ਐਸ.ਏ.ਐਸ.ਨਗਰ, 21 ਅਗਸਤ, 2023: ਹਰਪਾਲ ਸਿੰਘ, ਜਿਲ੍ਹਾ ਅਤੇ ਸੈਸ਼ਨਜ਼ ਜੱਜ, ਐਸ.ਏ.ਐਸ. ਨਗਰ ਦੀ ਅਗਵਾਈ ਵਿਚ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਵਲੋਂ ਸੀਨੀਅਰ ਸਿਟੀਜ਼ਨ ਦਿਵਸ ਦੇ ਮੌਕੇ ਤੇ ਅੱਜ ਨਾਲਸਾ (ਲੀਗਲ ਸਰਵਿਸਿਜ਼ ਟੂ ਸੀਨੀਅਰ ਸਿਟੀਜਨ) ਸਕੀਮ, 2016 ਅਧੀਨ ਅਕਾਲ ਆਸ਼ਰਮ, ਰਤਵਾੜਾ ਸਾਹਿਬ ਵਿਚ ਸੈਮੀਨਾਰ ਦਾ ਆਯੋਜਨ ਕੀਤਾ ਗਿਆ।
ਬਲਜਿੰਦਰ ਸਿੰਘ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਵਲੋਂ ਅਕਾਲ ਆਸ਼ਰਮ ਵਿਖੇ ਰਹਿ ਰਹੇ ਬਜੁਰਗਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ ਗਈ। ਇਸ ਮੌਕੇ ਤੇ ਉਨ੍ਹਾਂ ਨੂੰ ਕੇਂਦਰ ਅਤੇ ਰਾਜ ਸਰਕਾਰ ਵਲੋਂ ਸੀਨੀਅਰ ਸਿਟੀਜ਼ਨਾਂ ਦੀ ਭਲਾਈ ਲਈ ਬਣਾਈਆਂ ਗਈਆਂ ਸਕੀਮਾਂ ਅਤੇ ਉਨ੍ਹਾਂ ਦੇ ਹੱਕਾਂ ਦੀ ਰਾਖੀ ਲਈ ਬਣਾਏ ਗਏ ਵੱਖ-ਵੱਖ ਕਾਨੂੰਨਾਂ ਸਬੰਧੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਵਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਸੰਵਿਧਾਨ ਦੇ ਅਨੁਛੇਦ 21 ਅਨੁਸਾਰ ਨਾਗਰਿਕਾਂ ਨੂੰ ਜੀਵਨ ਦਾ ਅਧਿਕਾਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਅਨੁਛੇਦ 41 ਅਨੁਸਾਰ ਰਾਜ ਸੀਨੀਅਰ ਸਿਟੀਜਨ, ਬਿਮਾਰ ਅਤੇ ਸਰੀਰਕ ਤੌਰ ਤੇ ਅਸਮਰੱਥ ਨਾਗਰਿਕਾਂ ਦੀ ਸਹਾਇਤਾ ਲਈ ਵਚਨਬੱਧ ਹਨ।
ਉਨ੍ਹਾਂ ਮੁਫਤ ਕਾਨੂੰਨੀ ਸਹਾਇਤਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੂੰ ਕਿਸੇ ਵੀ ਕਿਸਮ ਦੀ ਕਾਨੂੰਨੀ ਸਹਾਇਤਾ ਦੀ ਜਰੂਰਤ ਹੈ ਤਾਂ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਉਸ ਨੂੰ ਮੁਫਤ ਵਕੀਲ ਦੇ ਨਾਲ-ਨਾਲ ਉਸ ਦੇ ਕੇਸ ਵਿਚ ਹੋਣ ਵਾਲੇ ਖਰਚ, ਜਿਵੇਂ ਕਿ ਕੋਰਟ ਫੀਸ, ਵਕੀਲ ਦੀ ਫੀਸ, ਗਵਾਹਾਂ ਦੇ ਖਰਚ ਦੀ ਅਦਾਇਗੀ ਆਦਿ ਸਰਕਾਰ ਵਲੋਂ ਕੀਤੀ ਜਾਂਦੀ ਹੈੇ। ਕੋਈ ਵੀ ਵਿਅਕਤੀ ਜਿਸ ਦੀ ਸਾਲਾਨਾ ਆਮਦਨ ਤਿੰਨ ਲੱਖ ਰੁਪਏ ਤੋਂ ਘੱਟ ਹੋਵੇ, ਔਰਤ, ਬੱਚਾ, ਹਵਾਲਾਤੀ, ਬੇਗਾਰ ਦਾ ਮਾਰਿਆ ਅਤੇ ਉਦਯੋਗਿਕ ਕਾਮਾ ਹੋਵੇ ਆਦਿ ਮੁਫਤ ਕਾਨੂੰਨੀ ਸੇਵਾਵਾਂ ਦੇ ਹੱਕਦਾਰ ਹਨ।