June 28, 2024 3:32 pm
ਤਜਿੰਦਰਪਾਲ ਤੂਰ

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਜਿੰਦਰਪਾਲ ਤੂਰ ਅਤੇ ਹਰਮਿਲਨ ਬੈਂਸ ਦਾ ਮੋਹਾਲੀ ਹਵਾਈ ਅੱਡੇ ‘ਤੇ ਢੋਲ ਦੇ ਡੱਗੇ ਤੇ ਫੁੱਲਾਂ ਦੀ ਵਰਖਾ ਨਾਲ ਸਵਾਗਤ

ਐਸ.ਏ.ਐਸ.ਨਗਰ, 7 ਅਕਤੂਬਰ, 2023: ਹਾਂਗਜ਼ੂ ਏਸ਼ੀਅਨ ਖੇਡਾਂ 2023 ਦੇ ਚੈਂਪੀਅਨਾਂ ਦਾ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੋਹਾਲੀ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ (Mohali Airport) ‘ਤੇ ਢੋਲ ਦੀ ਥਾਪ ਅਤੇ ਫੁੱਲਾਂ ਦੀ ਵਰਖਾ ਦਰਮਿਆਨ ਨਿੱਘਾ ਸਵਾਗਤ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੇ ਅੰਤਰਰਾਸ਼ਟਰੀ ਪੱਧਰ ਤੇ ਜਿੱਤਾਂ ਹਾਸਲ ਖਿਡਾਰੀਆਂ ਨੂੰ ਪੰਜਾਬ ਦੇ ਨੌਜਵਾਨਾਂ ਦੇ ਆਦਰਸ਼ ਵਜੋਂ ਪੇਸ਼ ਕਰਨ ਦੀ ਆਪਣੀ ਵਚਨਬੱਧਤਾ ਤਹਿਤ ਏਸ਼ੀਅਨ ਖੇਡਾਂ ਦੇ ਤਗਮਾ ਜੇਤੂ ਤੇਜਿੰਦਰਪਾਲ ਸਿੰਘ ਤੂਰ ਅਤੇ ਹਰਮਿਲਨ ਬੈਂਸ ਨੂੰ ਨਿੱਘਾ ਸਨਮਾਨ ਦਿੱਤਾ ਗਿਆ।

ਜ਼ਿਲੇ ਦੇ ਉਭਰਦੇ ਖਿਡਾਰੀਆਂ ਨੇ ਏਅਰਪੋਰਟ ‘ਤੇ ਢੋਲ ਦੀ ਥਾਪ ਨਾਲ , ਪੰਜਾਬ ਦੀ ਮਿੱਟੀ ਦੇ ਜਾਏ ਇਨ੍ਹਾਂ ਖਿਡਾਰੀਆਂ ‘ਤੇ ਫੁੱਲਾਂ ਦੀ ਵਰਖਾ ਕਰਦੇ ਹੋਏ ਸਵਾਗਤ ਕੀਤਾ ਅਤੇ ਸੈਲਫੀਆਂ ਲੈਣ ਦੇ ਨਾਲ ਨਾਲ ਖਿਡਾਰੀਆਂ ਨੇ ਉਨ੍ਹਾਂ ਨੂੰ ਵੀ ਪਿਆਰ ਤੇ ਮਾਣ ਨਾਲ ਜੱਫੀ ਵੀ ਪਾਈ। ਮੋਹਾਲੀ ਵਿੱਚ ਮੁੱਖ ਮੰਤਰੀ ਦੇ ਫੀਲਡ ਅਫ਼ਸਰ ਵਜੋਂ ਤਾਇਨਾਤ ਪੀ ਸੀ ਐਸ ਅਫਸਰ ਇੰਦਰਪਾਲ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਤਰਫ਼ੋਂ ਜ਼ਿਲ੍ਹਾ ਖੇਡ ਅਫ਼ਸਰ ਗੁਰਦੀਪ ਕੌਰ ਅਤੇ ਕੋਚਾਂ ਨਾਲ ਹਵਾਈ ਅੱਡੇ ’ਤੇ ਤੂਰ ਤੇ ਬੈਂਸ ਦਾ ਹਾਰ ਪਾ ਕੇ ਸਵਾਗਤ ਕੀਤਾ।

ਜ਼ਿਕਰਯੋਗ ਹੈ ਕਿ ਤਜਿੰਦਰਪਾਲ ਸਿੰਘ ਤੂਰ ਨੇ ਸ਼ਾਟਪੁੱਟ ਵਿੱਚ ਸੋਨ ਤਗ਼ਮਾ ਜਿੱਤਿਆ ਹੈ ਜਦਕਿ ਹਰਮਿਲਨ ਬੈਂਸ ਨੇ ਕ੍ਰਮਵਾਰ 800 ਮੀਟਰ ਅਤੇ 1500 ਮੀਟਰ ਵਿੱਚ ਦੋ ਚਾਂਦੀ ਦੇ ਤਗ਼ਮੇ ਹਾਸਲ ਕੀਤੇ ਹਨ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਚੱਲ ਰਹੀਆਂ ਏਸ਼ੀਅਨ ਖੇਡਾਂ ਦੌਰਾਨ ਸਾਡੇ ਦੇਸ਼ ਅਤੇ ਸੂਬੇ ਲਈ ਕਈ ਤਗਮੇ ਜਿੱਤਣਾ ਸਾਡੇ ਲਈ ਮਾਣ ਵਾਲੀ ਗੱਲ ਹੈ।
ਦੋਵੇਂ ਖਿਡਾਰੀ ਹਵਾਈ ਅੱਡੇ ‘ਤੇ ਨਿੱਘਾ ਸਵਾਗਤ ਕਬੂਲਣ ਉਪਰੰਤ ਪਟਿਆਲਾ ਲਈ ਰਵਾਨਾ ਹੋਏ।