July 5, 2024 1:01 am
Youth fair

ਮੋਹਾਲੀ ਵਿਖੇ 13-14 ਦਸੰਬਰ ਨੂੰ ਹੋਵੇਗਾ ਜ਼ਿਲ੍ਹਾ ਪੱਧਰੀ ਓਪਨ ਯੁਵਕ ਮੇਲਾ-2023

ਐਸ.ਏ.ਐਸ.ਨਗਰ, 8 ਦਸੰਬਰ 2023: ਡਾਇਰੈਕਟੋਰਟ ਆਫ ਯੁਵਕ ਸੇਵਾਵਾਂ,ਪੰਜਾਬ ਦੇ ਆਦੇਸ਼ਾਂ ਅਨੁਸਾਰ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ, ਐਸਏਐਸ ਨਗਰ ਦੀ ਸਰਪ੍ਰਸਤੀ ਹੇਠ ਜ਼ਿਲ੍ਹਾ ਪੱਧਰ ਦਾ ਓਪਨ ਯੂਥ ਫੈਸਟੀਵਲ (Youth fair) ਪੈਰਾਗਾਨ ਸੀਨੀ.ਸੈਕੰ.ਸਕੂਲ ਸੈਕਟਰ-71, ਮੋਹਾਲੀ ਵਿਖੇ 13 ਅਤੇ 14 ਦਸੰਬਰ, 2023 ਨੂੰ ਕਰਵਾਇਆ ਜਾ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਮਲਕੀਤ ਸਿੰਘ ਮਾਨ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ, ਐਸ.ਏ.ਐਸ.ਨਗਰ ਨੇ ਦੱਸਿਆ ਕਿ ਇਸ ਓਪਨ ਯੂਥ ਫੈਸਟੀਵਲ ਵਿੱਚ 15 ਤੋਂ 35 ਸਾਲ ਉਮਰ ਵਰਗ ਦਾ ਜ਼ਿਲ੍ਹਾ ਐਸ.ਏ.ਐਸ.ਨਗਰ ਦਾ ਕੋਈ ਵੀ ਵਸਨੀਕ ਭਾਗ ਲੈ ਸਕਦਾ ਹੈ। ਭਾਗੀਦਾਰਾਂ ਦੀ ਰਜਿਸਟ੍ਰੇਸ਼ਨ ਮੌਕੇ ਉੱਤੇ ਹੀ ਕੀਤੀ ਜਾਵੇਗੀ।

ਜਿਸ ਵਿੱਚ ਭੰਗੜਾ, ਗਿੱਧਾ, ਲੋਕ ਗੀਤ,ਵਾਰ ਗਾਇਨ, ਭਾਸ਼ਣ ਪ੍ਰਤੀਯੋਗਤਾ, ਕਵੀਸ਼ਰੀ, ਮੋਨੋਐਕਟਿੰਗ, ਪੁਰਾਤਨ ਪਹਿਰਾਵਾ, ਰਵਾਇਤੀ ਲੋਕ ਕਲਾ ਮੁਕਾਬਲਾ, ਫੁਲਕਾਰੀ, ਨਾਲੇ ਬੁਣਨਾ, ਪੀੜੀ ਬੁਣਨਾਂ, ਛਿੱਕੂ ਬਣਾਉਣਾ, ਪੱਖੀ ਬੁਣਨਾ, ਕਲੀ, ਗੱਤਕਾ, ਮਿਮਕਰੀ, ਭੰਡ, ਡੀਬੇਟ ਅਤੇ ਬੇਕਾਰ ਵਸਤੂਆਂ ਦਾ ਸਦਉਪਯੋਗ ਆਦਿ ਮੁਕਾਬਲੇ ਕਰਵਾਏ ਜਾਣਗੇ। ਇਨ੍ਹਾਂ ਮੁਕਾਬਲਿਆਂ ਵਿੱਚ ਜੇਤੂ ਟੀਮਾਂ ਅੱਗੇ ਸਟੇਟ ਪੱਧਰ ਤੇ ਹੋਣ ਵਾਲੇ ਯੂਥ ਫੈਸਟੀਵਲ (Youth fair) ਲਈ ਚੰਡੀਗੜ੍ਹ ਵਿਖੇ ਭੇਜੀਆਂ ਜਾਣਗੀਆਂ।

ਇਸ ਮੌਕੇ ਪੈਰਾਗਾਨ ਸੀਨੀ.ਸੈਕੰ.ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਜਸਮੀਤ ਕੌਰ ਨੇ ਦੱਸਿਆ ਕਿ ਸਕੂਲ ਵੱਲੋਂ ਦੋ ਰੋਜਾ ਯੁਵਕ ਮੇਲੇ ਸਬੰਧੀ ਤਿਆਰੀਆਂ ਆਰੰਭ ਦਿੱਤੀ ਗਈਆਂ ਹਨ ਅਤੇ ਸਟਾਫ ਦੀ ਮੱਦਦ ਨਾਲ ਇਨ੍ਹਾਂ ਮੁਕਾਬਲਿਆਂ ਨੂੰ ਨੇਪਰੇ ਚਾੜਿਆ ਜਾਵੇਗਾ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਦਫਤਰ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ, ਕਮਰਾ ਨੰਬਰ 511-512, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਐਸ.ਏ.ਐਸ.ਨਗਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।