mid day meal

ਮਿਡ ਡੇ ਮੀਲ ‘ਚ ਕਿੰਨੂ ਵੰਡਣ ਦੀ ਹੋਈ ਸ਼ੁਰੂਆਤ, ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਖੁਦ ਬੱਚਿਆਂ ਨੂੰ ਵੰਡੇ ਕਿਨੂੰ

ਫਾਜ਼ਿਲਕਾ 12 ਫਰਵਰੀ 2024: ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਕੂਲਾਂ ਵਿੱਚ ਮਿਡ ਡੇ ਮੀਲ (mid day meal) ਵਿੱਚ ਮੌਸਮੀ ਫਲ ਕਿਨੂੰ ਦੇਣ ਦੀਆਂ ਹਦਾਇਤਾਂ ਦੇ ਮੱਦੇ ਨਜ਼ਰ ਅੱਜ ਜ਼ਿਲ੍ਹੇ ਭਰ ਦੇ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਮਿਡ ਡੇ ਮੀਲ ਵਿੱਚ ਕਿੰਨੂ ਫਲ ਦਿੱਤਾ ਗਿਆ। ਇਸ ਦੀ ਸ਼ੁਰੂਆਤ ਫਾਜ਼ਿਲਕਾ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤੋਂ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਕਰਵਾਈ । ਇਸ ਮੌਕੇ ਵਿਦਿਆਰਥੀਆਂ ਨੇ ਬੜੇ ਚਾਅ ਨਾਲ ਕਿੰਨੂ ਦਾ ਫਲ ਖਾਦਾ ਜੋ ਕਿ ਆਪਣੇ ਔਸ਼ਧੀ ਗੁਣਾ ਕਰਕੇ ਵਿਦਿਆਰਥੀਆਂ ਦੀ ਸਿਹਤ ਲਈ ਬਹੁਤ ਉੱਤਮ ਹੈ।

ਇਸ ਮੌਕੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਆਖਿਆ ਕਿ ਫਾਜ਼ਿਲਕਾ ਜ਼ਿਲ੍ਹਾ ਪੰਜਾਬ ਵਿੱਚ ਸਭ ਤੋਂ ਵੱਧ ਕਿੰਨੂ ਪੈਦਾ ਕਰਦਾ ਹੈ ਅਤੇ ਮਿਡ ਡੇਅ ਮੀਲ ਵਿੱਚ ਕਿੰਨੂ ਦੇਣ ਦੀ ਸ਼ੁਰੂਆਤ ਹੋਣ ਨਾਲ ਕਿੰਨੂ ਦੀ ਖਪਤ ਵਧੇਗੀ ਜਿਸ ਦਾ ਸਿੱਧਾ ਲਾਭ ਜਿਲ੍ਹੇ ਦੇ ਕਿਸਾਨਾਂ ਨੂੰ ਹੋਵੇਗਾ । ਉਨਾਂ ਨੇ ਦੱਸਿਆ ਕਿ ਹਰ ਹਫਤੇ ਵਿਦਿਆਰਥੀਆਂ ਨੂੰ ਮਿਡ ਡੇ ਮੀਲ ਵਿੱਚ ਕਿੰਨੂ ਦਾ ਫਲ ਦਿੱਤਾ ਜਾਇਆ ਕਰੇਗਾ ।

ਜਿਕਰ ਯੋਗ ਹੈ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਕਿਸਾਨਾਂ ਦੀ ਮੰਗ ਅਨੁਸਾਰ ਪਿਛਲੇ ਹਫਤੇ ਹੀ ਨਿਰਦੇਸ਼ ਜਾਰੀ ਕੀਤੇ ਸਨ ਕਿ ਵਿਦਿਆਰਥੀਆਂ ਨੂੰ ਮਿਡ ਡੇ ਮੀਲ (mid day meal)  ਵਿੱਚ ਕੇਲੇ ਦੀ ਥਾਂ ਤੇ ਸਥਾਨਕ ਤੌਰ ਤੇ ਹੋਣ ਵਾਲੇ ਫਲ ਜਿਵੇਂ ਕਿ ਕਿੰਨੂ ਦਿੱਤਾ ਜਾਵੇ। ਜਿਸ ਦੇ ਮੱਦੇ ਨਜ਼ਰ ਸਿੱਖਿਆ ਵਿਭਾਗ ਵੱਲੋਂ ਪਹਿਲਾਂ ਹੀ ਸਾਰੇ ਸਕੂਲਾਂ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਸਨ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿੰਨੂ ਆਪਣੇ ਔਸ਼ਧੀ ਗੁਣਾ ਕਰਕੇ ਵਿਦਿਆਰਥੀਆਂ ਦੀ ਸਿਹਤ ਲਈ ਬਹੁਤ ਢੁਕਵਾਂ ਹੈ ਕਿਉਂਕਿ ਇਸ ਵਿੱਚ ਪਾਇਆ ਜਾਣ ਵਾਲਾ ਵਿਟਾਮਿਨ ਸੀ ਸਰੀਰ ਦੀ ਬਿਮਾਰੀਆਂ ਨਾਲ ਲੜਨ ਪ੍ਰਤੀ ਸਮਰੱਥਾ ਵਿੱਚ ਵਾਧਾ ਕਰਦਾ ਹੈ ਅਤੇ ਇਸ ਨੂੰ ਖਾਣ ਨਾਲ ਵਿਅਕਤੀ ਘੱਟ ਬਿਮਾਰ ਹੁੰਦਾ ਹੈ । ਉਹਨਾਂ ਨੇ ਕਿਹਾ ਕਿ ਇਸ ਵਿੱਚ ਹੋਰ ਵੀ ਬਹੁਤ ਸਾਰੇ ਉਪਯੋਗੀ ਤੱਤ ਪਾਏ ਜਾਂਦੇ ਹਨ ਜੋ ਮਨੁੱਖੀ ਸਿਹਤ ਲਈ ਲਾਹੇਬੰਦ ਹਨ।

ਉਹਨਾਂ ਨੇ ਹੋਰ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਕਿੰਨੂੰ ਦਾ ਸੇਵਨ ਕਰਨ। ਇਸ ਮੌਕੇ ਡਿਪਟੀ ਜ਼ਿਲ੍ਹਾ ਸਿੱਖਿਆ ਅਫਸਰ ਅੰਜੂ ਬਾਲਾ ਅਤੇ ਸਕੂਲ ਮੁਖੀ ਸੁਤੰਤਰ ਬਾਲਾ ਵੀ ਹਾਜ਼ਰ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਵਿਦਿਆਰਥੀਆਂ ਨਾਲ ਸਕੂਲ ਵਿੱਚ ਤਿਆਰ ਹੋਇਆ ਮਿਡ ਡੇ ਮੀਲ ਵੀ ਖਾਧਾ ਅਤੇ ਵਿਦਿਆਰਥੀਆਂ ਤੋਂ ਮਿਡ ਡੇ ਮੀਲ ਦੀ ਗੁਣਵੱਤਾ ਸਬੰਧੀ ਜਾਣਕਾਰੀ ਪ੍ਰਾਪਤ ਕਰਨ ਦੇ ਨਾਲ ਨਾਲ ਉਹਨਾਂ ਨੂੰ ਜੀਵਨ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਵੀ ਕੀਤਾ।

Scroll to Top