July 7, 2024 6:10 am
ਪੁਆਧ ਕੇ ਖਲਵਾੜੇ

ਭਾਸ਼ਾ ਵਿਭਾਗ ਮੋਹਾਲੀ ਵੱਲੋਂ ‘ਪੁਆਧ ਕੇ ਖਲਵਾੜੇ’ ਪੁਸਤਕ ’ਤੇ ਵਿਚਾਰ ਚਰਚਾ

ਐਸ.ਏ.ਐਸ.ਨਗਰ, 22 ਸਤੰਬਰ, 2023: ਜ਼ਿਲ੍ਹਾ ਭਾਸ਼ਾ ਦਫ਼ਤਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਦੇ ਵਿਹੜੇ ਅੱਜ ਭੁਪਿੰਦਰ ਸਿੰਘ ਮਟੌਰਵਾਲ਼ਾ ਦੀ ਪੁਸਤਕ ‘ਪੁਆਧ ਕੇ ਖਲਵਾੜੇ’ ‘ਤੇ ਵਿਚਾਰ ਚਰਚਾ ਕਰਵਾਈ ਗਈ। ਸਮਾਗਮ ਦੇ ਆਰੰਭ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਸਮੂਹ ਪ੍ਰਧਾਨਗੀ ਮੰਡਲ, ਸਾਹਿਤਕਾਰਾਂ ਅਤੇ ਪਤਵੰਤੇ ਸੱਜਣਾਂ ਨੂੰ ‘ਜੀ ਆਇਆਂ ਨੂੰ’ ਕਿਹਾ ਗਿਆ।

ਉਨ੍ਹਾਂ ਵੱਲੋਂ ਭੁਪਿੰਦਰ ਸਿੰਘ ਮਟੌਰਵਾਲ਼ਾ ਦੀ ਪੁਸਤਕ ‘ਪੁਆਧ ਕੇ ਖਲਵਾੜੇ’ ਲਈ ਮੁਬਾਰਕਬਾਦ ਦਿੰਦਿਆਂ ਪੁਆਧ ਖਿੱਤੇ ਦੇ ਸੰਦਰਭ ਵਿਚ ਹਥਲੀ ਪੁਸਤਕ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਗਿਆ। ਡਾ. ਬੋਹਾ ਵੱਲੋਂ ਭਾਸ਼ਾ ਵਿਭਾਗ ਪੰਜਾਬ ਦੁਆਰਾ ਕੀਤੇ ਜਾ ਰਹੇ ਕੰਮਾਂ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਮੋਹਾਲੀ ਦੀਆਂ ਪ੍ਰਾਪਤੀਆਂ ਤੋਂ ਵੀ ਹਾਜ਼ਰੀਨ ਨੂੰ ਜਾਣੂ ਕਰਵਾਇਆ ਗਿਆ।

ਡਾ. ਸ਼ਿੰਦਰਪਾਲ ਸਿੰਘ ਨੇ ਹਥਲੀ ਪੁਸਤਕ ਬਾਰੇ ਬੋਲਦਿਆਂ ਆਖਿਆ ਕਿ ਭਵਿੱਖ ਵਿਚ ਇਹ ਗਿ. ਗੁਰਦਿੱਤ ਸਿੰਘ ਦੀ ‘ਮੇਰਾ ਪਿੰਡ’ ਪੁਸਤਕ ਵਾਂਗ ਇਤਿਹਾਸਕ ਦਸਤਾਵੇਜ਼ ਦਰਜਾ ਪ੍ਰਾਪਤ ਕਰ ਸਕਦੀ ਹੈ ਕਿਉਂਕਿ ਇਸ ਵਿਚੋਂ ਪੁਆਧ ਝਲਕਦਾ ਹੈ। ਪੁਆਧੀ ਉਪਭਾਸ਼ਾ ਦੇ ਵਿਕਾਸ ਲਈ ਸਾਨੂੰ ਖੋਜ ਦਾ ਰਾਹ ਅਪਣਾਉਣਾ ਪਵੇਗਾ ਅਤੇ ਉਸਾਰੂ ਸਾਹਿਤ ਸਿਰਜਣਾ ਪਵੇਗਾ।

ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪੁੱਜੇ ਡਾ. ਦੀਪਕ ਮਨਮੋਹਨ ਸਿੰਘ ਨੇ ਪੁਸਤਕ ‘ਤੇ ਬੋਲਦਿਆਂ ਕਿਹਾ ਕਿ ‘ਪੁਆਧ ਕੇ ਖਲਵਾੜੇ’ ਪੁਸਤਕ ਦੀ ਰਚਨਾ ਕਰਕੇ ਭੁਪਿੰਦਰ ਸਿੰਘ ਮਟੌਰਵਾਲ਼ਾ ਨੇ ਮੇਰਾ ਦਿਲ ਜਿੱਤ ਲਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਪੁਸਤਕ ਪੁਆਧੀਆਂ ਦੀ ਸਾਦਗੀ, ਅੱਪਣਤ ਅਤੇ ਭੋਲੇਪਣ ਨਾਲ ਗੜੁੱਚ ਹੈ।

ਮਨਮੋਹਨ ਸਿੰਘ ਦਾਊਂ ਵੱਲੋਂ ਆਖਿਆ ਗਿਆ ਹੈ ਕਿ ਪੁਆਧੀ ਉਪਭਾਸ਼ਾ ਦੀ ਆਪਣੀ ਵੱਖਰੀ ਨੁਹਾਰ ਹੈ ਅਤੇ ਹਥਲੀ ਪੁਸਤਕ ਨੇ ਇਸ ਦੇ ਮੁਹਾਂਦਰੇ ਨੂੰ ਹੋਰ ਉਘਾੜਨ ਦਾ ਕੰਮ ਕੀਤਾ ਹੈ। ਉਂਕਾਰ ਨਾਥ ਵੱਲੋਂ ਆਖਿਆ ਗਿਆ ਕਿ ਹਥਲੀ ਪੁਸਤਕ ਵਿਕਾਸ ਦੀ ਭੇਂਟ ਚੜ੍ਹ ਗਏ ਪੁਆਧ ਖਿੱਤੇ ਦੇ ਸੁਨਹਿਰੀ ਸਮੇਂ ਦੀ ਦਾਸਤਾਨ ਹੈ। ਇਸ ਕਾਰਜ ਲਈ ਭੁਪਿੰਦਰ ਮਟੌਰੀਆ ਦੀ ਕਲਮ ਨੂੰ ਸਲਾਮ ਹੈ। ਪਰਚਾ ਲੇਖਕ ਡਾ. ਗੁਰਮੀਤ ਸਿੰਘ ਬੈਦਵਾਣ ਵੱਲੋਂ ਪ੍ਰਭਾਵਪੂਰਨ ਪਰਚਾ ਪੜ੍ਹਦੇ ਹੋਏ ਕਿਹਾ ਕਿ ਇਸ ਪੁਸਤਕ ਵਿੱਚ ਪੁਆਧ ਦੀ ਭਾਸ਼ਾ, ਇਤਿਹਾਸ, ਭੂਗੋਲ ਅਤੇ ਸੱਭਿਆਚਾਰ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਮੋਈ ਹੋਈ ਹੈ ਇਸ ਲਈ ਸਾਂਭਣਯੋਗ ਦਸਤਾਵੇਜ਼ ਹੈ।

ਪ੍ਰੋ. ਦਵਿੰਦਰ ਸਿੰਘ ਵੱਲੋਂ ਵੀ ਤੱਥਪੂਰਨ ਪਰਚਾ ਪੜ੍ਹਦੇ ਹੋਏ ਪੁਆਧੀ ਉਪਭਾਸ਼ਾ ਦੇ ਸਿਧਾਂਤਕ ਅਤੇ ਵਿਹਾਰਕ ਪੱਖਾਂ ਦੀ ਗੱਲ ਕੀਤੀ ਅਤੇ ਪੰਜਾਬੀ ਭਾਸ਼ਾ ਦੇ ਪਿੜ੍ਹ ਅੰਦਰ ਪੁਆਧੀ ਉਪਭਾਸ਼ਾ ਦੀ ਵਿਲੱਖਣਤਾ ਦੀ ਨਿਸ਼ਾਨਦੇਹੀ ਕੀਤੀ ਗਈ। ਡਾ. ਪੰਨਾ ਲਾਲ ਮੁਸਤਫ਼ਾਬਾਦੀ ਵੱਲੋਂ ਆਪਣੇ ਪਰਚੇ ਵਿਚ ਕਿਹਾ ਗਿਆ ਕਿ ਭੁਪਿੰਦਰ ਮਟੌਰੀਆ ਨੇ ਪੁਆਧੀ ਜੀਵਨ ‘ਤੇ ਫੋਕਸ ਕਰਕੇ ਬੜੇ ਸੁਭਾਵਕ ਢੰਗ ਨਾਲ ਵੇਰਵਿਆਂ ਨੂੰ ਚਿਤਰਿਆ ਹੈ ਇਸੇ ਕਾਰਨ ਇਹ ਪਾਠਕ ਦੀ ਸੰਵੇਦਨਾ ਨਾਲ ਖਹਿ ਕੇ ਲੰਘਦੇ ਹਨ।ਪੁਸਤਕ ਦੇ ਲੇਖਕ ਭੁਪਿੰਦਰ ਸਿੰਘ ਮਟੌਰਵਾਲ਼ਾ ਵੱਲੋਂ ਆਖਿਆ ਗਿਆ ਕਿ ਪੁਆਧ ਖਿੱਤੇ ਵਿਚਲੇ ਸਮਕਾਲੀਨ ਸਮਾਜਿਕ, ਧਾਰਮਿਕ, ਰਾਜਨੀਤਕ, ਆਰਥਿਕ ਅਤੇ ਸਭਿਆਚਾਰਕ ਪਰਿਵਰਤਨ ਇਸ ਪੁਸਤਕ ਦੀ ਬਣਤਰ ਪਿੱਛੇ ਕਾਰਜਸ਼ੀਲ ਹਨ।

ਇਸ ਮੌਕੇ ਪੰਜਾਬੀ ਗਾਇਕ ਜੀਤ ਜਗਜੀਤ ਅਤੇ ਹਰਦੀਪ ਚੰਡੀਗੜ੍ਹੀਆ ਨੇ ਵੀ ਭੁਪਿੰਦਰ ਸਿੰਘ ਮਟੌਰਵਾਲ਼ਾ ਨੂੰ ‘ਪੁਆਧ ਕੇ ਖਲਵਾੜੇ’ ਪੁਸਤਕ ਲਈ ਮੁਬਾਰਕਬਾਦ ਦਿੱਤੀ ਅਤੇ ਆਪਣੇ ਪ੍ਰਸਿੱਧ ਗੀਤ ਸ੍ਰੋਤਿਆਂ ਨੂੰ ਸੁਣਾ ਕੇ ਝੂੰਮਣ ਲਾ ਦਿੱਤਾ। ਇਨ੍ਹਾਂ ਤੋਂ ਇਲਾਵਾ ਪ੍ਰੋ. ਦਿਲਬਾਗ ਸਿੰਘ, ਗੁਰਪ੍ਰੀਤ ਸਿੰਘ ਨਿਆਮੀਆ, ਜੋਗਾ ਸਿੰਘ ਭੁੱਲਰ, ਜਸਵੰਤ ਸਿੰਘ ਪੂਨੀਆ, ਰਣਜੋਧ ਸਿੰਘ ਰਾਣਾ ਵੱਲੋਂ ਵੀ ਵਿਚਾਰ ਚਰਚਾ ਵਿਚ ਹਿੱਸਾ ਲੈਂਦਿਆਂ ਪੁਸਤਕ ਦੀ ਬਣਤਰ ਅਤੇ ਬੁਣਤਰ ਬਾਰੇ ਆਪਣੇ ਵਿਚਾਰ ਰੱਖੇ ਗਏ। ਸਮੂਹ ਬੁਲਾਰਿਆਂ ਵੱਲੋਂ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੀ ਕਾਰਜ ਸ਼ੈਲੀ ਅਤੇ ਸੁਹਜਮਈ ਦਿੱਖ ਦੀ ਸ਼ਲਾਘਾ ਕਰਦਿਆਂ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਗਈ।

ਇਸ ਵਿਚਾਰ ਚਰਚਾ ਵਿੱਚ ਡਾ. ਮਨਜੀਤ ਸਿੰਘ ਮਝੈਲ, ਪ੍ਰਿੰ. ਬਹਾਦਰ ਸਿੰਘ ਗੌਸਲ, ਐਡਵੋਕੇਟ ਪਰਮਿੰਦਰ ਸਿੰਘ ਗਿੱਲ, ਬਾਬੂ ਰਾਮ ਦੀਵਾਨਾ, ਬਲਕਾਰ ਸਿੱਧੂ, ਪ੍ਰੋ. ਨਿਰਮਲ ਸਿੰਘ ਬਾਸੀ, ਗੁਰਦਰਸ਼ਨ ਸਿੰਘ ਮਾਵੀ, ਸਤਵਿੰਦਰ ਸਿੰਘ ਧੜਾਕ, ਕੁਲਦੀਪ ਸਿੰਘ ਸੁਹਾਣਾ, ਲਖਮਿੰਦਰ ਸਿੰਘ ਬਾਠ, ਸੁਰਿੰਦਰਪਾਲ ਸਿੰਘ ਸੈਂਪਲਾ, ਜਗਤਾਰ ਸਿੰਘ ਜੋਗ, ਹਰਮਨਪ੍ਰੀਤ ਸਿੰਘ, ਗੁਰਨਾਮ ਸਿੰਘ, ਸੰਤੋਖ ਸਿੰਘ, ਸੁਖਦੀਪ ਸਿੰਘ ਪੁਆਧੀ, ਦੀਪਕ ਰਿਖੀ, ਅਮਰ ਵਿਰਦੀ, ਗੁਰਚਰਨ ਸਿੰਘ, ਦੀਨਾਨਾਥ ਸ਼ਰਮਾ, ਅਨੁਸ਼ਾਸਨ ਦੇਵ ਅਵਸਥੀ, ਕੁਲਦੀਪ ਸਿੰਘ ਬੈਦਵਾਣ, ਦਰਸ਼ਨ ਸਿੰਘ ਧਾਲੀਵਾਲ, ਸਤਵਿੰਦਰ ਸਿੰਘ ਮੜੌਲਵੀ, ਸ਼ਰਨਜੀਤ ਸਿੰਘ, ਸਰਵਜੀਤ ਸਿੰਘ, ਪਰਮਿੰਦਰ ਸਿੰਘ ਮਦਾਨ, ਗੀਤਕਾਰ ਫਕੀਰ ਮੌਲੀ ਵਾਲ਼ਾ, ਅਜਮੇਰ ਸਾਗਰ, ਕਰਨਲ ਕੁਲਵੰਤ ਸਿੰਘ, ਡਾ. ਮਜਲ ਸਿੰਘ, ਬਲਦੇਵ ਸਿੰਘ ਬਿੰਦਰਾ, ਚਰਨਜੀਤ ਸਿੰਘ, ਨੀਲਮ ਨਾਰੰਗ, ਹਰਬਿੰਦਰ ਪਾਲ ਸਿੰਘ, ਹਰਪਾਲ ਸਿੰਘ ਚੰਨਾ, ਅਵਤਾਰ ਸਿੰਘ, ਇੰਦਰਜੀਤ ਸਿੰਘ ਬਾਜਵਾ, ਅੰਮ੍ਰਿਤ ਸਿੰਘ ਮਾਹਲ, ਜਸਵੀਰ ਸਿੰਘ ਗੜਾਂਗਾ, ਹਰਮਿੰਦਰ ਸਿੰਘ, ਮਨਜੀਤ ਸਿੰਘ, ਜਤਿੰਦਰਪਾਲ ਸਿੰਘ ਅਤੇ ਲਖਵਿੰਦਰ ਸਿੰਘ ਵੱਲੋਂ ਵੀ ਸ਼ਿਰਕਤ ਕੀਤੀ ਗਈ।

ਸਮਾਗਮ ਦੇ ਅੰਤ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਮੋਹਾਲੀ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਮੁੱਖ ਮਹਿਮਾਨਾਂ ਅਤੇ ਬੁਲਾਰਿਆਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਹੋਰ ਪਤਵੰਤੇ ਸੱਜਣਾਂ ਦਾ ਇਸ ਸਮਾਗਮ ਵਿੱਚ ਪਹੁੰਚਣ ਲਈ ਧੰਨਵਾਦ ਕੀਤਾ ਗਿਆ। ਮੰਚ ਸੰਚਾਲਨ ਖੋਜ ਅਫ਼ਸਰ ਦਰਸ਼ਨ ਕੌਰ ਵੱਲੋਂ ਕੀਤਾ ਗਿਆ। ਇਸ ਮੌਕੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਮੋਹਾਲੀ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।