July 7, 2024 4:45 pm
POLIO DROPS

ਡਾ. ਬਲਬੀਰ ਸਿੰਘ ਨੇ ਅਧਿਕਾਰੀਆਂ ਨੂੰ 5 ਸਾਲ ਦੀ ਉਮਰ ਦੇ ਸਾਰੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਦੇ ਦਿੱਤੇ ਨਿਰਦੇਸ਼

ਚੰਡੀਗੜ੍ਹ, 27 ਮਈ 2023: ਸੂਬੇ ਨੂੰ ਪੋਲੀਓ ਵਾਇਰਸ ਤੋਂ ਸੁਰੱਖਿਅਤ ਰੱਖਣ ਲਈ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਤੋਂ ਤਿੰਨ ਰੋਜ਼ਾ ਪਲਸ ਪੋਲੀਓ (POLIO DROPS)  ਮੁਹਿੰਮ ਦੀ ਸ਼ੁਰੂਆਤ ਕਰਨਗੇ। ਸਾਲ 2023 ਲਈ ਪਲਸ ਪੋਲੀਓ ਰਾਊਂਡ ਪੰਜਾਬ ਦੇ 12 ਜ਼ਿਲ੍ਹਿਆਂ ਵਿੱਚ 28 ਮਈ ਤੋਂ 30 ਮਈ ਤੱਕ ਕਰਵਾਇਆ ਜਾਵੇਗਾ।

ਪਲਸ ਪੋਲੀਓ ਮੁਹਿੰਮ ਦੀ ਮਹੱਤਤਾ ਬਾਰੇ ਦੱਸਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਭਾਵੇਂ 2010 ਤੋਂ ਬਾਅਦ ਪੰਜਾਬ ਵਿੱਚ ਕੋਈ ਵੀ ਵਾਈਲਡ ਪੋਲੀਓ ਵਾਇਰਸ ਦਾ ਕੇਸ ਸਾਹਮਣੇ ਨਹੀਂ ਆਇਆ ਹੈ ਅਤੇ ਪੋਲੀਓ ਦਾ ਆਖਰੀ ਕੇਸ ਅਕਤੂਬਰ 2009 ਵਿੱਚ ਲੁਧਿਆਣਾ ਵਿੱਚ ਸਾਹਮਣੇ ਆਇਆ ਸੀ ਪਰ ਫਿਰ ਵੀ ਗੁਆਂਢੀ ਦੇਸ਼ਾਂ ਖਾਸ ਕਰਕੇ ਪਾਕਿਸਤਾਨ ਅਤੇ ਅਫਗਾਨਿਸਤਾਨ ਤੋਂ ਪੋਲੀਓ ਵਾਇਰਸ ਦੇ ਪੰਜਾਬ ਵਿੱਚ ਆਉਣ ਦਾ ਖ਼ਤਰੇ ਹੈ। ਇਹੀ ਕਾਰਨ ਹੈ ਕਿ ਸੂਬੇ ਵਿੱਚ ਸਮੇਂ-ਸਮੇਂ ‘ਤੇ ਪੋਲੀਓ ਮੁਹਿੰਮ ਚਲਾਈ ਜਾਂਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪੋਲੀਓ ਵਾਇਰਸ ਦੇ ਸੂਬੇ ਵਿੱਚ ਆਉਣ ਦਾ ਖਤਰਾ ਵਧੇਰੇ ਮਹੱਤਵ ਰੱਖਦਾ ਹੈ ਕਿਉਂਕਿ ਪਿਛਲੇ ਕੁਝ ਸਾਲਾਂ ਵਿੱਚ ਪੋਲੀਓ ਦੇ ਸਭ ਤੋਂ ਵੱਧ ਕੇਸ ਗੁਆਂਢੀ ਦੇਸ਼ ਪਾਕਿਸਤਾਨ ਤੋਂ ਸਾਹਮਣੇ ਆਏ ਹਨ।

ਭਾਰਤ-ਪਾਕਿ ਸਰਹੱਦ ਪਾਰ ਕਰਨ ਵਾਲੇ ਵਿਅਕਤੀਆਂ ਦੀ ਵੈਕਸੀਨੇਸ਼ਨ (POLIO DROPS) ਯਕੀਨੀ ਬਣਾਉਣ ਲਈ ਅਟਾਰੀ ਬਾਰਡਰ ‘ਤੇ ਟਰਾਂਜ਼ਿਟ ਟੀਮਾਂ ਪਹਿਲਾਂ ਹੀ ਤਾਇਨਾਤ ਕੀਤੀਆਂ ਗਈਆਂ ਹਨ। ਇਸੇ ਤਰ੍ਹਾਂ ਕਰਤਾਰਪੁਰ ਲਾਂਘਾ ਖੁੱਲ੍ਹਣ ‘ਤੇ ਡੇਰਾ ਬਾਬਾ ਨਾਨਕ, ਜ਼ਿਲ੍ਹਾ ਗੁਰਦਾਸਪੁਰ ਚੌਕੀ ਵਿਖੇ ਟੀਕਾਕਰਨ ਸਾਈਟਾਂ ਸਥਾਪਿਤ ਕੀਤੀਆਂ ਗਈਆਂ ਹਨ।

ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਡਾ. ਰਵਿੰਦਰ ਪਾਲ ਕੌਰ ਨੇ ਦੱਸਿਆ ਕਿ ਇਹ ਰਾਊਂਡ ਅੰਮ੍ਰਿਤਸਰ, ਬਠਿੰਡਾ, ਫਰੀਦਕੋਟ, ਫਾਜ਼ਿਲਕਾ, ਫਤਿਹਗੜ੍ਹ ਸਾਹਿਬ, ਮਾਨਸਾ, ਸ੍ਰੀ ਮੁਕਤਸਰ ਸਾਹਿਬ, ਮੋਗਾ, ਪਠਾਨਕੋਟ, ਪਟਿਆਲਾ, ਐਸਬੀਐਸ ਨਗਰ ਅਤੇ ਤਰਨਤਾਰਨ ਸਮੇਤ 12 ਜ਼ਿਲ੍ਹਿਆਂ ਵਿੱਚ ਕਰਵਾਇਆ ਜਾਵੇਗਾ। ਪਹਿਲੇ ਦਿਨ ਬੂਥ ਬਣਾਏ ਜਾਣਗੇ ਅਤੇ ਬਾਕੀ ਦੋ ਦਿਨ ਘਰ-ਘਰ ਜਾ ਕੇ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ। ਸਿਹਤ ਵਿਭਾਗ ਵੱਲੋਂ ਇਸ ਰਾਊਂਡ ਵਿੱਚ ਪੰਜ ਸਾਲ ਦੀ ਉਮਰ ਦੇ 14,83,072 ਬੱਚਿਆਂ ਨੂੰ ਕਵਰ ਕਰਨ ਦਾ ਟੀਚਾ ਮਿੱਥਿਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ 7054 ਬੂਥ ਬਣਾਏ ਜਾਣਗੇ, 13136 ਘਰ-ਘਰ ਜਾਣ ਵਾਲੀਆਂ ਟੀਮਾਂ, 334 ਮੋਬਾਈਲ ਟੀਮਾਂ ਅਤੇ 279 ਟਰਾਂਜ਼ਿਟ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕੁੱਲ 27109 ਵੈਕਸੀਨੇਟਰ ਤਾਇਨਾਤ ਕੀਤੇ ਜਾਣਗੇ। ਉਨ੍ਹਾਂ ਅੱਗੇ ਕਿਹਾ ਕਿ 1335 ਸੁਪਰਵਾਈਜ਼ਰ ਵੈਕਸੀਨੇਟਰਾਂ ਦੇ ਕੰਮ ਦੀ ਨਿਗਰਾਨੀ ਕਰਨਗੇ।

ਇਸ ਦੇ ਨਾਲ ਹੀ ਟੀਮਾਂ 5109 ਉੱਚ ਜੋਖਮ ਵਾਲੇ ਖੇਤਰਾਂ ਦਾ ਵੀ ਦੌਰਾ ਕਰਨਗੀਆਂ ਜਿਨ੍ਹਾਂ ਵਿੱਚ 2107 ਝੁੱਗੀਆਂ, 132 ਉਸਾਰੀ ਵਾਲੀਆਂ ਥਾਵਾਂ, 902 ਖਾਨਾਬਦੋਸ਼ ਸਾਈਟਾਂ, 132 ਇੱਟਾਂ ਦੇ ਭੱਠਿਆਂ ਅਤੇ 729 ਹੋਰ ਸਾਈਟਾਂ ਸ਼ਾਮਲ ਹਨ।ਸਟੇਟ ਟੀਕਾਕਰਨ ਅਫ਼ਸਰ ਡਾ. ਬਲਵਿੰਦਰ ਕੌਰ ਨੇ ਦੱਸਿਆ ਕਿ ਸਾਰੇ 12 ਜ਼ਿਲ੍ਹਿਆਂ ਵਿੱਚ ਮੁਹਿੰਮ ਦੀ ਨਿਗਰਾਨੀ ਡੀਐਚਐਸ ਦਫ਼ਤਰ ਅਤੇ ਐਨਪੀਐਸਪੀ-ਡਬਲਯੂਐਚਓ ਮਾਨੀਟਰਾਂ ਦੇ ਸਟੇਟ ਅਬਜ਼ਰਵਰਾਂ ਵੱਲੋਂ ਕੀਤੀ ਜਾਵੇਗੀ ਅਤੇ ਟੀਕਾਕਰਨ ਟੀਮਾਂ ਵੱਲੋਂ ਕੋਵਿਡ ਸਬੰਧੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਵੀ ਕੀਤੀ ਜਾਵੇਗੀ।