Site icon TheUnmute.com

ਡਾ. ਬਲਬੀਰ ਸਿੰਘ ਨੇ ਪੰਜਾਬ ਦੇ 8 ਸਰਕਾਰੀ ਹਸਪਤਾਲਾਂ ‘ਚ ਡਾਇਲਸਿਸ ਕੇਂਦਰਾਂ ਦਾ ਕੀਤਾ ਉਦਘਾਟਨ

Dialysis Centres

ਪਟਿਆਲਾ, 25 ਸਤੰਬਰ 2024: ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਪੰਜਾਬ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ ‘ਚ 8 ਅਤਿ-ਆਧੁਨਿਕ ਡਾਇਲਸਿਸ ਕੇਂਦਰਾਂ (Dialysis Centres) ਦਾ ਉਦਘਾਟਨ ਕੀਤਾ ਹੈ | ਇਹ ਕੇਂਦਰ ਹੰਸ ਫਾਊਂਡੇਸ਼ਨ ਦੇਹਰਾਦੂਨ ਦੇ ਸਹਿਯੋਗ ਨਾਲ ਸਥਾਪਿਤ ਕੀਤੇ ਹਨ | ਇਸ ਮੌਕੇ ਡਾ. ਬਲਬੀਰ ਸਿੰਘ ਨੇ ਕਿਹਾ ਕਿ ਗੁਰਦਿਆਂ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਸਿਹਤ ਸੰਸਥਾਵਾਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ‘ਚ ਪੰਜਾਬ ਸਰਕਾਰ ਦਾ ਅਹਿਮ ਕਦਮ ਹੈ |

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਪਟਿਆਲਾ ਵਿਖੇ ਮਾਤਾ ਕੌਸ਼ੱਲਿਆ ਸਰਕਾਰੀ ਹਸਪਤਾਲ ਇਸ ਸੁਵਿਧਾ ਦਾ ਉਦਘਾਟਨ ਕੀਤਾ ਹੈ, ਜਦਕਿ ਇਸ ਦੇ ਨਾਲ ਹੀ 7 ਹੋਰ ਸ਼ਹਿਰਾਂ ਜਿਵੇਂ ਕਿ ਅੰਮ੍ਰਿਤਸਰ, ਗੋਨਿਆਣਾ, ਫਾਜ਼ਿਲਕਾ, ਫਰੀਦਕੋਟ, ਮਲੇਰਕੋਟਲਾ, ਮੋਗਾ ਅਤੇ ਜਲੰਧਰ ‘ਚ ਕੇਂਦਰਾਂ ਦਾ ਉਦਘਾਟਨ ਵੀਡੀਓ ਕਾਨਫਰੰਸ ਰਾਹੀਂ ਕੀਤਾ ਹੈ |

ਜਿਕਰਯੋਗ ਹੈ ਕਿ 27 ਫਰਵਰੀ, 2024 ਨੂੰ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਹਾਜ਼ਰੀ ‘ਚ ਡਾਇਲਸਿਸ ਪ੍ਰੋਗਰਾਮ ਦੇ ਨੋਡਲ ਅਫ਼ਸਰ ਡਾ. ਰੁਪਿੰਦਰ ਸਿੰਘ ਗਿੱਲ ਅਤੇ ਹੰਸ ਫਾਊਂਡੇਸ਼ਨ ਗਰੁੱਪ ਦੀ ਸੀਨੀਅਰ ਮੈਨੇਜਰ ਸੀਮਾ ਸਿੰਘ ਦਰਮਿਆਨ ਸਮਝੌਤਾ ਸਹੀਬੱਧ ਕੀਤਾ ਸੀ।

ਇਸ ਸਮਝੌਤੇ ਤਹਿਤ ਫਾਊਂਡੇਸ਼ਨ ਦੁਆਰਾ ਵਿਭਾਗ ਨੂੰ ਸਿਖਲਾਈ ਪ੍ਰਾਪਤ ਮੈਡੀਕਲ ਅਫ਼ਸਰ ਅਤੇ ਹੋਰ ਸਟਾਫ਼, ਦਵਾਈਆਂ/ਖਾਣਯੋਗ ਸਮੱਗਰੀ, ਡਾਇਲਸਿਸ ਮਸ਼ੀਨਾਂ ਅਤੇ ਆਰ.ਓ. ਪਲਾਂਟ ਉਪਲਬੱਧ ਕਰਵਾਏ ਜਾਣਗੇ ਅਤੇ ਇਨ੍ਹਾਂ ਕੇਂਦਰਾਂ (Dialysis Centres) ਦੇ ਕੰਮਕਾਜ ਦੀ ਨਿਗਰਾਨੀ ਕੀਤੀ ਜਾਵੇਗੀ।

ਇਸ ਮੌਕੇ ਡਾ: ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੰਸ ਫਾਊਂਡੇਸ਼ਨ ਨਾਲ ਇਸ ਮਹੱਤਵਪੂਰਨ ਸਾਂਝੇਦਾਰੀ (Dialysis Centres) ਦਾ ਉਦੇਸ਼ ਪੰਜਾਬ ਭਰ ‘ਚ ਮੁਫ਼ਤ ਡਾਇਲਸਿਸ ਸੁਵਿਧਾਵਾਂ ਮੁਹੱਈਆ ਕਰਵਾਉਣਾ ਅਤੇ ਗੁਰਦਿਆਂ ਦੀ ਬਿਮਾਰੀ ਨਾਲ ਸਬੰਧਤ ਮਿਆਰੀ ਦੇਖਭਾਲ ਸੇਵਾਵਾਂ ਤੱਕ ਮਰੀਜ਼ਾਂ ਦੀ ਆਸਾਨ ਪਹੁੰਚ ਨੂੰ ਯਕੀਨੀ ਬਣਾਉਣਾ ਹੈ।

ਸਿਹਤ ਮੰਤਰੀ ਨੇ ਕਿਹਾ ਕਿ ਏ.ਬੀ.ਐਚ.ਏ. ਆਈ.ਡੀ. ਦੀ ਵਰਤੋਂ ਕਰਕੇ ਕੋਈ ਵੀ ਮਰੀਜ਼ ਪੰਜਾਬ ਭਰ ‘ਚ ਕਿਸੇ ਵੀ ਕੇਂਦਰ ‘ਚ ਮੁਫ਼ਤ ਡਾਇਲਸਿਸ ਸੇਵਾ ਲੈ ਸਕਦਾ ਹੈ। ਇਸਦੇ ਨਾਲ ਹੀ ਮੁਫਤ ਡਾਇਲਸਿਸ ਤੋਂ ਇਲਾਵਾ, ਸਾਰੀਆਂ ਜ਼ਰੂਰੀ ਦਵਾਈਆਂ ਵੀ ਮੁਫ਼ਤ ਮਿਲਣਗੀਆਂ । ਉਨ੍ਹਾਂ ਅੱਗੇ ਕਿਹਾ ਕਿ ਇਸ ਪ੍ਰੋਗਰਾਮ ਤਹਿਤ ਗੁਰਦਿਆਂ ਦੇ ਰੋਗਾਂ ਤੋਂ ਪੀੜਤ ਮਰੀਜ਼ਾਂ ਨੂੰ ਦਰਪੇਸ਼ ਡਾਕਟਰੀ ਅਤੇ ਵਿੱਤੀ ਚੁਣੌਤੀਆਂ ਨੂੰ ਦੂਰ ਕਰਨ ਲਈ ਪੂਰਨ ਸਹਾਇਤਾ ਦਿੱਤੀ ਜਾਂਦੀ ਹੈ।

ਡਾ. ਬਲਬੀਰ ਸਿੰਘ ਨੇ ਕਿਹਾ ਕਿ “ਇਸ ਸਮੇਂ 8 ਸਰਕਾਰੀ ਸਿਹਤ ਸੰਸਥਾਵਾਂ ‘ਚ ਡਾਇਲਸਿਸ ਸੈਂਟਰ (Dialysis Centres) ਸਥਾਪਿਤ ਕੀਤੇ ਗਏ ਹਨ, ਜਿਨ੍ਹਾਂ ਦਾ ਹਜ਼ਾਰਾਂ ਲੋੜਵੰਦ ਮਰੀਜ਼ ਲਾਭ ਲੈ ਸਕਣਗੇ, ਜਦਕਿ ਭਵਿੱਖ ‘ਚ ਇਸ ਪ੍ਰੋਗਰਾਮ ਨੂੰ ਪੰਜਾਬ ਦੀਆਂ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਤੱਕ ਵਧਾਉਣ ਦੀ ਯੋਜਨਾ ਹੈ, ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਆਸਾਨ ਅਤੇ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ।”

ਸਿਹਤ ਮੰਤਰੀ ਨੇ ਕਿਹਾ ਕਿ 872 ਆਮ ਆਦਮੀ ਕਲੀਨਿਕਾਂ ਦੀ ਸਥਾਪਨਾ ਨਾਲ ਪੰਜਾਬ ‘ਚ ਮੁੱਢਲੀਆਂ ਸਿਹਤ ਸੇਵਾਵਾਂ ਨੂੰ ਵੱਡਾ ਹੁੰਗਾਰਾ ਮਿਲਿਆ ਹੈ, ਜਿਸ ਨਾਲ ਆਉਣ ਵਾਲੇ ਸਾਲਾਂ ‘ਚ ਗੁਰਦਿਆਂ ਨਾਲ ਸਬੰਧਤ ਬਿਮਾਰੀਆਂ ‘ਚ ਕਾਫ਼ੀ ਕਮੀ ਆਵੇਗੀ। ਉਨ੍ਹਾਂ ਦੱਸਿਆ ਕਿ ਗੁਰਦੇ ਫੇਲ ਹੋਣ ਦੇ ਜ਼ਿਆਦਾਤਰ ਕਾਰਨ ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਹਨ। ਇਹ ਕਲੀਨਿਕ ਅਤੇ ਮੁਫਤ ਦਵਾਈਆਂ ਦੀ ਉਪਲਬਧਤਾ ਇਹਨਾਂ ਹਾਲਤਾਂ ਦੇ ਛੇਤੀ ਨਿਦਾਨ ਅਤੇ ਇਲਾਜ ‘ਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ।

ਸਿਹਤ ਮੰਤਰੀ ਨੇ ਪੰਜਾਬ ਵਿੱਚ ਸਿਹਤ ਸੰਭਾਲ ਸੇਵਾਵਾਂ ਦੇ ਵਿਸਤਾਰ ਲਈ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਸਮਰਪਿਤ ਪਬਲਿਕ ਚੈਰੀਟੇਬਲ ਟਰੱਸਟ ਹੰਸ ਫਾਊਂਡੇਸ਼ਨ ਦੀ ਮਜ਼ਬੂਤ ​​ਵਚਨਬੱਧਤਾ ਦੀ ਸ਼ਲਾਘਾ ਕੀਤੀ ਹੈ । ਉਨ੍ਹਾਂ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਪੰਜਾਬ ਸਰਕਾਰ ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ ਦੀ ਬਜਾਏ ਪਬਲਿਕ-ਐਨ.ਜੀ.ਓ ਪਾਰਟਨਰਸ਼ਿਪ ਨੂੰ ਪਹਿਲ ਦੇ ਰਹੀ ਹੈ, ਕਿਉਂਕਿ ਇਹ ਮਾਡਲ ਜਨਤਾ ਲਈ ਵਧੇਰੇ ਲਾਹੇਵੰਦ ਹੈ।

ਡਾ: ਬਲਬੀਰ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਪ੍ਰਾਇਮਰੀ ਕੇਅਰ ਮਾਡਲ ਅਤੇ ਫਰਿਸ਼ਤੇ ਸਕੀਮ, ਜੋ ਕਿ ਦਵਾਈਆਂ ਦੀ ਆਖਰੀ ਮੀਲ ਡਿਲਿਵਰੀ ਨੂੰ ਯਕੀਨੀ ਬਣਾਉਂਦੀ ਹੈ, ਹਾਲ ਹੀ ‘ਚ ਨੈਰੋਬੀ, ਕੀਨੀਆ ‘ਚ ਇੱਕ ਸੈਮੀਨਾਰ ‘ਚ ਵਿਸ਼ਵ ਪੱਧਰ ‘ਤੇ ਅਪਣਾਏ ਜਾਣ ਵਾਲੇ ਮਾਡਲ ਵਜੋਂ ਜੋਂ ਸ਼ਲਾਘਾ ਕੀਤੀ ਸੀ।

ਉਨ੍ਹਾਂ ਨੇ ਪੰਜਾਬ ਦੇ ਸਾਰੇ ਜ਼ਿਲ੍ਹਾ ਹਸਪਤਾਲਾਂ ਨੂੰ ਐਮਰਜੈਂਸੀ ਸੇਵਾਵਾਂ, ਐਨ.ਆਈ.ਸੀ.ਯੂ. ਅਤੇ ਆਈ.ਸੀ.ਯੂ. ਸਹੂਲਤਾਂ ਨਾਲ ਲੈਸ ਕਰਨ ਦੀਆਂ ਯੋਜਨਾਵਾਂ ਦਾ ਵੀ ਐਲਾਨ ਕੀਤਾ ਗਿਆ। ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਸਿਹਤ ਅਤੇ ਮੈਡੀਕਲ ਸਿੱਖਿਆ ਦੋਵਾਂ ਖੇਤਰਾਂ ‘ਚ ਪੰਜਾਬ ਸਰਕਾਰ ਨਾਲ ਸਹਿਯੋਗ ਕਰਨ।

ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ 30 ਨਵੀਆਂ ਡਾਇਲਸਿਸ ਮਸ਼ੀਨਾਂ ਦਾ ਉਦਘਾਟਨ ਕੀਤਾ ਗਿਆ, ਜਿਨ੍ਹਾਂ ‘ਚੋਂ 6 ਐਮ.ਕੇ.ਐਚ. ਪਟਿਆਲਾ ਅਤੇ ਬਾਕੀ ਹਸਪਤਾਲਾਂ ‘ਚ 3-3 ਮਸ਼ੀਨਾਂ ਲਗਾਈਆਂ ਗਈਆਂ ਹਨ, ਜਿਨ੍ਹਾਂ ‘ਚੋਂ 1-1 ਮਸ਼ੀਨ ਵਿਸ਼ੇਸ਼ ਤੌਰ ‘ਤੇ ਐਚਆਈਵੀ ਪਾਜ਼ੀਟਿਵ ਮਰੀਜ਼ਾਂ ਲਈ ਰਾਖਵੀਂ ਹੈ। ਇਸ ਸਮੇਂ ਸੂਬੇ ‘ਚ 41 ਸਬ-ਡਿਵੀਜ਼ਨਲ ਹਸਪਤਾਲ ਅਤੇ 23 ਜ਼ਿਲ੍ਹਾ ਹਸਪਤਾਲ ਹਨ, ਜਿਨ੍ਹਾਂ ਵਿੱਚੋਂ 39 ‘ਚ ਡਾਇਲਸਿਸ ਦੀ ਸਹੂਲਤ ਹੈ। ਪੰਜਾਬ ਸਰਕਾਰ ਨੇ ਆਉਣ ਵਾਲੇ ਸਮੇਂ ‘ਚ ਇਹ ਗਿਣਤੀ ਵਧਾ ਕੇ 64 ਕਰਨ ਦਾ ਟੀਚਾ ਰੱਖਿਆ ਹੈ।

Exit mobile version