ਖੋਜ ਅਤੇ ਚੋਣਾਂ ਬਾਰੇ ਵਿਭਾਗਾਂ ਦੇ ਮੰਤਰੀ ਡਾ. ਬਲਬੀਰ ਸਿੰਘ (Dr. Balbir Singh) ਨੇ ਅੱਜ ਵਾਤਾਵਰਣ ਪਾਰਕ ਤੋਂ ਪਟਿਆਲਾ ਸ਼ਹਿਰ ‘ਚ ‘ਸੀ.ਐਮ. ਦੀ ਯੋਗਸ਼ਾਲਾ’ ਦੀ ਸ਼ੁਰੂਆਤ ਕੀਤੀ। ਵਾਤਾਵਰਣ ਪਾਰਕ ਦੇ ਸੰਸਥਾਪਕ ਪ੍ਰਧਾਨ ਰਹੇ ਡਾ. ਬਲਬੀਰ ਸਿੰਘ ਨੇ ਕਿਹਾ ਕਿ ‘ਸੀ.ਐਮ. ਦੀ ਯੋਗਸ਼ਾਲਾ’ ਸ਼ੁਰੂ ਕਰਨ ਦਾ ਮਕਸਦ ਸੂਬਾ ਵਾਸੀਆਂ ਨੂੰ ਸਰੀਰਕ ਤੇ ਮਾਨਸਿਕ ਤੌਰ ‘ਤੇ ਤੰਦਰੁਸਤ ਰੱਖਣਾ ਹੈ।
ਡਾ. ਬਲਬੀਰ ਸਿੰਘ (Dr. Balbir Singh) ਨੇ ਕਿਹਾ ਕਿ ਵਾਤਾਵਰਣ ਪਾਰਕ ਦਾ ਇਹ ਮੈਦਾਨ ਯੋਗ ਕਰਨ ਲਈ ਉੱਤਮ ਜਗ੍ਹਾ ਹੈ, ਜਿਥੇ ਤਾਜ਼ੀ ਹਵਾ ਦੇ ਨਾਲ ਨਾਲ ਸ਼ਾਂਤ ਮਾਹੌਲ ਵੀ ਮਿਲਦਾ ਹੈ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਯੋਗ ਨੂੰ ਹੁਣ ਪੱਛਮੀ ਦੇਸ਼ਾਂ ਨੇ ਵੀ ਅਪਣਾਇਆ ਹੈ ਕਿਉਂਕਿ ਇਹ ਇਕ ਸਾਇੰਸ ਹੈ ਜੋ ਸਰੀਰ ਦੇ ਨਾਲ ਨਾਲ ਮਨ ਨੂੰ ਵੀ ਤੰਦਰੁਸਤ ਬਣਾਉਂਦੀ ਹੈ।
ਉਨ੍ਹਾਂ ਪਟਿਆਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਮੁਫ਼ਤ ਵਿੱਚ ਯੋਗ ਸਿਖਲਾਈ ਲੈਣ ਲਈ ਸ਼ਹਿਰ ਵਾਸੀ ਟੋਲ ਫਰੀ ਨੰਬਰ 76694-00500 ਜਾਂ https://cmdiyogshala.punjab.gov.in ਉਤੇ ਲਾਗਇਨ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਸਿੱਖਿਅਤ ਯੋਗ ਇੰਸਟ੍ਰਕਟਰ ਖੁੱਲ੍ਹੇ ਪਾਰਕਾਂ ਤੇ ਹੋਰ ਜਨਤਕ ਥਾਵਾਂ ਉਤੇ ਲੋਕਾਂ ਨੂੰ ਮੁਫ਼ਤ ਵਿੱਚ ਯੋਗ ਸਿਖਲਾਈ ਦੇਣਗੇ।
ਇਸ ਮੌਕੇ ਵਾਤਾਵਰਣ ਪਾਰਕ ਦੀ ਸਾਂਭ ਸੰਭਾਲ ਕਰਨ ਵਾਲੀ ਸਮੁੱਚੀ ਟੀਮ ਨੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਪਾਰਕ ਦੇ ਸੁੰਦਰੀਕਰਨ ਲਈ ਦਿੱਤੇ 10 ਲੱਖ ਰੁਪਏ ਲਈ ਉਨ੍ਹਾਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ‘ਸੀ.ਐਮ. ਦੀ ਯੋਗਸ਼ਾਲਾ’ ‘ਚ ਸ਼ਾਮਲ ਹੋਏ ਵੱਡੀ ਗਿਣਤੀ ਪਟਿਆਲਾ ਵਾਸੀਆਂ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੋਕਾਂ ਦੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਜੋ ਮੁਫ਼ਤ ਯੋਗ ਸਿਖਲਾਈ ਸ਼ੁਰੂ ਕੀਤੀ ਗਈ ਹੈ, ਇਹ ਹਰੇਕ ਉਮਰ ਵਰਗ ਦੇ ਵਿਅਕਤੀ ਨੂੰ ਤੰਦਰੁਸਤ ਰੱਖਣ ‘ਚ ਸਹਾਈ ਹੋਵੇਗੀ।
ਇਸ ਮੌਕੇ ਵਾਤਾਵਰਨ ਪਾਰਕ ਦੇ ਪ੍ਰਧਾਨ ਜਸਪਾਲ ਸਿੰਘ ਢਿੱਲੋਂ, ਜਨਰਲ ਸਕੱਤਰ ਅਮਰਜੀਤ ਸਿੰਘ ਚੌਹਾਨ, ਪੈਟਰਨ ਐਡਵੋਕੇਟ ਬਲਬੀਰ ਸਿੰਘ ਬਲਿੰਗ, ਗੁਰਦੀਪ ਸਿੰਘ, ਵਾਈਸ ਪ੍ਰਧਾਨ ਰਣਧੀਰ ਸਿੰਘ ਨਲੀਨਾ, ਵਿੱਤ ਸਕੱਤਰ ਵਿਨੋਦ ਅਗਰਵਾਲ, ਐਸ.ਐਸ ਸੰਧੂ, ਐਸ.ਪੀ. (ਸੇਵਾਮੁਕਤ) ਸੁਖਦੇਵ ਸਿੰਘ ਵਿਰਕ, ਡੀ.ਐਸ.ਪੀ. ਜਸਵਿੰਦਰ ਸਿੰਘ ਟਿਵਾਣਾ, ਜਸਬੀਰ ਸਿੰਘ ਗਾਂਧੀ, ਡਾਕਟਰ ਅਨਿਲ ਗਰਗ, ਦਲੀਪ ਕੁਮਾਰ, ਗੱਜਣ ਸਿੰਘ, ਐਮ.ਐਸ ਕਾਜਲ, ਸੁਖਜਿੰਦਰ ਸਿੰਘ, ਪ੍ਰਕਾਸ਼ ਸਿੰਘ, ਦਿਲਬਾਗ ਸਿੰਘ,ਡਾ. ਮਾਨਿਸ਼ਾ ਸਿੰਗਲਾ, ਡਾ ਵਨੀਤਾ ਸੂਦ, ਡਾ. ਸੀਖਾ, ਡਾ ਰਜਨੀਸ਼, ਡਾ ਸਿਮਰਜੀਤ ਕੌਰ, ਡਾ ਸ਼ਲਿੰਦਰ ਵਰਮਾ, ਹਰੀ ਚੰਦ ਬਾਂਸਲ, ਚਰਨਜੀਤ ਸਿੰਘ, ਬਲਵਿੰਦਰ ਸੈਣੀ, ਮੋਹਿਤ ਕੁਮਾਰ, ਲਾਲ ਸਿੰਘ, ਵਿਕਰਾਂਤ, ਸੁਰਜੀਤ ਸਿੰਘ ਅਤੇ ਦੀਪਕ ਮਿੱਤਲ ਸਮੇਤ ਵੱਡੀ ਗਿਣਤੀ ਪਤਵੰਤੇ ਮੌਜੂਦ ਸਨ।