ਗਿਆਨੀ ਰਘਬੀਰ ਸਿੰਘ

ਗਿਆਨੀ ਰਘਬੀਰ ਸਿੰਘ ਵੱਲੋਂ ਕੀਤੇ ਖ਼ੁਲਾਸੇ ਦਿਲ ਦਹਿਲਾਉਣ ਵਾਲੇ: MLA ਇੰਦਰਬੀਰ ਸਿੰਘ ਨਿੱਝਰ

ਚੰਡੀਗੜ੍ਹ, 19 ਫਰਵਰੀ 2026: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਅਤੇ ਸ਼੍ਰੋਮਣੀ ਅਕਾਲੀ ਦਲ ਦੇ ਅੰਦਰੂਨੀ ਪ੍ਰਬੰਧਾਂ ਬਾਰੇ ਕੀਤੇ ਖ਼ੁਲਾਸਿਆਂ ‘ਤੇ ਗੰਭੀਰ ਚਿੰਤਾ ਪ੍ਰਗਟਾਈ ਹੈ।

ਡਾ. ਇੰਦਰਬੀਰ ਸਿੰਘ ਨਿੱਝਰ ਨੇ ਕਿਹਾ ਕਿ ਗਿਆਨੀ ਰਘਬੀਰ ਸਿੰਘ ਵਰਗੀ ਸਤਿਕਾਰਤ ਸ਼ਖ਼ਸੀਅਤ ਸੰਸਥਾ ਦੇ ਅੰਦਰੂਨੀ ਕੰਮਕਾਜ ਤੋਂ ਭਲੀ-ਭਾਂਤ ਜਾਣੂ ਹੈ, ਉਨ੍ਹਾਂ ਵੱਲੋਂ ਲਗਾਏ ਇਹ ਦੋਸ਼ ਸਿੱਖ ਕੌਮ ਲਈ ਬੇਹੱਦ ਦੁਖਦਾਈ ਅਤੇ ਦਿਲ ਦਹਿਲਾਉਣ ਵਾਲੇ ਹਨ। ਡਾ. ਇੰਦਰਬੀਰ ਸਿੰਘ ਨਿੱਝਰ ਨੇ ਕਿਹਾ ਕਿ ਹਾਲਾਂਕਿ ਸੰਗਤ ‘ਚ ਇਨ੍ਹਾਂ ਸੰਸਥਾਵਾਂ ਦੀ ਗਿਰਾਵਟ ਬਾਰੇ ਪਹਿਲਾਂ ਹੀ ਚਰਚਾਵਾਂ ਸਨ, ਪਰ ਹੁਣ ਸਿੱਖਾਂ ਦੀ ਸਰਵਉੱਚ ਸੰਸਥਾ ਦੇ ਜ਼ਿੰਮੇਵਾਰ ਅਹੁਦੇਦਾਰ ਦੁਆਰਾ ਇਨ੍ਹਾਂ ਸੱਚਾਈਆਂ ਨੂੰ ਜਨਤਕ ਕਰਨਾ ਮਾਮਲੇ ਦੀ ਗੰਭੀਰਤਾ ਨੂੰ ਕਈ ਗੁਣਾ ਵਧਾ ਦਿੰਦਾ ਹੈ।

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਭ੍ਰਿਸ਼ਟਾਚਾਰ ਦੇ ਵੱਖ-ਵੱਖ ਪਹਿਲੂਆਂ ਦਾ ਜ਼ਿਕਰ ਕਰਦੇ ਹੋਏ ਗੁਰੂ ਘਰ ਦੀਆਂ ਕੀਮਤੀ ਜ਼ਮੀਨਾਂ ਨੂੰ ਕੌਡੀਆਂ ਦੇ ਭਾਅ ਵੇਚ ਕੇ ਆਪਣੇ ਚਹੇਤਿਆਂ ਨੂੰ ਫ਼ਾਇਦੇ ਪਹੁੰਚਾਏ ਜਾ ਰਹੇ ਹਨ।

ਉਨ੍ਹਾਂ ਖ਼ੁਲਾਸਾ ਕੀਤਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਠੇਕਿਆਂ ‘ਚ ਵੱਡੇ ਪੱਧਰ ‘ਤੇ ਧਾਂਦਲੀ ਹੋ ਰਹੀ ਹੈ, ਜਿੱਥੇ ਪਹਿਲਾਂ ਆਪਣੇ ਖ਼ਾਸ ਬੰਦਿਆਂ ਨੂੰ ਠੇਕੇ ਦਿੱਤੇ ਜਾਂਦੇ ਹਨ ਅਤੇ ਫਿਰ ਉਹ ਅੱਗੇ ਮਹਿੰਗੇ ਭਾਅ ‘ਤੇ ਸਬ-ਠੇਕੇ ਦੇ ਕੇ ਗੁਰੂ ਦੀ ਗੋਲਕ ਦੀ ਲੁੱਟ ਕਰ ਰਹੇ ਹਨ। ਇਸਦੇ ਨਾਲ ਹੀ ਗੁਰੂ ਘਰ ਦੇ ਲੰਗਰ ਦੀਆਂ ਸੁੱਕੀਆਂ ਰੋਟੀਆਂ ਤੱਕ ਨੂੰ ਵੇਚਿਆ ਜਾ ਰਿਹਾ ਹੈ, ਜੋ ਕਿ ਸਿੱਖ ਸੰਗਤ ਦੀ ਨਿਰਮਲ ਸ਼ਰਧਾ ਅਤੇ ਲੰਗਰ ਦੀ ਮਰਿਆਦਾ ਨਾਲ ਸਿੱਧਾ ਖਿਲਵਾੜ ਹੈ।

ਡਾ. ਨਿੱਝਰ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਪਾਠ ਕਰਵਾਉਣ ਦੇ ਨਾਮ ‘ਤੇ ਸ਼ਰਧਾਲੂਆਂ ਤੋਂ 5-5 ਲੱਖ ਰੁਪਏ ਦੀ ਰਿਸ਼ਵਤ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ, ਜੋ ਕਿ ਬੇਹੱਦ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀਆਂ ਬਦਲੀਆਂ ‘ਚ ਵੀ ਵੱਡੀ ਪੱਧਰ ‘ਤੇ ਪੈਸਿਆਂ ਦਾ ਲੈਣ-ਦੇਣ ਹੋ ਰਿਹਾ ਹੈ। ਉਨ੍ਹਾਂ ਮਿਸਾਲ ਦਿੰਦਿਆਂ ਦੱਸਿਆ ਕਿ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਨੂੰ ਵੀ ਇੱਕ ਮੁਲਾਜ਼ਮ ਨੇ ਅੰਮ੍ਰਿਤਸਰ ਵਾਪਸ ਆਉਣ ਲਈ 5 ਲੱਖ ਰੁਪਏ ਦੀ ਮੰਗ ਦੀ ਗੱਲ ਕਹੀ ਸੀ, ਜੋ ਸਾਬਤ ਕਰਦਾ ਹੈ ਕਿ ਸੰਸਥਾ ‘ਚ ਇਮਾਨਦਾਰੀ ਦੀ ਥਾਂ ਸਿਰਫ਼ ਪੈਸੇ ਅਤੇ ਸਿਆਸੀ ਦਬਾਅ ਨੇ ਲੈ ਲਈ ਹੈ।

ਵਿਧਾਇਕ ਨਿੱਝਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗਾਇਬ ਹੋਏ ਪਾਵਨ ਸਰੂਪਾਂ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਮਹਾਰਾਜ ਦੇ 328 ਪਾਵਨ ਸਰੂਪ, ਹੱਥ-ਲਿਖਤ ਸਰੂਪ ਅਤੇ ਨਨਕਾਣਾ ਸਾਹਿਬ ਦੇ ਮੋਰਚੇ ਨਾਲ ਸਬੰਧਤ ਇਤਿਹਾਸਕ ਸਰੂਪ ਅੱਜ ਸੰਗਤ ਦੀ ਨਜ਼ਰ ਤੋਂ ਓਹਲੇ ਹਨ। ਉਨ੍ਹਾਂ ਸਵਾਲ ਕੀਤਾ ਕਿ ਇਹ ਅਨਮੋਲ ਵਿਰਾਸਤ ਕਿੱਥੇ ਗਈ ਅਤੇ ਇਸ ਨੂੰ ਕਿਸ ਦੀ ਸ਼ਹਿ ‘ਤੇ ਗਾਇਬ ਕੀਤਾ ਗਿਆ ?

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਉਹ ਇੱਕਜੁੱਟ ਹੋ ਕੇ ਐਸਜੀਪੀਸੀ ਅਤੇ ਅਕਾਲੀ ਦਲ ਨੂੰ ਇੱਕ ਪਰਿਵਾਰ ਦੇ ਕਬਜ਼ੇ ਤੋਂ ਮੁਕਤ ਕਰਵਾਉਣ ਅਤੇ ਇਨ੍ਹਾਂ ਸੰਸਥਾਵਾਂ ‘ਚ ਵੱਡੇ ਸੁਧਾਰ ਲਿਆਉਣ ਤਾਂ ਜੋ ਸਿੱਖ ਕੌਮ ਦੀ ਸ਼ਾਨ ਅਤੇ ਮਰਿਆਦਾ ਨੂੰ ਬਹਾਲ ਕੀਤਾ ਜਾ ਸਕੇ।

Read More: ਗਿਆਨੀ ਰਘਬੀਰ ਸਿੰਘ ਨੇ SGPC ਤੇ ਬਾਦਲ ਪਰਿਵਾਰ ‘ਤੇ ਲਗਾਏ ਗੰਭੀਰ ਦੋਸ਼

ਵਿਦੇਸ਼

Scroll to Top