ਡਰੱਗ

“ਪੰਜਾਬ ਅਗੇਂਸਟ ਡਰੱਗ ਐਡੀਕਸ਼ਨ” ਮੁਹਿੰਮ ਤਹਿਤ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸਰਕਾਰੀ ਹਾਈ ਸਕੂਲ, ਲਾਂਡਰਾਂ ਵਿਖੇ ਜਾਗਰੂਕਤਾ ਸਮਾਗਮ

ਐਸ.ਏ.ਐਸ.ਨਗਰ, 23 ਅਕਤੂਬਰ 2023:   ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ 01.10.2023 ਤੋਂ 31.10.2023 ਤੱਕ ਚਲਾਈ ਜਾ ਰਹੀ “ਪੰਜਾਬ ਅਗੇਂਸਟ ਡਰੱਗ ਐਡੀਕਸ਼ਨ” ਮੁਹਿੰਮ ਤਹਿਤ ਅੱਜ ਸਰਕਾਰੀ ਹਾਈ ਸਕੂਲ, ਲਾਂਡਰਾਂ ਵਿਖੇ ਜਾਗਰੂਕਤਾ ਸਮਾਗਮ ਕੀਤਾ ਗਿਆ।
ਇਸ ਮੌਕੇ ਬਲਜਿੰਦਰ ਸਿੰਘ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਲੋਂ ਸਕੂਲ ਦੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਸਬੰਧੀ ਜਾਣੂ ਕਰਵਾਉਂਦਿਆਂ ਦੱਸਿਆ ਗਿਆ ਕਿ ਨਸ਼ੇ ਦੀਆਂ ਵੱਖ ਵੱਖ ਕਿਸਮਾਂ, ਜਿਵੇਂ ਕਿ ਮੈਡੀਕਲ ਨਸ਼ੇ, ਸ਼ਰਾਬ ਅਤੇ ਸਿਗਰਟ ਆਦਿ ਹਨ ਜੋ ਕਿ ਵਿਅਕਤੀ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਨੂੰ ਰੋਕ ਦਿੰਦੇ ਹਨ।
ਉਨ੍ਹਾਂ ਕਿਹਾ ਕਿ ਸ਼ੁਰੂ-ਸ਼ੁਰੂ ਵਿਚ ਵਿਅਕਤੀ ਨਸ਼ਿਆਂ ਨੂੰ ਸ਼ੌਕ ਵਜੋਂ ਲੈਂਦੇ ਹਨ ਜੋ ਕਿ ਬਾਅਦ ਵਿਚ ਉਨ੍ਹਾਂ ਦੀ ਮਜ਼ਬੂਰੀ ਬਣ ਜਾਂਦੀ ਹੈ ਅਤੇ ਉਹ ਨਸ਼ੇ ਤੋਂ ਬਿਨਾਂ ਨਹੀਂ ਰਹਿ ਸਕਦੇ। ਨਸ਼ਾ ਵੇਚਣ ਵਾਲੇ ਵਿਅਕਤੀ ਵਿਦਿਆਰਥੀਆਂ ਨੂੰ ਨਸ਼ੇ ਦੇ ਜਾਲ ਵਿਚ ਫਸਾਉਣ ਲਈ ਵੱਖ-ਵੱਖ ਹੱਥ-ਕੰਡੇ ਅਪਣਾਉਂਦੇ ਹਨ ਕਿਉਂਕਿ ਵਿਦਿਆਰਥੀ ਉਨ੍ਹਾਂ ਲਈ ਸਭ ਤੋਂ ਸੌਖੇ ਸ਼ਿਕਾਰ ਹਨ। ਉਨ੍ਹਾਂ ਵਲੋਂ ਵਿਦਿਆਰਥੀਆਂ ਨੂੰ ਸੰਦੇਸ਼ ਦਿੱਤਾ ਗਿਆ ਕਿ ਉਹ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਤੋਂ ਬਚ ਕੇ ਰਹਿਣ ਅਤੇ ਚੰਗੇ ਅਤੇ ਸਿਹਤਮੰਦ ਜੀਵਨ ਲਈ ਚੰਗੀਆਂ ਆਦਤਾਂ ਅਪਣਾਉਣ।
ਉਨ੍ਹਾਂ ਇਹ ਵੀ ਦੱਸਿਆ ਕਿ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ, ਨਵੀਂ ਦਿੱਲੀ ਵਲੋਂ ਜਾਰੀ ਕੀਤੀ ਗਈ ਸਕੀਮ ਨਾਲਸਾ (ਲੀਗਲ ਸਰਵਿਸਿਜ਼ ਟੂ ਦ ਵਿਕਟਿਮਜ਼ ਆਫ਼ ਡਰੱਗ ਅਬਿਊਜ਼ ਐਂਡ ਦ ਇਰੈਡੀਕੇਸ਼ਨ ਆਫ਼ ਦ ਡਰੱਗ ਮੀਨੇਸ) ਸਕੀਮ, 2015 ਅਧੀਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਪੀੜਤਾਂ ਨੂੰ ਮੁਫਤ ਕਾਨੂੰਨੀ ਸਹਾਇਤਾ ਦੇਣ ਦਾ ਉਪਬੰਧ ਕੀਤਾ ਗਿਆ ਹੈ।
Scroll to Top