ਐਸ.ਏ.ਐਸ.ਨਗਰ, 8 ਦਸੰਬਰ 2023: ਹਰਪਾਲ ਸਿੰਘ, ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਦੀ ਅਗਵਾਈ ਵਿਚ ਮਿਤੀ 09.12.2023 ਨੂੰ ਜ਼ਿਲ੍ਹਾ ਐਸ.ਏ.ਐਸ. ਨਗਰ ਵਿਖੇ ਰਾਸ਼ਟਰੀ ਲੋਕ ਅਦਾਲਤ (National Lok Adalat) ਦਾ ਲਾਈ ਜਾਵੇਗੀ।
ਬਲਜਿੰਦਰ ਸਿੰਘ ਮਾਨ, ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਜਾਣਕਾਰੀ ਦਿੱਤੀ ਗਈ ਕਿ ਇਸ ਲੋਕ ਅਦਾਲਤ ਲਈ ਸੈਸ਼ਨਜ਼ ਡਵੀਜ਼ਨ, ਐਸ.ਏ.ਐਸ. ਨਗਰ ਵਿਖੇ ਕੁੱਲ 22 ਬੈਂਚ ਬਣਾਏ ਗਏ ਹਨ ਜਿਨ੍ਹਾਂ ਵਿਚ ਵਿਚੋਂ ਹੈਡ ਕੁਆਰਟਰ ਮੋਹਾਲੀ ਵਿਚ 14 ਬੈਂਚ, ਸਬ-ਡਵੀਜ਼ਨ, ਖਰੜ ਵਿਖੇ 4 ਬੈਂਚ ਅਤੇ ਸਬ-ਡਵੀਜ਼ਨ, ਡੇਰਾਬਸੀ ਵਿਖੇ 4 ਬੈਂਚ ਹਨ।
ਉਨ੍ਹਾਂ ਕਿਹਾ ਕਿ ਲੋਕ ਅਦਾਲਤ (National Lok Adalat) ਦਾ ਮਕਸਦ ਲੋਕਾਂ ਨੂੰ ਸਸਤਾ ਅਤੇ ਛੇਤੀ ਇਨਸਾਫ਼ ਦਿਵਾਉਣਾ ਹੈ। ਲੋਕ ਅਦਾਲਤ ਵਿਚ ਅਦਾਲਤਾਂ ਵਿਚ ਲੰਬਤ ਕੇਸਾਂ ਦੇ ਨਾਲ-ਨਾਲ ਪ੍ਰੀ ਲਿਟੀਗੇਟਿਵ ਕੇਸ ਵੀ ਇੱਕ ਸਾਦੇ ਕਾਗਜ਼ ਤੇ ਦਰਖਾਸਤ ਦੇ ਕੇ ਲਗਾਏ ਜਾ ਸਕਦੇ ਹਨ। ਲੋਕ ਅਦਾਲਤ ਵਿਚ ਕੇਸਾਂ ਦਾ ਫੈਸਲਾ ਸਬੰਧਤ ਧਿਰਾਂ ਦੀ ਆਪਸੀ ਸਹਿਮਤੀ ਨਾਲ ਕੀਤਾ ਜਾਂਦਾ ਹੈ ਅਤੇ ਇਹ ਫੈਸਲਾ ਆਖਰੀ ਹੁੰਦਾ ਹੈ। ਇਸ ਫੈਸਲੇ ਦੇ ਖਿਲਾਫ਼ ਕੋਈ ਅਪੀਲ ਜਾਂ ਨਜ਼ਰਸਾਨੀ ਆਦਿ ਦਾਇਰ ਨਹੀਂ ਕੀਤੀ ਜਾ ਸਕਦੀ। ਧਿਰਾਂ ਵਲੋਂ ਲਗਾਈ ਗਈ ਅਦਾਲਤੀ ਫੀਸ ਵੀ ਵਾਪਸ ਕੀਤੀ ਜਾਂਦੀ ਹੈ।
ਲੋਕ ਅਦਾਲਤ ਵਿਚ ਸਾਰੇ ਰਾਜੀ ਨਾਮਾ ਯੋਗ ਫੌਜਦਾਰੀ ਕੇਸ, ਚੈਕਬਾਊਂਸ ਕੇਸ, ਬੈਂਕ ਰਿਕਵਰੀ ਕੇਸ, ਵਿਵਾਹਿਕ ਝਗੜੇ, ਐਮ.ਏ.ਸੀ.ਟੀ ਕੇਸ, ਕਿਰਤ ਸਬੰਧੀ ਝਗੜੇ, ਲੈਂਡ ਐਕਿਉਜਿਸ਼ਨ ਕੇਸ, ਬਿਜਲੀ ਅਤੇ ਪਾਣੀ ਦੇ ਬਿਲਾਂ ਸਬੰਧੀ, ਮਾਲ ਵਿਭਾਗ ਨਾਲ ਸਬੰਧਤ ਅਤੇ ਹਰ ਤਰ੍ਹਾਂ ਦੇ ਦੀਵਾਨੀ ਕੇਸ ਵਿਚਾਰੇ ਜਾਣਗੇ।
ਲੋਕ ਅਦਾਲਤ ਵਿਚ ਦੋਵੇਂ ਧਿਰਾਂ ਵਿਚ ਆਪਸੀ ਸਹਿਮਤੀ ਨਾਲ ਹੋਣ ਵਾਲੇ ਫੈਸਲੇ ਕਰਕੇ ਧਿਰਾਂ ਦੀ ਆਪਸੀ ਕੁੜੱਤਣ ਖਤਮ ਹੋ ਜਾਂਦੀ ਹੈ ਜਿਸ ਨਾਲ ਭਵਿੱਖ ਵਿਚ ਹੋਣ ਵਾਲੇ ਸੰਭਾਵਿਤ ਝਗੜਿਆਂ ਤੋਂ ਵੀ ਛੁਟਕਾਰਾ ਮਿਲ ਜਾਂਦਾ ਹੈ।