ਚੰਡੀਗੜ੍ਹ, 20 ਫਰਵਰੀ 2026: ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਬੀਤੇ ਦਿਨ ਪੰਜਾਬ ਭਰ ‘ਚ ਮਾਨਸਿਕ ਸਿਹਤ ਅਤੇ ਨਸ਼ਾ ਛੁਡਾਊ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਲੀਡਰਸ਼ਿਪ ਇਨ ਮੈਂਟਲ ਹੈਲਥ ਪ੍ਰੋਗਰਾਮ (LMHP) ਫੈਲੋਜ਼ ਦੇ ਬੈਚ ਨਾਲ ਮੁਲਾਕਾਤ ਕੀਤੀ |
ਕਿਸਾਨ ਭਵਨ ਵਿਖੇ ਡਾ. ਬਲਬੀਰ ਸਿੰਘ ਨੇ ਐਲ.ਐਮ.ਐਚ.ਪੀ. ਫੈਲੋਜ਼ ਨੂੰ ਨਸ਼ਿਆਂ ਵਿਰੁੱਧ ਪੰਜਾਬ ਦੀ ਫੈਸਲਾਕੁੰਨ ਜੰਗ ‘ਚ ‘ ਲਾਈਟਹਾਊਸ’ ਦੱਸਿਆ ਹੈ। ਇੱਕ ਉਦਾਹਰਣ ਦਿੰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਨਸ਼ੇ ਨਾਲ ਜੂਝ ਰਿਹਾ ਵਿਅਕਤੀ ‘‘ਸਮੁੰਦਰ ‘ਚ ਤੂਫਾਨ ਦੀ ਲਪੇਟ ‘ਚ ਆਏ ਜਹਾਜ਼ ਵਰਗਾ ਹੁੰਦਾ ਹੈ, ਜੋ ਕਿ ਅਸ਼ਾਂਤ ਅਤੇ ਦਿਸ਼ਾਹੀਣ ਹੁੰਦਾ ਹੈ।’’ਜਿਸ ਤਰ੍ਹਾਂ ਇੱਕ ਲਾਈਟਹਾਊਸ ਜਹਾਜ਼ਾਂ ਨੂੰ ਸੁਰੱਖਿਅਤ ਢੰਗ ਨਾਲ ਕਿਨਾਰੇ ’ਤੇ ਪਹੁੰਚਾ ਦਿੰਦਾ ਹੈ, ਉਸੇ ਤਰ੍ਹਾਂ ਐਲਐਮਐਚਪੀ ਫੈਲੋਜ਼ ਵੀ ਨਸ਼ਾ ਪੀੜਤਾਂ ਅਤੇ ਪਰਿਵਾਰਾਂ ਨੂੰ ਮੁੱਖ ਧਾਰਾ ਅਤੇ ਸਥਿਰਤਾ ਵੱਲ ਲੈ ਜਾਣਗੇ।
ਸਿਹਤ ਮੰਤਰੀ ਨੇ ਕਿਹਾ ਕਿ ਫੈਲੋਜ਼ ਨੂੰ ਸੌਂਪੀ ਜ਼ਿੰਮੇਵਾਰੀ ਅਹਿਮ ਅਤੇ ਪਰਿਵਰਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਇਹ ਯਾਤਰਾ ਧੀਰਜ ਅਤੇ ਹਮਦਰਦੀ ਦੀ ਮੰਗ ਕਰਦੀ ਹੈ, ਲੋਕਾਂ ਨੂੰ ਨਸ਼ਿਆਂ ਦੀ ਗ੍ਰਿਫਤ ਤੋਂ ਬਾਹਰ ਕੱਢਣਾ ਕਿਸੇ ਇਨਾਮ ਤੋਂ ਘੱਟ ਨਹੀਂ । ਉਨ੍ਹਾਂ ਨੇ ਕਿਹਾ ਕਿ ਫੈਲੋਜ਼ ਨੂੰ ਜਨਤਕ ਸਿਹਤ ਢਾਂਚੇ ‘ਚ ਸ਼ਾਮਲ ਕੀਤਾ ਜਾ ਰਿਹਾ ਹੈ ਤਾਂ ਜੋ ਪ੍ਰਣਾਲੀਆਂ ਨੂੰ ਮਜ਼ਬੂਤ ਕੀਤਾ ਜਾ ਸਕੇ, ਪ੍ਰਕਿਰਿਆਵਾਂ ਨੂੰ ਮਿਆਰੀ , ਨਿਗਰਾਨ ਵਿਧੀਆਂ ‘ਚ ਵਾਧਾ ਅਤੇ ਜ਼ਿਲ੍ਹਿਆਂ ‘ਚ ਸੰਸਥਾਗਤ ਸਮਰੱਥਾ ਬਣਾਈ ਜਾ ਸਕੇ।
ਮਾਨਸਿਕ ਸਿਹਤ ਪ੍ਰੋਗਰਾਮ ‘ਚ ਲੀਡਰਸ਼ਿਪ ਨੂੰ ਇੱਕ ਮੋਹਰੀ ਪਹਿਲਕਦਮੀ ਦੱਸਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਹ ਭਾਰਤ ਦੀ ਪਹਿਲੀ ਫੈਲੋਸ਼ਿਪ ਹੈ ,ਜੋ ਵਿਸ਼ੇਸ਼ ਤੌਰ ’ਤੇ ਪ੍ਰਣਾਲੀਗਤ ਮਾਨਸਿਕ ਸਿਹਤ ਮਜ਼ਬੂਤੀ ਰਾਹੀਂ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਰੋਕਣ ’ਤੇ ਸਮਰਪਿਤ ਹੈ। ਟਾਟਾ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਿਜ਼ ਦੇ ਸਹਿਯੋਗ ਨਾਲ ਤਿਆਰ ਕੀਤਾ ਇਹ ਪ੍ਰੋਗਰਾਮ, ਨਸ਼ਾ ਛੁਡਾਊ ਕੇਂਦਰਾਂ, ਓਓਏਟੀ ਕੇਂਦਰਾਂ ਅਤੇ ਜ਼ਿਲ੍ਹਾ ਪ੍ਰਸ਼ਾਸਨਾਂ ਨੂੰ ਨਿਗਰਾਨੀ ਕਰਨ, ਸਮਰੱਥਾ ਨਿਰਮਾਣ ਅਤੇ ਪੂਰਨ ਤਾਲਮੇਲ ‘ਚ ਸਹਾਇਤਾ ਪ੍ਰਦਾਨ ਕਰਨ ਲਈ ਜ਼ਿਲ੍ਹਿਆਂ ‘ਚ ਸਿਖਲਾਈ ਪ੍ਰਾਪਤ ਮਾਨਸਿਕ ਸਿਹਤ ਪੇਸ਼ੇਵਰਾਂ ਨੂੰ ਤਾਇਨਾਤ ਕਰਦਾ ਹੈ।
ਉਨ੍ਹਾਂ ਨੇ ਦੱਸਿਆ ਕਿ ਫੈਲੋਜ਼ ਵੱਲੋਂ ਨੌਜਵਾਨਾਂ ‘ਚ ਨਸ਼ਿਆਂ ਦੀ ਵਰਤੋਂ ਨੂੰ ਸ਼ੁਰੂ ‘ਚ ਹੀ ਰੋਕਣ ਲਈ ਸਕੂਲਾਂ, ਕਾਲਜਾਂ ਅਤੇ ਜਨਤਕ ਥਾਵਾਂ ਨਾਲ ਵੀ ਸਰਗਰਮੀ ਨਾਲ ਸੰਪਰਕ ਕੀਤਾ ਜਾਵੇਗਾ। ਇਸ ਤਰ੍ਹਾਂ ਰੋਕਥਾਮ, ਇਲਾਜ ਅਤੇ ਮੁੜਵਸੇਬੇ ਨੂੰ ਇੱਕ ਵਿਆਪਕ ਜਨਤਕ ਸਿਹਤ ਢਾਂਚੇ ਨਾਲ ਜੋੜਿਆ ਜਾਵੇਗਾ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਨਸ਼ਾਖੋਰੀ ਸਿਰਫ਼ ਪੰਜਾਬ ਪੱਧਰ ਦਾ ਮੁੱਦਾ ਨਹੀਂ ਸਗੋਂ ਇੱਕ ਰਾਸ਼ਟਰੀ ਪੱਧਰ ਦੀ ਸਿਹਤ ਚੁਣੌਤੀ ਹੈ ਜਿਸ ਦਾ ਟਾਕਰਾ ਕਰਨ ਲਈ ਨਿਰੰਤਰ ਅਤੇ ਢਾਂਚਾਗਤ ਦਖਲਅੰਦਾਜ਼ੀ ਦੀ ਲੋੜ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਐਲਐਮਐਚਪੀ ਮਾਡਲ ‘ਚ ਦੇਸ਼ ਭਰ ਦੇ ਹੋਰਨਾਂ ਸੂਬਿਆਂ ਲਈ ਇੱਕ ਠੋਸ ਢਾਂਚੇ ਵਜੋਂ ਉਭਰਨ ਦੀ ਸਮਰੱਥਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਨੇ ਸਿਹਤ, ਸਿੱਖਿਆ ਅਤੇ ਸਾਫ਼ ਪੀਣ ਵਾਲੇ ਪਾਣੀ ਤੱਕ ਪਹੁੰਚ ਨੂੰ ਮਨੁੱਖੀ ਵਿਕਾਸ ਦੇ ਮੁੱਖ ਮਾਪਦੰਡਾਂ ਵਜੋਂ ਤਰਜੀਹ ਦਿੱਤੀ ਹੈ। ਸਿਹਤ ਮੰਤਰੀ ਨੇ ਫੈਲੋਜ਼ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਮੀਦ ਪ੍ਰਗਟਾਈ ਕਿ ਉਹ ਪੇਸ਼ੇਵਰ ਅਤੇ ਨੈਤਿਕ ਉੱਤਮਤਾ ਦੇ ਮਿਆਰਾਂ ਨੂੰ ਕਾਇਮ ਰੱਖਣਗੇ |
Read More: ਚੰਡੀਗੜ੍ਹ ‘ਚ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਸਾਵਧਾਨ, ਹੁਣ ਕੱਟੇ ਜਾਣਗੇ ਮੈਨੂਅਲ ਚਲਾਨ




