ਫਾਸਟ ਫੂਡ ਦੇ ਨੁਕਸਾਨ: ਫਾਸਟ ਫੂਡ ਅੱਜ ਦੇ ਦੌਰ ‘ਚ ਇੱਕ ਫੈਸ਼ਨ ਦੀ ਤਰ੍ਹਾਂ ਹੈ, ਜਿਸ ‘ਚ ਬੱਚੇ ਆਪਣੇ ਮਾਪਿਆਂ ਦੀ ਮਰਜ਼ੀ ਨਾਲ ਜਾਂ ਫਿਰ ਜਿੱਦ ਕਰਕੇ ਰੋਜਾਨਾ ਦੇ ਖਾਣ ਪੀਣ ਦੀਆਂ ਵਸਤਾਂ ‘ਚ ਫਾਸਟ ਫੂਡ ਨੂੰ ਸ਼ਾਮਲ ਕਰ ਰਹੇ ਹਨ। ਫਾਸਟ ਫੂਡ ‘ਚ ਕੈਲੋਰੀਜ ਜਿਆਦਾ ਹੁੰਦੀਆਂ ਹਨ, ਕਿਉਂਕਿ ਇਸ ‘ਚ ਫੈਟ, ਸ਼ੂਗਰ, ਨਮਕ ਜਿਆਦਾ ਹੁੰਦੀ ਹੈ ਅਤੇ ਪ੍ਰੋਟੀਨ, ਫਾਈਬਰ , ਵਿਟਾਮਿਨ ਅਤੇ ਮਿਨਰਲ ਘੱਟ ਹੁੰਦੇ ਹਨ।
ਫਾਸਟ ਫੂਡ ਦੇਖਣ ‘ਚ ਜਿਆਦਾ ਆਕਰਸ਼ਿਤ ਅਤੇ ਸਵਾਦ ਵਾਲੇ ਹੁੰਦੇ ਹਨ। ਇਨਾਂ ਦੀ ਕੀਮਤ ਵੀ ਘੱਟ ਹੁੰਦੀ ਹੈ, ਇਹ ਆਸਾਨੀ ਨਾਲ ਹਰ ਗਲੀ ਜਾਂ ਚੌਂਕ ‘ਚ ਮਿਲ ਜਾਂਦੇ ਹਨ ਅਤੇ ਸਸਤੇ ਹੋਣ ਕਾਰਨ ਹਰ ਵਰਗ ਦੇ ਬੱਚਿਆਂ ਲਈ ਆਸਾਨੀ ਨਾਲ ਉਪਲਬੱਧ ਹੋ ਜਾਂਦੇ ਹਨ। ਬੱਚੇ ਫਾਸਟ ਫੂਡ ਵੱਲ ਜਿਆਦਾ ਆਕਰਸ਼ਿਤ ਹੁੰਦੇ ਹਨ ਕਿਉਂਕਿ ਟੀਵੀ ਜਾਂ ਆਨਲਾਈਨ ਮਸ਼ਹੂਰੀਆਂ ਓਹਨਾ ਦੇ ਮਨ ਦੇ ਜਿਆਦਾ ਪ੍ਰਭਾਵ ਪਾਉਂਦੇ ਹਨ।
ਬੱਚਿਆਂ ਦਾ ਫਾਸਟ ਫੂਡ ਵੱਲ ਵਧਦਾ ਰੁਝਾਨ
ਵਿਆਹ ਅਤੇ ਪਾਰਟੀਆਂ ‘ਚ ਤਾਂ ਫਾਸਟ ਫੂਡ ਦੇ ਸਟਾਲ ਅਲੱਗ ਹੀ ਲੱਗੇ ਹੁੰਦੇ ਹਨ। ਘਰ ‘ਚ ਵੀ ਜੇਕਰ ਮਹਿਮਾਨ ਆਉਂਦੇ ਹਨ ਤਾਂ ਅਸੀਂ ਵੀ ਹੁਣ ਫਾਸਟ ਫੂਡ ਹੀ ਮਹਿਮਾਨ-ਨਮਾਜ਼ੀ ‘ਚ ਪੇਸ਼ ਕਰਨ ਲੱਗੇ ਹਾਂ। 75 ਪ੍ਰਤੀਸ਼ਤ ਕਿਸ਼ੋਰ ਅਵਸਥਾ ਵਾਲੇ ਬੱਚੇ ਹਫਤੇ ‘ਚ ਦੋ ਬਾਰ ਘੱਟੋ-ਘੱਟ ਫਾਸਟ ਫੂਡ ਦਾ ਇਸਤੇਮਾਲ ਕਰਦੇ ਹਨ। ਫਾਸਟ ਫੂਡ ਦੀ ਖਪਤ ਪਹਿਲਾਂ ਨਾਲੋਂ ਇਸ ਲਈ ਵੀ ਵੱਧ ਗਈ ਹੈ ਕਿਉਂਕਿ ਆਨ ਲਾਈਨ ਫੂਡ ਡਿਲੀਵਰੀਜ ਘਰ ਤੱਕ ਹੀ ਤੁਹਾਨੂੰ ਫਸਟ ਫੂਡ ਪਹੁੰਚਾ ਦਿੰਦੇ ਹਨ ।
ਛੋਟੀ ਉਮਰ ਦੇ ਬੱਚੇ ਹੋਸਟਲ ਲਾਈਫ ‘ਚ ਵੀ ਫਾਸਟ ਫੂਡ ਦਾ ਜਿਆਦਾ ਉਪਯੋਗ ਕਰਦੇ ਹਨ, ਕਿਉੰਕਿ ਉੱਥੇ ਉਨ੍ਹਾਂ ‘ਤੇ ਮਾਂ ਪਿਉ ਦੀ ਨਿਗਰਾਨੀ ਵੀ ਨਹੀਂ ਹੁੰਦੀ। ਜਦੋਂ ਸਾਨੂੰ ਫਾਸਟ ਫੂਡ ਖਾਣ ਦੀ ਤਲਬ ਲੱਗਦੀ ਹੈ ਤਾਂ ਦਿਮਾਗ ‘ਚ ਡੋਪਾਮਾਈਨ ਨਾਮ ਦਾ ਹਾਰਮੋਨ ਨਿਕਲਦਾ ਹੈ, ਜਿਸ ਕਾਰਨ ਸਾਡੇ ਪੇਟ ‘ਚ ਘਰੇਲਿਨ ਨਾਮ ਦਾ ਹਾਰਮੋਨ ਪੈਦਾ ਹੁੰਦਾ ਹੈ ਜੋ ਸਾਨੂੰ ਜਿਆਦਾ ਕੈਲੋਰੀ ਵਾਲਾ ਜੰਕ ਫੂਡ ਲੱਭਣ ਲਈ ਪ੍ਰੇਰਿਤ ਕਰਦਾ ਹੈ |
ਫਾਸਟ ਫੂਡ ਦੇ ਨੁਕਸਾਨ
ਜਦੋਂ ਸਾਨੂੰ ਜਿਆਦਾ ਕੈਲੋਰੀ ਵਾਲਾ ਭੋਜਨ ਮਿਲ ਜਾਂਦਾ ਹੈ, ਤਾਂ ਸੈਰੋਟੋਨਿਨ ਨਾਮ ਦਾ ਹਾਰਮੋਨ ਦਾ ਲੈਵਲ ਵੀ ਵੱਧ ਜਾਂਦਾ ਹੈ। ਸੈਰੋਟੋਨਿਨ ਹਾਰਮੋਨ ਨੂੰ ਖੁਸ਼ੀ ਦਾ ਹਾਰਮੋਨ ਵੀ ਕਿਹਾ ਜਾਂਦਾ ਹੈ । ਫਾਸਟ ਫੂਡ ਦੀ ਜਿਆਦਾ ਉਪਯੋਗਤਾ ਕਿਸ਼ੋਰ ਅਵਸਥਾ ਵਾਲੇ ਬੱਚਿਆਂ ਦੇ ਵਿਕਾਸ ਉੱਤੇ ਮਾੜਾ ਪ੍ਰਭਾਵ ਪਾ ਰਿਹਾ ਹੈ, ਜਿਵੇਂ ਕਿ ਸੰਤੁਲਿਤ ਆਹਾਰ ਦੀ ਕਮੀ ਕਾਰਨ ਕੁਪੋਸ਼ਣ ਅਤੇ ਮੋਟਾਪੇ ਦਾ ਕਾਰਨ ।
ਜਦੋਂ ਬੱਚੇ ਮੋਟੇ ਹੋ ਜਾਂਦੇ ਹਨ ਤਾਂ ਪਰਿਵਾਰ ਵੱਲੋਂ ਜਾਂ ਬੱਚੇ ਦੇ ਅੰਦਰ ਖੁਦ ਹੀ ਵਜਨ ਘੱਟ ਕਰਨ ਦੀ ਇੱਛਾ ਪੈਦਾ ਹੁੰਦੀ ਹੈ ਅਤੇ ਬੱਚੇ ਖਾਣਾ ਛੱਡਣ ਤੱਕ ਆ ਜਾਂਦੇ ਹਨ, ਜਿਸ ਕਰਕੇ ਸਰੀਰ ਦੇ ਵਿਕਾਸ ਉੱਤੇ ਮਾੜਾ ਪ੍ਰਭਾਵ ਪੈਂਦਾ ਹੈ ਅਤੇ ਕਮਜ਼ੋਰੀ ਦੇ ਨਾਲ ਨਾਲ ਬੱਚੇ ‘ਚ ਤਣਾਅ ਦੇ ਲੱਛਣ ਵੀ ਆ ਜਾਂਦੇ ਹਨ । ਖਾਣਾ ਛੱਡਣ ਨਾਲ ਪਤਲਾ ਹੋਣ ਦੇ ਚੱਕਰ ਵਿੱਚ ਬੱਚਿਆਂ ਅੰਦਰ ਪ੍ਰੋਟੀਨ, ਕਾਰਬੋਹਾਈਡਰੇਟ, ਜਿੰਕ, ਵਿਟਾਮਿਨ ਬੀ -6, ਬੀ- 12, ਵਿਟਾਮਿਨ -ਏ, ਵਿਟਾਮਿਨ -ਸੀ ਦੇ ਲੈਵਲ ਘੱਟ ਹੋ ਜਾਂਦਾ ਹੈ ।
ਨੌਜਵਾਨਾਂ ਲਈ ਸੰਤੁਲਿਤ ਖੁਰਾਕ
ਕਿਸ਼ੋਰਾਂ ਲਈ ਇੱਕ ਸੰਤੁਲਿਤ ਖੁਰਾਕ ‘ਚ ਆਮ ਤੌਰ ‘ਤੇ ਹੇਠ ਲਿਖੀਆਂ ਚੀਜ਼ਾਂ ਸ਼ਾਮਲ ਹੋਣੀਆਂ ਚਾਹੀਦੀਆਂ ਹਨ |
45-65 ਫੀਸਦੀ ਕਾਰਬੋਹਾਈਡਰੇਟ ਇਹ ਸਰੀਰ ਲਈ ਊਰਜਾ ਦਾ ਮੁੱਖ ਸਰੋਤ ਹਨ, ਜੋ ਵਾਧੇ, ਰੋਜ਼ਾਨਾ ਦੀਆਂ ਗਤੀਵਿਧੀਆਂ ਅਤੇ ਦਿਮਾਗ ਦੇ ਕੰਮ ਲਈ ਬਹੁਤ ਜ਼ਰੂਰੀ ਹਨ।
25 ਤੋਂ 35 ਫੀਸਦੀ ਚਰਬੀ (ਫੈਟ): ਚਰਬੀ ਊਰਜਾ, ਹਾਰਮੋਨ ਉਤਪਾਦਨ ਅਤੇ ਚਰਬੀ-ਘੁਲਣਸ਼ੀਲ ਵਿਟਾਮਿਨਾਂ (ਏ, ਡੀ, ਈ, ਕੇ) ਦੇ ਸਮਾਈ ਲਈ ਜ਼ਰੂਰੀ ਹੈ। ਸਿਹਤਮੰਦ ਅਸੰਤ੍ਰਿਪਤ ਚਰਬੀ (ਜੋ ਐਵੋਕਾਡੋ, ਨਟਸ, ਬੀਜਾਂ, ਅਤੇ ਤੇਲ ਵਾਲੀਆਂ ਮੱਛੀਆਂ ਵਿੱਚ ਪਾਈ ਜਾਂਦੀ ਹੈ) ਨੂੰ ਤਰਜੀਹ ਦੇਣਾ ਅਤੇ ਸੰਤ੍ਰਿਪਤ ਅਤੇ ਟ੍ਰਾਂਸ ਫੈਟ ਨੂੰ ਸੀਮਤ ਕਰਨਾ ਮਹੱਤਵਪੂਰਨ ਹੈ।
10-30% ਪ੍ਰੋਟੀਨ: ਪ੍ਰੋਟੀਨ ਵਾਧੇ, ਸੈੱਲਾਂ ਅਤੇ ਟਿਸ਼ੂਆਂ ਨੂੰ ਬਣਾਉਣ ਅਤੇ ਮੁਰੰਮਤ ਕਰਨ, ਅਤੇ ਮਾਸਪੇਸ਼ੀਆਂ ਦੇ ਵਿਕਾਸ ਲਈ ਬਹੁਤ ਜ਼ਰੂਰੀ ਹੈ। ਚੰਗੇ ਸਰੋਤਾਂ ‘ਚ ਪੋਲਟਰੀ, ਮੱਛੀ, ਅੰਡੇ, ਬੀਨਜ਼, ਮਟਰ, ਸੋਇਆ, ਮੂੰਗਫਲੀ ਅਤੇ ਬੀਜ ਸ਼ਾਮਲ ਹਨ।
ਸਭ ਤੋਂ ਵੱਧ 9 ਤੋਂ 15 ਸਾਲ ਦੇ ਬੱਚੇ ਫਾਸਟ ਫੂਡ ਦੇ ਆਦੀ
ਕਿਸ਼ੋਰ ਅਵਸਥਾ ‘ਚ 78 ਪ੍ਰਤੀਸ਼ਤ ਲੜਕੀਆਂ ਨੂੰ ਲੱਗਣ ਲੱਗ ਜਾਂਦਾ ਹੈ ਕੇ ਸਾਡਾ ਵਜਨ ਜਿਆਦਾ ਹੈ | ਇਸਦੇ ਨਾਲ ਹੀ 9 ਤੋਂ 15 ਸਾਲ ਦੇ ਬੱਚੇ ਫਾਸਟ ਫੂਡ ਦੇ ਜਿਆਦਾ ਆਦੀ ਹੋ ਰਹੇ ਹਨ, ਕਿਉਂਕਿ ਟੈਲੀਵੀਜ਼ਨ ,ਇੰਟਰਨੈਟ ਅਤੇ ਇਸ਼ਤਿਹਾਰਾਂ ‘ਚ ਦੇਖ ਕੇ ਬੱਚੇ ਫਾਸਟ ਫੂਡ ਵੱਲ ਜਿਆਦਾ ਆਕਰਸ਼ਿਤ ਹੁੰਦੇ ਹਨ।
ਦਾਲ , ਸਬਜੀ, ਦੁੱਧ, ਲੱਸੀ , ਸ਼ਿਕੰਜਵੀ ਅਤੇ ਰਵਾਇਤੀ ਖਾਣੇ ਦੀ ਖਪਤ ਘੱਟ ਰਹੀ ਹੈ । 75% ਓਵਰ ਵੇਟ ਲੜਕੀਆਂ ਨੂੰ ਮਹਾਵਾਰੀ-ਚੱਕਰ ਦੀ ਦਿੱਕਤ ਆ ਰਹੀ ਹੈ ਕਿਉਂਕਿ ਓਵਰ ਵੇਟ ਕਰਕੇ ਬੀ.ਐਮ. ਆਈ. ਪ੍ਰਭਾਵਿਤ ਹੁੰਦਾ ਹੈ ਜੋ ਕੇ ਲੜਕੀਆਂ ਦੇ ਮਹਾਵਾਰੀ ਚੱਕਰ ਨੂੰ ਵੀ ਪ੍ਰਭਾਵਿਤ ਕਰਦਾ ਹੈ। ਜੰਕ ਫੂਡ ਪ੍ਰੋਜੈਸਟਰੋਨ ਲੈਵਲ ਨੂੰ ਵੀ ਪ੍ਰਭਾਵਿਤ ਕਰਦਾ ਹੈ।
ਸੰਤੁਲਿਤ ਆਹਾਰ ਇੱਕ ਮਹੱਤਵਪੂਰਨ ਕੜੀ ਹੈ, ਕਿਸ਼ੋਰ ਅਵਸਥਾ ‘ਚ ਬੱਚੇ 25 ਤੋਂ 45 ਪ੍ਰਤੀਸ਼ਤ ਰੋਜਾਨਾ ਦੀ ਕੈਲੋਰੀਜ ਫਾਸਟ ਫੂਡ ਤੋਂ ਲੈ ਰਹੇ ਹਨ ਜੋਂ ਕਿ ਗ਼ਲਤ ਹੈ। ਫਾਸਟ ਫੂਡ ਬੱਚਿਆਂ ਦੇ ਮੋਟਾਪੇ ਦਾ ਕਾਰਨ ਬਣ ਰਿਹਾ ਹੈ | ਜਿਸ ਕਰਕੇ ਇੰਸੁਲਿਨ ਰਜਿਸਟੈਂਸ ਆ ਰਹੀ ਹੈ | ਜਿਸ ਕਾਰਨ ਸੂਗਰ ਦੀ ਬਿਮਾਰੀ ਘੱਟ ਉਮਰ ‘ਚ ਹੋਣੀ ਸ਼ੁਰੂ ਹੋ ਗਈ ਹੈ।
ਫਾਸਟ ਫੂਡ ਬੱਚਿਆਂ ‘ਤੇ ਮਾੜਾ ਪ੍ਰਭਾਵ
ਫਾਸਟ ਫੂਡ ‘ਚ ਵਰਤੇ ਜਾਣ ਵਾਲੇ ਕੈਮੀਕਲ ਬੱਚਿਆਂ ਦੇ ਵਿਕਾਸ ਦੇ ਹਾਰਮੋਨਸ ਨੂੰ ਪ੍ਰਭਵਿਤ ਕਰ ਰਹੇ ਹਨ ਤੇ ਉਨ੍ਹਾਂ ‘ਚ ਮੂਡ ਸਵਿੰਗ ਵੀ ਕਰਦੇ ਹਨ। ਘੱਟ ਉਮਰ ਦੇ ਬੱਚਿਆਂ ‘ਚ ਤੇਜਾਬ ਬਣਨ ਦੀ ਦਿੱਕਤ ਆ ਰਹੀ ਹੈ। ਕਦੇ ਕਦਾਈ ਫਾਸਟ ਫੂਡ ਖਾਣ ਨਾਲ ਕੋਈ ਜਿਆਦਾ ਦਿੱਕਤ ਨਹੀਂ ਆਉਂਦੀ ਹੈ, ਪਰ ਜੇਕਰ ਅਸੀਂ ਉਸਨੂੰ ਆਪਣੀ ਰੋਜਾਨਾ ਦੇ ਖਾਣ ਪੀਣ ‘ਚ ਸ਼ਾਮਲ ਕਰ ਲਈਏ ਤਾਂ ਇਹ ਦਿੱਕਤ ਕਰ ਸਕਦਾ ਹੈ। ਇਸ ਲਈ ਕਿਸ਼ੋਰ ਅਵਸਥਾ ਦੇ ਬੱਚਿਆਂ ‘ਚ ਫਾਸਟ ਫੂਡ ਅਤੇ ਕੋਲਡ ਡਰਿੰਕ ਦੇ ਰੁਝਾਨ ਨੂੰ ਘੱਟ ਕਰ ਕੇ ਇੱਕ ਸੰਤੁਲਿਤ ਪੋਸ਼ਕ ਆਹਾਰ ਦੇਣ ਵੱਲ ਮਾਪਿਆਂ ਨੂੰ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਭਵਿੱਖ ਵਿੱਚ ਫਾਸਟ ਫੂਡ ਕਾਰਨ ਆਉਣ ਵਾਲੀਆਂ ਦਿੱਕਤਾਂ ਤੋਂ ਬਚਿਆ ਜਾ ਸਕੇ।
ਡਾਕਟਰ ਵਰਿੰਦਰ ਕੁਮਾਰ
ਸੁਨਾਮ ਉੱਧਮ ਸਿੰਘ ਵਾਲਾ
99149-05353
Read More: ਮਰਦ ਵੀ ਥੱਕਦੇ ਹਨ: ਮਰਦਾਂ ‘ਚ ਮਾਨਸਿਕ ਸਿਹਤ ਤੇ ਚੁੱਪ ਦੀ ਖ਼ਤਰਨਾਕ ਕੈਦ