ਟਕਸਾਲੀ ਕਾਂਗਰਸੀ

ਨਰਾਜ਼ ਟਕਸਾਲੀ ਕਾਂਗਰਸੀਆਂ ਨੇ ਪ੍ਰਧਾਨ ਰਾਜਾ ਵੜਿੰਗ ਨੂੰ ਸੁਣਾਈਆਂ ਖਰੀਆਂ-ਖਰੀਆਂ, ਡਾ. ਧਰਮਵੀਰ ਗਾਂਧੀ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

ਚੰਡੀਗੜ੍ਹ 21 ਅਪ੍ਰੈਲ 2024: ਬੀਤੇ ਦਿਨ ਰਾਜਪੁਰਾ (Rajpura) ‘ਚ ਟਕਸਾਲੀ ਕਾਂਗਰਸੀ ਆਗੂਆਂ ਤੇ ਵਰਕਰਾਂ ਦੀ ਅਹਿਮ ਬੈਠਕ ਹੋਈ | ਲੋਕ ਸਭਾ ਪਟਿਆਲਾ ਦੇ ਟਕਸਾਲੀ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਖਰੀਆਂ-ਖਰੀਆਂ ਸੁਣਾ ਕੇ ਆਪਣੀ ਭੜਾਸ ਕੱਢੀ। ਸਟੇਜ ਤੋਂ ਆਗੂਆਂ ਨੇ ਆਪਣਾ ਦਰਦ ਸੁਣਾਇਆ ਜਦੋਂਕਿ ਪੰਡਾਲ ਵਿਚ ਬੈਠੇ ਵਰਕਰਾਂ ਨੇ ਰਾਜਾ ਵੜਿੰਗ ਨੂੰ ਡਾ. ਧਰਮਵੀਰ ਗਾਂਧੀ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਤੁਰੰਤ ਟਿਕਟ ਬਦਲਣ ਦੀ ਮੰਗ ਵੀ ਕਰ ਦਿੱਤੀ। ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਅਗਵਾਈ ਵਿਚ ਟਕਸਾਲੀ ਆਗੂਆਂ ਤੇ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕੀਤਾ |

ਦਰਅਸਲ ਪਟਿਆਲਾ ਲੋਕ ਸਭਾ ਹਲਕੇ ‘ਚ ਕਾਂਗਰਸ ਵੱਲੋਂ ਡਾ. ਧਰਮਵੀਰ ਗਾਂਧੀ ਦੀ ਟਿਕਟ ਦੇਣ ਤੋਂ ਬਾਅਦ ਟਕਸਾਲੀ ਕਾਂਗਰਸੀ ਅਤੇ ਹੋਰ ਵਰਕਰ ਨਰਾਜ਼ ਹਨ | ਇਸਦੇ ਚੱਲਦੇ ਰਾਜਪੁਰਾ ਵਿਖੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਅਤੇ ਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ, ਸਾਬਕਾ ਵਿਧਾਇਕ ਕਾਕਾ ਰਾਜਿੰਦਰ ਸਿੰਘ ਦੀ ਅਗਵਾਈ ਵਿਚ ਹੋਈ ਹਜ਼ਾਰਾਂ ਟਕਸਾਲੀ ਕਾਂਗਰਸੀਆਂ ਨੇ ਬੈਠਕ ਵਿਚ ਦਲ ਬਦਲੂਆਂ ‘ਤੇ ਤਿੱਖੇ ਨਿਸ਼ਾਨੇ ਸਾਧੇ । ਇਸ ਕਾਨਫਰੰਸ ‘ਚ ਜਿੱਥੇ ਵਿਸ਼ੇਸ਼ ਤੌਰ ‘ਤੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੀ ਟਕਸਾਲੀ ਕਾਂਗਰਸੀਆਂ ਨੂੰ ਸ਼ਾਂਤ ਕਰਨ ਲਈ ਪਹੁੰਚੇ |

ਇਸ ਦੌਰਾਨ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਸਮੁੱਚੇ ਕਾਂਗਰਸੀਆਂ ਨੂੰ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਇਕਜੁੱਟ ਹੋ ਕੇ ਕਾਂਗਰਸ ਦੇ ਕੌਮੀ ਆਗੂ ਰਾਹੁਲ ਗਾਂਧੀ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ | ਉਨ੍ਹਾਂ ਕਿਹਾ ਕਿ ਅੱਜ ਛੋਟੀਆਂ ਗੱਲਾਂ ਨੂੰ ਛੱਡਕੇ ਪੀ.ਐੱਮ ਮੋਦੀ ਨੂੰ ਹਰਾਉਣਾ ਜ਼ਰੂਰੀ ਹੈ। ਉਹ ਟਕਸਾਲੀ ਕਾਂਗਰਸੀਆਂ ਦਾ ਦੁਖ ਸਮਝਦੇ ਹਨ ਤੇ ਅੱਜ ਪੂਰੀ ਤਰ੍ਹਾਂ ਉਹ ਹਰਦਿਆਲ ਸਿੰਘ ਕੰਬੋਜ, ਕਾਕਾ ਰਾਜਿੰਦਰ ਸਿੰਘ, ਲਾਲ ਸਿੰਘ ਅਤੇ ਹੋਰ ਟਕਸਾਲੀ ਆਗੂਆਂ ਦੇ ਨਾਲ ਖੜ੍ਹੇ ਹਨ ਅਤੇ ਇਨ੍ਹਾਂ ਦੇ ਗਿਲੇ ਸ਼ਿਕਵੇ ਉਨ੍ਹਾਂ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਕੋਲ ਵੀ ਪਹੁੰਚਾ ਦਿੱਤੇ ਹਨ |

ਰਾਜਾ ਵੜਿੰਗ ਨੇ ਕਿਹਾ ਕਿ ਟਕਸਾਲੀਆਂ ਨੂੰ ਅੱਖੋ ਪਰੋਖੇ ਨਹੀ ਕੀਤਾ ਜਾ ਸਕਦਾ। ਇਸ ਗੱਲ ਦਾ ਗਿਲਾ ਹੈ ਤੇ ਰਹੇਗਾ ਕਿ ਲੋਕ ਸਭਾ ਹਲਕਾ ਪਟਿਆਲਾ ਦੀ ਟਿਕਟ ਕਿਸੇ ਟਕਸਾਲੀ ਨੂੰ ਨਹੀ ਦਿੱਤੀ ਜਾ ਸਕੀ ਪਰ ਪਾਰਟੀ ਆਲਾਕਮਾਨ ਨੇ ਜਿਹੜਾ ਫ਼ੈਸਲਾ ਲਿਆ ਹੈ, ਅਸੀਂ ਉਸ ’ਤੇ ਫੁੱਲ ਚੜ੍ਹਾਵਾਂਗੇ। ਰਾਜਾ ਵੜਿੰਗ ਨੇ ਕਿਹਾ ਕਿ ਵਿਧਾਇਕ ਤੇ ਐੱਮਪੀ ਬਣਦੇ ਰਹਿੰਦੇ ਹਨ ਪਰ ਹਰਦਿਆਲ ਸਿੰਘ ਕੰਬੋਜ, ਲਾਲ ਸਿੰਘ, ਕਾਕਾ ਰਜਿੰਦਰ ਸਿੰਘ ਵਰਗੇ ਲੀਡਰ ਬੜੀ ਮਿਹਨਤ ਨਾਲ ਬਣਦੇ ਅਤੇ ਕਾਂਗਰਸ ਪਾਰਟੀ ਨੂੰ ਮਿਲਦੇ ਹਨ। ਉਨ੍ਹਾਂ ਕਿਹਾ ਕਿ ਨਾਰਾਜ਼ਗੀ ਹੋ ਸਕਦੀ ਹੈ ਪਰ ਹੁਣ ਲੜਾਈ ਵੱਡੀ ਹੈ, ਇਸ ਲਈ ਸ਼ਿਕਵਿਆਂ ਨੂੰ ਛੱਡ ਕੇ ਇਸ ਲੜਾਈ ਵਿਚ ਜਿੱਤ ਹਾਸਲ ਕਰਨ ਲਈ ਇਕਜੁੱਟ ਹੋਣ ਦੀ ਲੋੜ ਹੈ।

ਰਾਜਾ ਵੜਿੰਗ ਨੇ ਕਿਹਾ ਕਿ ਕੁਝ ਫਿਰਕੂ ਤਾਕਤਾਂ ਅੱਜ ਵੀ ਕਾਂਗਰਸ ਨੂੰ ਤੋੜਨਾ ਚਾਹੁੰਦੀਆਂ ਹਨ, ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਅਤੇ ਦੇਸ਼ ਨੂੰ ਬਚਾਉਣ ਲਈ ਅੱਜ ਕਾਂਗਰਸ ਨੂੰ ਮਜ਼ਬੂਤ ਕਰਨਾ ਜ਼ਰੂਰੀ ਹੈ। ਰਾਜਾ ਵੜਿੰਗ ਭਾਸ਼ਣ ਖ਼ਤਮ ਕਰ ਕੇ ਜਾਣ ਲੱਗੇ ਤਾਂ ਪੰਡਾਲ ਵਿਚ ਬੈਠੇ ਵਰਕਰਾਂ ਨੇ ਪ੍ਰਧਾਨ ਨੂੰ ਰੋਕ ਕੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ, ਪਰ ਅੱਗੋਂ ਜਵਾਬ ਨਾ ਮਿਲਣ ’ਤੇ ਵਰਕਰਾਂ ਨੇ ਲੋਕ ਸਭਾ ਉਮੀਦਵਾਰ ਡਾ. ਧਰਮਵੀਰ ਗਾਂਧੀ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਵਰਕਰਾਂ ਦਾ ਗੁੱਸਾ ਵਧਦਾ ਦੇਖ ਰਾਜਾ ਵੜਿੰਗ ਉਥੋਂ ਚਲੇ ਗਏ |

ਇਸ ਦੌਰਾਨ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਜੋ ਡਾ. ਧਰਮਵੀਰ ਗਾਂਧੀ ਅੱਜ ਤੱਕ ਕਾਂਗਰਸ ਪਾਰਟੀ ਬਾਰੇ ਮੰਦਾ ਚੰਗਾ ਬੋਲਦੇ ਸਨ, ਜਿਨ੍ਹਾਂ ਨੇ ਕਾਂਗਰਸੀ ਵਰਕਰਾਂ ਤੇ ਆਗੂਆਂ ਖ਼ਿਲਾਫ਼ ਕੇਸ ਤੱਕ ਦਰਜ ਕਰਵਾਏ, ਜਿਹੜਾ ਵਿਅਕਤੀ ਇਹ ਕਹਿੰਦਾ ਹੈ ਕਿ ਉਹ ਵਰਕਰ ਦੀ ਬਾਂਹ ਨਹੀਂ ਫੜੇਗਾ, ਇਹ ਹਜ਼ਾਰਾਂ ਕਾਂਗਰਸੀ ਟਕਸਾਲੀ ਕਿਸ ਤਰ੍ਹਾਂ ਉਨ੍ਹਾਂ ਦੀ ਹਮਾਇਤ ਕਰ ਸਕਦੇ ਹਨ । ਅਸੀਂ ਪੂਰੀ ਤਰ੍ਹਾਂ ਡਟਕੇ ਕਾਂਗਰਸ ਤੇ ਰਾਹੁਲ ਗਾਂਧੀ ਨਾਲ ਸੀ ਅਤੇ ਨਾਲ ਹਾਂ ਪਰ ਲੋਕਾਂ ‘ਚ ਗੁੱਸਾ ਆਸਮਾਨ ‘ਤੇ ਹੈ। ਉਨ੍ਹਾਂ ਕਿਹਾ ਕਿ ਪਿਛਲੇ 30 ਸਾਲਾਂ ਤੋਂ ਉਹ ਕਾਂਗਰਸ ਦੀ ਸੇਵਾ ਕਰ ਰਹੇ ਹਨ। ਕਾਂਗਰਸੀਆਂ ਨੇ ਉਨ੍ਹਾਂ ਨੂੰ ਬਹੁਤ ਮਾਣ ਸਨਮਾਨ ਦਿੱਤਾ ਹੈ। ਇਸ ਲਈ ਉਹ ਅੱਜ ਵੀ ਟਿਕਟ ਨਾ ਮਿਲਣ ਦੇ ਬਾਅਦ ਵੀ ਕਾਂਗਰਸ ਨਾਲ ਡਟਕੇ ਖੜ੍ਹੇ ਹਨ। ਉਨ੍ਹਾਂ ਪ੍ਰਧਾਨ ਰਾਜਾ ਵੜਿੰਗ ਨੂੰ ਬੇਨਤੀ ਕੀਤੀ ਕਿ ਕਾਂਗਰਸ ‘ਚ ਅਜਿਹੇ ਘੁਸਪੈਠੀਆਂ ਦਾ ਕਬਜ਼ਾ ਖਤਮ ਕਰਵਾਉਣ। ਕੰਬੋਜ ਨੇ ਕਿਹਾ ਕਿ ਜੇ ਵਰਕਰਾਂ ਦੀ ਗੱਲ ਨਹੀਂ ਸੁਣਨੀ ਤਾਂ ਉਹ ਕਿਸ ਲਈ ਖੜ੍ਹਨਗੇ ਤੇ ਲੜਨਗੇ।

ਇਸਦੇ ਨਾਲ ਹੀ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਲਾਲ ਸਿੰਘ ਨੇ ਕਿਹਾ ਕਿ ਇਸ ਸਮੇਂ ਕਾਂਗਰਸ ਪਾਰਟੀ ਵਿਚ ਘੁਸਪੈਠੀਆਂ ਦਾ ਕਬਜ਼ਾ ਹੋ ਗਿਆ ਹੈ ਜਿਸ ਕਰ ਕੇ ਪੰਜਾਬ ਵਿਚ ਕਾਂਗਰਸ ਦੇ ਨਾਲ ਪ੍ਰਧਾਨ ਨੂੰ ਵੀ ਖ਼ਤਰਾ ਹੈ। ਲਾਲ ਸਿੰਘ ਨੇ ਰਾਜਾ ਵੜਿੰਗ ਨੂੰ ਕਿਹਾ ਕਿ ਅਸੀਂ ਕਾਂਗਰਸ ਅਤੇ ਤੁਹਾਨੂੰ ਮਾਫੀਆ ਤੇ ਘੁਸਪੈਠੀਆਂ ਤੋਂ ਬਚਾਉਣਾ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਟਕਸਾਲੀਆਂ ਦੀ ਬਾਂਹ ਫੜੀ ਜਾਵੇ ਤੇ ਵਰਕਰਾਂ ਦੇ ਸ਼ਿਕਵੇ ਦੂਰ ਕਰ ਕੇ ਵਰਕਰਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇ। ਉਨ੍ਹਾਂ ਕਿਹਾ ਅਸੀਂ ਕਦੇ ਵੀ ਨਾ ਤਾਂ ਪਾਰਟੀ ਬਦਲੀ ਨਾ ਹੀ ਬਦਲਾਂਗੇ ਪਰ ਅਜਿਹੇ ਲੋਕ ਜਿਹੜੇ ਡੱਡੂ ਵਾਂਗ ਛਲਾਂਗਾਂ ਲਗਾਉਂਦੇ ਹਨ, ਉਨ੍ਹਾਂ ਨੂੰ ਕਾਂਗਰਸ ‘ਚ ਸਨਮਾਨ ਦੇਣਾ ਬਿਲਕੁਲ ਗਲਤ ਹੈ।

ਉਨ੍ਹਾਂ ਨੇ ਕਿਹਾ ਕਿ ਕਿਸੇ ਸਮੇਂ ਕੈਪਟਨ ਅਮਰਿੰਦਰ ਸਿੰਘ ਇੱਥੇ ਆਏ, ਸਾਢੇ 9 ਸਾਲ ਮੁੱਖ ਮੰਤਰੀ ਰਹੇ ਅਤੇ ਫਿਰ ਇਕ ਸਕਿੰਟ ‘ਚ ਦੌੜ ਗਏ। ਅਜਿਹੇ ਹੀ ਲੋਕ ਕਾਂਗਰਸ ਦਾ ਮੰਚ ਵਰਤਦੇ ਹਨ ਤੇ ਜਦੋਂ ਕਦੇ ਕਾਂਗਰਸ ਨੂੰ ਇਨ੍ਹਾਂ ਦੀ ਜ਼ਰੂਰਤ ਪਵੇ ਤਾਂ ਭੱਜ ਜਾਂਦੇ ਹਨ। ਉਨ੍ਹਾਂ ਆਖਿਆ ਕਿ ਇਸ ਸਟੇਜ ‘ਤੇ ਉਹ ਖੁਦ ਅੱਜ ਪਿਛਲੇ 60 ਸਾਲਾਂ ਤੋਂ ਕਾਂਗਰਸ ਦੀ ਸੇਵਾ ਕਰ ਰਹੇ ਹਨ, ਬੜੇ ਉਤਾਰ ਚੜਾਅ ਦੇਖੇ ਪਰ ਕਾਂਗਰਸ ਨਹੀਂ ਛੱਡੀ।

ਦੂਜੇ ਪਾਸੇ ਰਾਜਪੁਰਾ ਰੈਲੀ ਸਬੰਧੀ ਕਾਂਗਰਸ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਪਟਿਆਲਾ ਦੀ ਸੀਨੀਅਰ ਲੀਡਰਸ਼ਿਪ ਨੂੰ ਖ਼ੁਦ ਜਾ ਕੇ ਮਿਲਾਂਗਾ ਤੇ ਚੋਣ ਮੁਹਿੰਮ ਯੋਜਨਾ ਤਿਆਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਮੁੱਚੀ ਲੀਡਰਸ਼ਿਪ ਨੂੰ ਨਾਲ ਲੈ ਕੇ ਚੱਲਿਆ ਜਾਵੇਗਾ।

ਕਾਂਗਰਸ ਦੇ ਇਸ ਇਕੱਠ ਵਿਚ ਸਾਬਕਾ ਮੰਤਰੀ ਲਾਲ ਸਿੰਘ, ਸਾਬਕਾ ਵਿਧਾਇਕ ਕਾਕਾ ਰਜਿੰਦਰ ਸਿੰਘ, ਮਹਿਲਾ ਵਿੰਗ ਦੀ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ, ਸਾਬਕਾ ਵਿਧਾਇਕ ਨਿਰਮਲ ਸਿੰਘ ਸ਼ਤਰਾਣਾ, ਨਿਰਭੈ ਸਿੰਘ ਮਿਲਟੀ, ਵਿਸ਼ਨੂ ਸ਼ਰਮਾ, ਜਗਤਾਰ ਸਿੰਘ ਰਾਜਲਾ ਸਮੇਤ ਹੋਰ ਆਗੂ ਵੀ ਮੌਜੂਦ ਸਨ।

 

Scroll to Top