ਐੱਸ.ਏ.ਐੱਸ. ਨਗਰ, 07 ਨਵੰਬਰ 2023: ਅਗਲੇ ਦਿਨਾਂ ਚ ਆਉਣ ਵਾਲੇ ਤਿਉਹਾਰਾਂ ਦੀਵਾਲੀ, ਗੁਰਪੁਰਬ, ਕ੍ਰਿਸਮਿਸ ਅਤੇ ਨਵੇਂ ਸਾਲ ਮੌਕੇ ਲੋਕਾਂ ਵੱਲੋਂ ਪਟਾਕੇ ਚਲਾਏ ਜਾਣ ਨਾਲ ਮਰੀਜ਼ਾਂ ਅਤੇ ਬਜ਼ੁਰਗਾਂ ਆਦਿ ਦੀ ਸਿਹਤ ‘ਤੇ ਮਾੜਾ ਪ੍ਰਭਾਵ ਪੈਣ ਦੇ ਖਦਸ਼ੇ ਨੂੰ ਭਾਂਪਦਿਆਂ ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀਮਤੀ ਆਸ਼ਿਕਾ ਜੈਨ ਨੇ ‘ਗ੍ਰੀਨ ਪਟਾਕਿਆਂ’ (Green firecrackers) ਦੀ ਵਿਕਰੀ ਅਤੇ ਵਰਤੋਂ ਨੂੰ ਨਿਯਮਤ ਕਰਨ ਅਤੇ ਸਬੰਧਤ ਦਿਨਾਂ ਨੂੰ ਚਲਾਉਣ ਦੇ ਸਮੇਂ ‘ਤੇ ਪਾਬੰਦਗੀ ਦੇ ਹੁਕਮ ਜਾਰੀ ਕੀਤੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ (ਜ) ਹਰਜੋਤ ਕੌਰ ਮਾਵੀ ਨੇ ਦੱਸਿਆ ਕਿ ਮਾਨਯੋਗ ਸੁਪਰੀਮ ਕੋਰਟ ਆਫ਼ ਇੰਡੀਆ ਵੱਲੋਂ 2015 ਦੀ ਰਿੱਟ ਪਟੀਸ਼ਨ (ਸਿਵਲ) ਨੰ: 728 ਵਿੱਚ ਪਾਸ ਕੀਤੇ ਮਿਤੀ 23.10.2018 ਅਤੇ 31.10.2018 ਦੇ ਹੁਕਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ, 9.11.2020 ਨੂੰ ਮਾਨਯੋਗ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਓ.ਏ. ਨੰਬਰ 249 ਆਫ਼ 2020 ਅਤੇ ਹੋਰ ਸਬੰਧਿਤ ਮਾਮਲਿਆਂ ਵਿੱਚ, ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਦੁਆਰਾ ਵਾਤਾਵਰਣ (ਸੁਰੱਖਿਆ) ਐਕਟ, 1986 ਦੇ 5 ਦੇ ਅਧੀਨ ਸੌਂਪੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ, ਪੰਜਾਬ ਰਾਜ ਵਿੱਚ ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ‘ਤੇ ਪਾਬੰਦੀ ਅਤੇ ਨਿਯਮਨ ਸਬੰਧੀ ਆਦੇਸ਼ ਜਾਰੀ ਕੀਤੇ ਹਨ।
ਇਸ ਲਈ, ਉਪਰੋਕਤ ਦੇ ਮੱਦੇਨਜ਼ਰ ਅਤੇ ਵਿਸਫੋਟਕ ਨਿਯਮ 2008 ਅਧੀਨ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਜਿਲ੍ਹੇ ਵਿੱਚ ਜੁੜੇ ਪਟਾਕੇ (ਲੜੀ ਪਟਾਕੇ) ਦੇ ਨਿਰਮਾਣ, ਸਟਾਕਿੰਗ, ਵੰਡ, ਵਿਕਰੀ ਅਤੇ ਵਰਤੋਂ ‘ਤੇ ਪਾਬੰਦੀ ਲਗਾਈ ਗਈ ਹੈ। ਇਸੇ ਤਰ੍ਹਾਂ ਜ਼ਿਲ੍ਹੇ ਵਿੱਚ ਸਿਰਫ਼ ਹਰੇ ਪਟਾਕੇ (ਉਹ ਪਟਾਕੇ ਜੋ ਬੇਰੀਅਮ ਸਾਲਟ ਜਾਂ ਐਂਟੀਮੋਨੀ, ਲਿਥੀਅਮ, ਪਾਰਾ, ਆਰਸੈਨਿਕ, ਲੈੱਡ ਜਾਂ ਸਟ੍ਰੋਂਸ਼ੀਆਮ ਕ੍ਰੋਮੇਟ ਦੇ ਮਿਸ਼ਰਣਾਂ ਦੀ ਵਰਤੋਂ ਨਹੀਂ ਕਰਦੇ) ਦੀ ਹੀ ਵਿਕਰੀ ਅਤੇ ਵਰਤੋਂ ਲਈ ਇਜਾਜ਼ਤ ਦਿੱਤੀ ਜਾਵੇਗੀ।
ਵਿਕਰੀ ਕੇਵਲ ਲਾਇਸੰਸਸ਼ੁਦਾ ਵਿਤਰਕਾਂ ਦੁਆਰਾ ਹੀ ਹੋਵੇਗੀ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਲਾਇਸੰਸਸ਼ੁਦਾ ਵਿਤਰਕ ਹੀ ਉਹ ਪਟਾਕੇ ਵੇਚ ਰਹੇ ਹਨ, ਜਿਨ੍ਹਾਂ ਦੀ ਆਗਿਆ ਹੈ। ਕੋਈ ਵੀ ਲਾਇਸੰਸਧਾਰੀ ਉਨ੍ਹਾਂ ਪਟਾਕਿਆਂ (ਪਟਾਕਿਆਂ ਜਾਂ ਲੜੀ) ਅਤੇ ਪਟਾਕਿਆਂ ਨੂੰ ਸਟੋਰ, ਪ੍ਰਦਰਸ਼ਿਤ ਜਾਂ ਵੇਚ ਨਹੀਂ ਸਕਦਾ ਹੈ, ਜਿਨ੍ਹਾਂ ਪਟਾਕਿਆਂ (Green firecrackers) ਦੇ ਨਿਰਮਾਣ ਵਿੱਚ ਬੇਰੀਅਮ ਸਲਟ ਜਾਂ ਐਂਟੀਮਨੀ, ਲਿਥੀਅਮ, ਮਰਕਰੀ, ਆਰਸੈਨਿਕ, ਲੈੱਡ ਜਾਂ ਸਟ੍ਰੋਂਸ਼ੀਆਮ ਕ੍ਰੋਮੇਟ ਦੇ ਮਿਸ਼ਰਣਾਂ ਦੀ ਵਰਤੋਂ ਕਰਦੇ ਹਨ।
ਇਸ ਤੋਂ ਨਿਮਨਲਿਖਤ ਦਿਨਾਂ ਅਤੇ ਸਮੇਂ ‘ਤੇ ਸਿਰਫ ਹਰੇ ਪਟਾਕਿਆਂ ਨੂੰ ਬਹੁਤ ਥੋੜ੍ਹੇ ਸਮੇਂ ਲਈ ਚਲਾਉਣ ਦੀ ਆਗਿਆ ਹੋਵੇਗੀ:
ਦੀਵਾਲੀ, 12 ਨਵੰਬਰ, 2023, ਰਾਤ 8.00 ਵਜੇ ਤੋਂ ਰਾਤ 10.00 ਵਜੇ ਤੱਕ
ਗੁਰਪੁਰਬ, 27 ਨਵੰਬਰ, 2023, ਸਵੇਰੇ 4.00 ਵਜੇ ਤੋਂ 5.00 ਵਜੇ ਤੱਕ ਅਤੇ ਰਾਤ 9.00 ਤੋਂ ਰਾਤ 10.00 ਵਜੇ ਤੱਕ
ਕ੍ਰਿਸਮਸ ਦੀ ਸ਼ਾਮ, 25-26 ਦਸੰਬਰ, 2023 ਰਾਤ 11.55 ਵਜੇ ਤੋਂ 12.30 ਵਜੇ ਤੱਕ
ਨਵੇਂ ਸਾਲ ਦੀ ਸ਼ਾਮ, 31 ਦਸੰਬਰ, 2023 ਤੋਂ 01 ਜਨਵਰੀ, 2024, ਰਾਤ 11.55 ਵਜੇ ਤੋਂ 12.30 ਵਜੇ ਤੱਕ
ਇਸ ਤੋਂ ਇਲਾਵਾ, ਸਮੂਹਿਕ/ਸਾਂਝੀ ਪਟਾਕੇ ਚਲਾਉਣ (ਕਮਿਊਨਿਟੀ ਫਾਇਰ ਕਰੈਕਿੰਗ) ਦੀ ਸੰਭਾਵਨਾ ਦਾ ਪਤਾ ਲਗਾਉਣ ਦਾ ਯਤਨ ਵੀ ਕੀਤਾ ਜਾਵੇਗਾ। ਐਸ.ਡੀ.ਐਮਜ਼ ਕਮਿਊਨਿਟੀ ਫਾਇਰ ਕਰੈਕਿੰਗ ਲਈ ਖਾਸ ਖੇਤਰ/ਖੇਤਰਾਂ ਦੀ ਪੂਰਵ-ਪਛਾਣ ਅਤੇ ਪੂਰਵ-ਨਿਰਧਾਰਨ ਨੂੰ ਯਕੀਨੀ ਬਣਾਉਣਗੇ, ਅਤੇ ਇਸ ਨੂੰ ਵੱਡੇ ਪੱਧਰ ‘ਤੇ ਜਨਤਾ ਦੀ ਜਾਣਕਾਰੀ ਲਈ ਪ੍ਰਚਾਰਿਆ ਜਾਵੇਗਾ।
ਇਸ ਤੋਂ ਇਲਾਵਾ ਫਲਿੱਪਕਾਰਟ, ਐਮਾਜ਼ਾਨ ਆਦਿ ਸਮੇਤ ਕਿਸੇ ਵੀ ਈ-ਕਾਮਰਸ ਵੈੱਬਸਾਈਟ ਨੂੰ ਜ਼ਿਲ੍ਹੇ ਦੇ ਅੰਦਰ ਕੋਈ ਵੀ ਔਨਲਾਈਨ ਆਰਡਰ ਸਵੀਕਾਰ ਕਰਨ ਅਤੇ ਆਨਲਾਈਨ ਵਿਕਰੀ ਨੂੰ ਪ੍ਰਭਾਵਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਪਟਾਕਿਆਂ ਦੇ ਨੁਕਸਾਨਦੇਹ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਉਣ ਲਈ ਐਕਸੀਅਨ, ਪੀ ਪੀ ਸੀ ਬੀ, ਐਮ ਸੀ ਮੋਹਾਲੀ ਅਤੇ ਸਾਰੀਆਂ ਨਗਰ ਕੌਂਸਲਾਂ, ਡੀ ਡੀ ਪੀ ਓ ਅਤੇ ਬੀ ਡੀ ਪੀ ਓਜ਼ ਸਮੇਤ ਸਾਰੇ ਵਿਭਾਗਾਂ ਦੁਆਰਾ ਵਿਆਪਕ ਜਨਤਕ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾਣਗੀਆਂ।
ਉਨ੍ਹਾਂ ਅੱਗੇ ਕਿਹਾ ਕਿ ਐਸ.ਐਸ.ਪੀ ਮੋਹਾਲੀ ਇਹ ਯਕੀਨੀ ਬਣਾਉਣਗੇ ਕਿ ਸਿਰਫ ਮਨਜ਼ੂਰਸ਼ੁਦਾ ਹਰੇ ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ਮਨਜ਼ੂਰਸ਼ੁਦਾ ਸਮੇਂ ਦੌਰਾਨ ਅਤੇ ਨਿਰਧਾਰਤ ਸਥਾਨਾਂ ‘ਤੇ ਹੀ ਹੋਵੇ। ਇਸੇ ਤਰ੍ਹਾਂ ਕਾਰਜਕਾਰੀ ਇੰਜੀਨੀਅਰ ਮੋਹਾਲੀ, ਕੇਂਦਰੀ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਦੇ ਸਾਰੇ ਹਿੱਸਿਆਂ ਵਿੱਚ ਪਟਾਕੇ ਚਲਾਉਣ ਦੀ ਮਿੱਥੀ ਮਿਆਦ ਦੀ ਨਿਗਰਾਨੀ ਕਰਨਗੇ।
ਕਾਰਜਕਾਰੀ ਇੰਜੀਨੀਅਰ ਮੋਹਾਲੀ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਕਮਿਸ਼ਨਰ, ਮਿਉਂਸਪਲ ਕਾਰਪੋਰੇਸ਼ਨ, ਮੋਹਾਲੀ ਤੋਂ ਇਲਾਵਾ ਸ਼ਹਿਰੀ ਖੇਤਰਾਂ ਵਿੱਚ ਸਾਰੀਆਂ ਨਗਰ ਕੌਂਸਲਾਂ/ਕਮੇਟੀ ਦੇ ਕਾਰਜ ਸਾਧਕ ਅਫ਼ਸਰ ਅਤੇ ਪੇਂਡੂ ਖੇਤਰਾਂ ਵਿੱਚ ਬੀ ਡੀ ਪੀ ਓਜ਼ ਜ਼ਿਲ੍ਹੇ ਵਿੱਚ ਸਬੰਧਤ ਖੇਤਰ ਦੀ ਹਵਾ ਦੀ ਗੁਣਵੱਤਾ ਨੂੰ ਧਿਆਨ ਵਿੱਚ ਰੱਖ ਕੇ ਵਿਸ਼ੇਸ਼ ਸਾਵਧਾਨੀ ਵਰਤਣਗੇ।
ਉਨ੍ਹਾਂ ਅੱਗੇ ਕਿਹਾ ਕਿ ਪਟਾਕਿਆਂ ਦੀ ਵਿਕਰੀ ਲਈ ਸਥਾਈ ਅਤੇ ਅਸਥਾਈ ਲਾਇਸੈਂਸ ਧਾਰਕ ਵੀ ਇਨ੍ਹਾਂ ਹੁਕਮਾਂ ਦੀ ਪੂਰਣ ਸਾਵਧਾਨੀ ਨਾਲ ਪਾਲਣਾ ਨੂੰ ਯਕੀਨੀ ਬਣਾਉਣਗੇ। ਉਪਰੋਕਤ ਨਿਰਦੇਸ਼ਾਂ ਦੀ ਕੋਈ ਵੀ ਉਲੰਘਣਾ ਕਰਨ ‘ਤੇ ਵਾਤਾਵਰਣ (ਸੁਰੱਖਿਆ) ਐਕਟ, 1986 ਦੀ ਧਾਰਾ 15 ਦੇ ਤਹਿਤ ਅਤੇ ਆਈ ਪੀ ਸੀ ਦੀ ਧਾਰਾ 188 ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।