ਡੋਨਾਲਡ ਟਰੰਪ

ਡੋਨਾਲਡ ਟਰੰਪ ਦਾ ਦਾਅਵਾ, ਰੂਸ ਨੇ ਭਾਰਤ ਦੇ ਰੂਪ ‘ਚ ਇੱਕ ਵੱਡਾ ਤੇਲ ਗਾਹਕ ਗੁਆਇਆ

ਵਿਦੇਸ਼, 16 ਅਗਸਤ 2025: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਰੂਸ ਨੇ ਭਾਰਤ ਦੇ ਰੂਪ ‘ਚ ਇੱਕ ਵੱਡਾ ਤੇਲ ਗਾਹਕ ਗੁਆ ਦਿੱਤਾ ਹੈ। ਟਰੰਪ ਨੇ ਇਹ ਗੱਲ ਅਲਾਸਕਾ ‘ਚ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਮੁਲਾਕਾਤ ਤੋਂ ਬਾਅਦ ਆਪਣੇ ਅਧਿਕਾਰਤ ਜਹਾਜ਼ ਏਅਰ ਫੋਰਸ ਵਨ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ। ਟਰੰਪ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਟਰੰਪ ਨੇ ਸ਼ਨੀਵਾਰ ਨੂੰ ਅਲਾਸਕਾ ‘ਚ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਮੁਲਾਕਾਤ ਕੀਤੀ ਸੀ। ਦੋਵਾਂ ਆਗੂਆਂ ਦੀ ਮੁਲਾਕਾਤ ਲਗਭਗ ਤਿੰਨ ਘੰਟੇ ਚੱਲੀ। ਹਾਲਾਂਕਿ, ਬੈਠਕ ‘ਚ ਕੋਈ ਸਮਝੌਤਾ ਨਹੀਂ ਹੋ ਸਕਿਆ।

ਫੌਕਸ ਨਿਊਜ਼ ਦੀ ਰਿਪੋਰਟ ਦੇ ਮੁਤਾਬਕ ਟਰੰਪ ਤੋਂ ਪੁੱਛਿਆ ਗਿਆ ਸੀ ਕਿ ਯੂਕਰੇਨ ਯੁੱਧ ‘ਤੇ ਪੁਤਿਨ ਨਾਲ ਹੋਏ ਸਮਝੌਤੇ ਦਾ ਆਰਥਿਕ ਪਹਿਲੂ ਕੀ ਹੋਵੇਗਾ? ਇਸ ‘ਤੇ ਟਰੰਪ ਨੇ ਕਿਹਾ ਕਿ ‘ਰੂਸ ਨੇ ਆਪਣੇ ਇੱਕ ਗਾਹਕ ਨੂੰ ਗੁਆ ਦਿੱਤਾ ਹੈ, ਜੋ ਕਿ ਭਾਰਤ ਹੈ। ਜੋ ਰੂਸ ਤੋਂ 40 ਫੀਸਦੀ ਤੇਲ ਖਰੀਦ ਰਿਹਾ ਸੀ। ਚੀਨ ਵੀ ਬਹੁਤ ਸਾਰਾ ਤੇਲ ਖਰੀਦ ਰਿਹਾ ਹੈ। ਅਜਿਹੀ ਸਥਿਤੀ ‘ਚ ਜੇਕਰ ਮੈਂ ਹੋਰ ਟੈਰਿਫ ਲਗਾਉਂਦਾ ਹਾਂ, ਤਾਂ ਇਹ ਉਨ੍ਹਾਂ (ਭਾਰਤ) ਲਈ ਬਹੁਤ ਬੁਰਾ ਹੋਵੇਗਾ। ਜੇਕਰ ਮੈਨੂੰ ਅਜਿਹਾ ਕਰਨਾ ਪਿਆ, ਤਾਂ ਮੈਂ ਜ਼ਰੂਰ ਕਰਾਂਗਾ, ਪਰ ਇਹ ਸੰਭਵ ਹੈ ਕਿ ਮੈਨੂੰ ਅਜਿਹਾ ਕਰਨ ਦੀ ਜ਼ਰੂਰਤ ਨਾ ਪਵੇ।’

ਟਰੰਪ ਦਾ ਇਹ ਬਿਆਨ ਉਨ੍ਹਾਂ ਦੇ ਹਾਲੀਆ ਫੈਸਲੇ ਤੋਂ ਬਾਅਦ ਆਇਆ ਹੈ, ਜਿਸ ‘ਚ ਟਰੰਪ ਨੇ ਭਾਰਤ ‘ਤੇ 50 ਫੀਸਦੀ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਟਰੰਪ ਨੇ ਪਹਿਲਾਂ ਭਾਰਤ ‘ਤੇ 25 ਪ੍ਰਤੀਸ਼ਤ ਰਿਸਪ੍ਰੋਸੀਕਲ ਟੈਰਿਫ ਲਗਾਇਆ ਸੀ, ਜੋ ਪਹਿਲਾਂ ਹੀ ਲਾਗੂ ਹੋ ਚੁੱਕਾ ਹੈ। ਇਸ ਤਰ੍ਹਾਂ, ਟਰੰਪ ਨੇ ਭਾਰਤ ‘ਤੇ ਕੁੱਲ 50 ਪ੍ਰਤੀਸ਼ਤ ਟੈਰਿਫ ਲਗਾਇਆ ਹੈ। ਇੰਨਾ ਹੀ ਨਹੀਂ, ਟਰੰਪ ਨੇ ਭਾਰਤ ‘ਤੇ ਹੋਰ ਟੈਰਿਫ ਲਗਾਉਣ ਦੀ ਗੱਲ ਵੀ ਕੀਤੀ ਹੈ। ਭਾਰਤ ਨੇ ਇਸ ‘ਤੇ ਸਖ਼ਤ ਇਤਰਾਜ਼ ਜਤਾਇਆ ਸੀ ਅਤੇ ਅਮਰੀਕਾ ਦੇ ਇਸ ਕਦਮ ਨੂੰ ਬੇਇਨਸਾਫ਼ੀ ਅਤੇ ਬੇਤੁਕਾ ਕਿਹਾ ਸੀ। ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਸੀਂ ਆਪਣੇ ਰਾਸ਼ਟਰੀ ਹਿੱਤਾਂ ਦੀ ਰੱਖਿਆ ਲਈ ਹਰ ਸੰਭਵ ਕਦਮ ਚੁੱਕਾਂਗੇ।

Read More: ਪੁਤਿਨ ਤੇ ਡੋਨਾਲਡ ਟਰੰਪ ਦੀ 12 ਮਿੰਟ ਦੀ ਸਾਂਝੀ ਪ੍ਰੈਸ ਕਾਨਫਰੰਸ, ਨਹੀਂ ਹੋ ਸਕਿਆ ਕੋਈ ਸਮਝੌਤਾ

Scroll to Top