ਚੰਡੀਗੜ੍ਹ 3 ਫਰਵਰੀ 2023: ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ (Punjab Cabinet) ਦੀ ਅਹਿਮ ਮੀਟਿੰਗ ਵਿੱਚ ਰਿਹਾਅ ਕੀਤੇ ਜਾਣ ਵਾਲੇ ਕੈਦੀਆਂ ਦੀ ਸੂਚੀ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਹੈ । ਇਸ ਦੌਰਾਨ ਪੰਜਾਬ ਕੈਬਨਿਟ ਨੇ ਕੁਝ ਕੈਦੀਆਂ ਦੇ ਨਾਵਾਂ ਨੂੰ ਮਨਜ਼ੂਰੀ ਦਿੱਤੀ ਹੈ, ਜਿਨ੍ਹਾਂ ਨੂੰ ਰਿਹਾਅ ਕੀਤਾ ਜਾਵੇਗਾ। ਦੱਸ ਦੇਈਏ ਕਿ ਇਹ ਉਹੀ ਲਿਸਟ ਹੈ ਜਿਸ ਵਿੱਚ ਨਵਜੋਤ ਸਿੰਘ ਸਿੱਧੂ ਦਾ ਨਾਂ ਵੀ ਸ਼ਾਮਲ ਸੀ। ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਪੰਜਾਬ ਕੈਬਨਿਟ (Punjab Cabinet) ਨੇ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਨੂੰ ਮਨਜ਼ੂਰੀ ਦਿੱਤੀ ਹੈ ਜਾਂ ਨਹੀਂ।
ਦੂਜੇ ਪਾਸੇ ਅਜਿਹੇ ਕਿਆਸ ਲਗਾਏ ਜਾ ਰਹੇ ਹਨ ਕਿ ਅਪ੍ਰੈਲ ਦੇ ਪਹਿਲੇ ਮਹੀਨੇ ਨਵਜੋਤ ਸਿੱਧੂ (Navjot Singh Sidhu) ਬਾਹਰ ਆ ਸਕਦੇ ਹਨ। 26 ਜਨਵਰੀ ਨੂੰ ਰਿਹਾਈ ਦੀ ਉਮੀਦ ਟੁੱਟਣ ਤੋਂ ਬਾਅਦ ਹੁਣ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਨਵਜੋਤ ਸਿੱਧੂ ਇੱਕ ਸਾਲ ਦੀ ਸਜ਼ਾ ਪੂਰੀ ਕਰਨ ਤੋਂ ਬਾਅਦ ਹੀ ਬਾਹਰ ਆਉਣਗੇ। ਸਿੱਧੂ 20 ਮਈ 2022 ਨੂੰ ਜੇਲ੍ਹ ਗਏ ਸਨ, ਪਰ ਉਨ੍ਹਾਂ ਦੀ ਰਿਹਾਈ ਲਈ 19 ਮਈ 2023 ਤੱਕ ਉਡੀਕ ਨਹੀਂ ਕਰਨੀ ਪਵੇਗੀ। ਉਹ ਸਮੇਂ ਤੋਂ ਡੇਢ ਮਹੀਨਾ ਪਹਿਲਾਂ ਹੀ ਬਾਹਰ ਆ ਸਕਦੇ ਹਨ । ਭਾਵ ਨਵਜੋਤ ਸਿੰਘ ਸਿੱਧੂ ਅਪ੍ਰੈਲ ਦੇ ਪਹਿਲੇ ਹਫ਼ਤੇ ਹੀ ਬਾਹਰ ਆ ਸਕਦੇ ਹਨ।