July 2, 2024 7:28 pm
Kayakalp Programme

ਡਾ. ਬਲਬੀਰ ਸਿੰਘ ਵੱਲੋਂ ਕਾਇਆਕਲਪ ਪ੍ਰੋਗਰਾਮ ਤਹਿਤ ਵਧੀਆ ਕਾਰਗੁਜ਼ਾਰੀ ਕਰਨ ਵਾਲੀਆਂ ਜ਼ਿਲ੍ਹੇ ਦੀਆਂ ਸਿਹਤ ਸੰਸਥਾਵਾਂ ਸਨਮਾਨਿਤ

ਸੰਗਰੂਰ, 13 ਅਪ੍ਰੈਲ, 2023: ਸਰਕਾਰੀ ਹਸਪਤਾਲਾਂ ਨੂੰ ਬਿਹਤਰ ਕਰਨ ਲਈ ਸਰਕਾਰ ਵੱਲੋਂ ਚਲਾਏ ਜਾ ਰਹੇ ਕਾਇਆਕਲਪ ਪ੍ਰੋਗਰਾਮ (Kayakalp Programme) ਵਿੱਚ ਜ਼ਿਲ੍ਹੇ ਦੀਆਂ ਦੋ ਸਿਹਤ ਸੰਸਥਾਵਾਂ, ਸਬ ਡਿਵੀਜ਼ਨ ਹਸਪਤਾਲ ਧੂਰੀ ਤੇ ਸਬ-ਡਿਵੀਜ਼ਨਲ ਹਸਪਤਾਲ ਸੁਨਾਮ ਨੂੰ ਵਧੀਆ ਕਾਰਗੁਜ਼ਾਰੀ ਵਿਖਾਉਣ ਲਈ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਵਿਸ਼ੇਸ਼ ਤੌਰ ‘ਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ ਕਰਵਾਏ ਗਏ ਸੂਬਾ ਪੱਧਰੀ ਸਮਾਗਮ ਦੌਰਾਨ ਇਹ ਪ੍ਰਸ਼ੰਸਾ ਪੱਤਰ ਸਿਵਲ ਸਰਜਨ ਡਾ. ਪਰਮਿੰਦਰ ਕੌਰ ਵੱਲੋਂ ਪ੍ਰਾਪਤ ਕੀਤਾ ਗਿਆ।

ਇਸ ਮੌਕੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਪਰਮਿੰਦਰ ਕੌਰ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ਦੀ ਦਸ਼ਾ ਤੇ ਦਿਸ਼ਾ ਨੂੰ ਬਿਹਤਰ ਕਰਨ ਲਈ ਸਰਕਾਰ ਵੱਲੋਂ ਕਾਇਆਕਲਪ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਇਸ ਪ੍ਰੋਗਰਾਮ ਤਹਿਤ, ਵਿਭਾਗ ਦੀਆਂ ਮਾਹਰ ਟੀਮਾਂ ਹਸਪਤਾਲਾਂ ਦਾ ਦੌਰਾ ਕਰਦੀਆਂ ਹਨ ਤੇ ਉਥੇ ਸਫ਼ਾਈ, ਦਵਾਈ ਦਾ ਪ੍ਰਬੰਧ, ਸਟਾਫ਼ ਦੀ ਉਪਲੱਬਧਤਾ, ਮਰੀਜ਼ਾਂ ਨੂੰ ਮਿਲਣ ਵਾਲੀਆਂ ਸਹੂਲਤਾਂ, ਵੇਸਟ ਮੈਨੇਜ਼ਮੈਂਟ, ਇਨਫ਼ੈਕਸ਼ਨ ਕੰਟਰੋਲ, ਸਟਾਫ਼ ਦਾ ਮਰੀਜ਼ਾਂ ਨਾਲ ਵਤੀਰਾ ਆਦਿ ਸਮੇਤ 246 ਮਾਪਦੰਡਾਂ ਦੇ ਅਧਾਰ ‘ਤੇ ਸੰਸਥਾ ਦਾ ਮੁਲਾਂਕਣ ਕਰਦੀਆਂ ਹਨ।

ਉਨ੍ਹਾਂ ਦੱਸਿਆ ਕਿ ਇਸ ਤਹਿਤ ਹੀ ਜ਼ਿਲ੍ਹੇ ਦੇ ਦੋ ਹਸਪਤਾਲ, ਸਬ ਡਿਵੀਜ਼ਨਲ ਹਸਪਤਾਲ ਧੂਰੀ ਤੇ ਸਬ-ਡਿਵੀਜ਼ਨਲ ਹਸਪਤਾਲ ਸੁਨਾਮ ਨੂੰ ਇਨਾਂ ਮਾਪਦੰਡਾਂ ਦੇ ਅਧਾਰ ‘ਤੇ ਬਿਹਤਰ ਸਿਹਤ ਸਹੂਲਤਾਂ ਲਈ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਹੈ।ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਹਸਪਤਾਲਾਂ ਨੇ 70 ਫ਼ੀ ਸਦੀ ਤੋਂ ਵੱਧ ਨੰਬਰ ਲੈ ਕੇ ਕਾਇਆਕਲਪ ਪ੍ਰੋਗਰਾਮ (Kayakalp Programme) ਵਿੱਚ ਆਪਣੀ ਜਗ੍ਹਾ ਬਣਾਈ ਹੈ। ਉਨ੍ਹਾਂ ਕਿਹਾ ਕਿ ਐਸ.ਡੀ.ਐਚ. ਸੁਨਾਮ ਤੇ ਐਸ.ਡੀ.ਐਚ. ਧੂਰੀ ਦੋਵਾਂ ਹਸਪਤਾਲਾਂ ਨੂੰ ਕਾਇਆਕਲਪ ਪ੍ਰੋਗਰਾਮ ਤਹਿਤ ਵਧੀਆ ਕਾਰਗੁਜ਼ਾਰੀ ਕਰਨ ਲਈ ਸਰਕਾਰ ਵੱਲੋਂ ਵਿਸ਼ੇਸ਼ ਫ਼ੰਡ ਵੀ ਜਾਰੀ ਕੀਤੇ ਜਾਣਗੇ।

ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਵਿਕਾਸ ਧੀਰ, ਸੀਨੀਅਰ ਮੈਡੀਕਲ ਅਫ਼ਸਰ ਐਸ.ਡੀ.ਐਚ. ਧੂਰੀ ਡਾ. ਸੰਗੀਤਾ ਮੋਦੀ, ਸੀਨੀਅਰ ਮੈਡੀਕਲ ਅਫ਼ਸਰ ਐਸ.ਡੀ.ਐਚ. ਸੁਨਾਮ ਡਾ. ਸੰਜੇ ਕਾਮਰਾ, ਡਾ. ਨਰਾਇਣ, ਡਾ. ਰਿਤੂ ਹਾਜ਼ਰ ਸਨ।