ਚੰਡੀਗੜ੍ਹ, 18 ਸਤੰਬਰ 2024: ਪੰਜਾਬ ਕੈਬਿਨਟ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਸਿਵਲ ਸਕੱਤਰੇਤ ਵਿਖੇ ਐਸ.ਸੀ./ਬੀ.ਸੀ. ਅਧਿਆਪਕ ਯੂਨੀਅਨ ਪੰਜਾਬ ਨਾਲ ਵੱਖ-ਵੱਖ ਮੁੱਦਿਆਂ ‘ਤੇ ਬੈਠਕ ਕੀਤੀ | ਉਨ੍ਹਾਂ ਦੱਸਿਆ ਕਿ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ (welfare schemes) ਸਬੰਧੀ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਲਈ ਜ਼ਿਲ੍ਹਾ ਪੱਧਰੀ ਕੈਂਪ ਲਗਾਏ ਜਾਣਗੇ, ਤਾਂ ਉਨ੍ਹਾਂ ਨੂੰ ਜਾਗਰੂਕ ਕੀਤਾ ਜਾ ਸਕੇ | ਇਸਦਾ ਉਦੇਸ਼ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਨੂੰ ਵੱਧ ਤੋਂ ਵੱਧ ਲਾਭ ਦੇਣਾ ਹੈ |
ਇਸ ਬੈਠਕ ‘ਚ ਯੂਨੀਅਨ ਦੀਆਂ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ, ਇਸ ਦੌਰਾਨ ਵਧੀਕ ਮੁੱਖ ਸਕੱਤਰ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਡੀ.ਕੇ.ਤਿਵਾੜੀ, ਡਾਇਰੈਕਟਰ ਅੰਮ੍ਰਿਤ ਸਿੰਘ, ਡਾਇਰੈਕਟਰ-ਕਮ-ਸੰਯੁਕਤ ਸਕੱਤਰ ਰਾਜ ਬਹਾਦਰ ਸਿੰਘ ਅਤੇ ਡਿਪਟੀ ਡਾਇਰੈਕਟਰ ਰਵਿੰਦਰਪਾਲ ਸਿੰਘ ਵੀ ਹਾਜ਼ਰ ਰਹੇ |
ਇਸ ਬੈਠਕ ‘ਚ ਐਸ.ਸੀ/ਬੀ.ਸੀ ਅਧਿਆਪਕ ਯੂਨੀਅਨ, ਪੰਜਾਬ ਆਪਣੀ ਮੰਗਾਂ, ਅਬਾਦੀ ਮੁਤਾਬਕ ਰਾਖਵਾਂਕਰਨ ਲਾਗੂ ਕਰਨ, ਵਿਭਾਗੀ ਭਰਤੀਆਂ ਦੌਰਾਨ ਰਿਜ਼ਰਵ ਸ਼੍ਰੇਣੀ ਉਮੀਦਵਾਰਾਂ ਨੂੰ ਅੰਕਾਂ ਅਤੇ ਅਪਲਾਈ ਫੀਸਾਂ ‘ਚ ਬਣਦੀ ਛੋਟ ਦੇਣ ਸਬੰਧੀ, ਵਿਭਾਗੀ ਭਰਤੀਆਂ ਅਤੇ ਤਰੱਕੀਆਂ ਦੌਰਾਨ ਓਪਨ ਮੈਰਿਟ ਰਿਜ਼ਰਵ ਸ਼੍ਰੇਣੀ ਉਮੀਦਵਾਰ (ਜਨਰਲ ਕੈਟਾਗਿਰੀ ਉਮੀਦਵਾਰ ਦੀ ਮੈਰਿਟ ਤੱਕ ਸਾਰੇ ਰਿਜਰਵ ਸ਼੍ਰੇਣੀ ਉਮੀਦਵਾਰਾਂ) ਨੂੰ ਰੋਸਟਰ ਨੁਕਤਿਆਂ ‘ਤੇ ਰਾਖਵਾਂਕਰਨ ‘ਚ ਨਾ ਗਿਣਨ ਸੰਬੰਧੀ, ਮੈਰੀਟੋਰੀਅਸ ਸਕੂਲਾਂ ‘ਚ ਦਾਖਲੇ ਸਮੇਂ ਰਾਖਵਾਂਕਰਨ ਲਾਗੂ ਕਰਨ ਸਬੰਧੀ ਅਤੇ ਸਿੱਖਿਆ ਬੋਰਡ ਵੱਲੋਂ ਐਸ.ਸੀ ਅਤੇ ਬੀ.ਸੀ ਵਿਦਿਆਰਥੀਆਂ ਤੋਂ ਲਈ ਜਾਂਦੀ ਪ੍ਰੀਖਿਆ ਫੀਸ ਬੰਦ ਕਰਦੇ ਹੋਏ ਇਸਦੀ ਅਦਾਇਗੀ ਸਮਾਜਿਕ ਨਿਆਂ ਵਿਭਾਗ ਵੱਲੋਂ ਕਰਨ ਸਬੰਧੀ ਆਦਿ ਮੰਗਾਂ ਤੋਂ ਜਾਣੂ ਕਰਵਾਇਆ ਗਿਆ ਹੈ ।