Aman Arora

ਅਮਨ ਅਰੋੜਾ ਵੱਲੋਂ ਜੌਬ ਪੋਰਟਲ ਨੂੰ ਤਕਨੀਕੀ ਸਿੱਖਿਆ ਅਤੇ ਉਦਯੋਗ ਵਿਭਾਗ ਨਾਲ ਜੋੜਨ ਦੇ ਨਿਰਦੇਸ਼

ਚੰਡੀਗੜ੍ਹ, 20 ਅਪ੍ਰੈਲ 2023: ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ (Aman Arora) ਨੇ ਵਿਭਾਗ ਨੂੰ ਹਦਾਇਤ ਕੀਤੀ ਹੈ ਕਿ ਜੌਬ ਪੋਰਟਲ https://www.pgrkam.com/ ਨੂੰ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਅਤੇ ਉਦਯੋਗ ਵਿਭਾਗ ਦੇ ਪੋਰਟਲਾਂ ਨਾਲ ਜੋੜਿਆ ਜਾਵੇ ਤਾਂ ਜੋ ਇਨ੍ਹਾਂ ਵਿਭਾਗਾਂ ਕੋਲ ਉਪਲਬਧ ਹੁਨਰਮੰਦ ਕਾਮਿਆਂ ਦੇ ਬਾਰੇ ਜਾਣਕਾਰੀ ਨੂੰ ਵੀ ਜੌਬ ਪੋਰਟਲ ਉਤੇ ਯਕੀਨੀ ਬਣਾਇਆ ਜਾ ਸਕੇ।

ਇੱਥੇ ਪੰਜਾਬ ਭਵਨ ਵਿਖੇ ਸਬੰਧਤ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਇਹ ਕਦਮ ਇਸ ਪਲੇਟਫਾਰਮ ‘ਤੇ ਹੁਨਰਮੰਦ ਕਾਮਿਆਂ ਦੇ ਅੰਕੜਿਆਂ ਦੀ ਰੀਅਲ ਟਾਈਮ ਅਪਡੇਸ਼ਨ ਵਿੱਚ ਸਹਾਈ ਸਿੱਧ ਹੋਵੇਗਾ। ਵੱਖ-ਵੱਖ ਉਦਯੋਗਿਕ ਅਦਾਰਿਆਂ ਤੇ ਸਨਅਤਾਂ ਵੱਲੋਂ ਮਨੁੱਖੀ ਵਸੀਲਿਆਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਇਸ ਪੋਰਟਲ ਦੀ ਵਰਤੋਂ ਕੀਤੀ ਜਾਂਦੀ ਹੈ।

ਉਨ੍ਹਾਂ ਨੇ ਅਧਿਕਾਰੀਆਂ ਨੂੰ ਪਲੇਸਮੈਂਟ ਸੈੱਲ ਅਤੇ ਜ਼ਿਲ੍ਹਾ ਰੋਜ਼ਗਾਰ ਤੇ ਉੱਦਮ ਬਿਊਰੋ (ਡੀ.ਬੀ.ਈ.ਈ.) ਬਾਰੇ ਨੌਜਵਾਨਾਂ ਨੂੰ ਹੋਰ ਜਾਗਰੂਕ ਕਰਨ ਲਈ ਕਿਹਾ ਤਾਂ ਜੋ ਨੌਜਵਾਨਾਂ ਨੂੰ ਇਨ੍ਹਾਂ ਕੇਂਦਰਾਂ ਵਿੱਚ ਖੁਦ ਨੂੰ ਰਜਿਸਟਰ ਕਰਨ ਲਈ ਉਤਸ਼ਾਹਿਤ ਕੀਤਾ ਜਾ ਸਕੇ, ਜਿਸ ਨਾਲ ਉਨ੍ਹਾਂ ਨੂੰ ਅਜੋਕੇ ਸਮੇਂ ‘ਚ ਉਪਲਬਧ ਰੋਜ਼ਗਾਰ ਦੇ ਨਵੇਂ ਮੌਕਿਆਂ ਬਾਰੇ ਜਾਣਕਾਰੀ ਮਿਲ ਸਕੇਗੀ।

ਅਮਨ ਅਰੋੜਾ (Aman Arora) ਨੇ ਅਧਿਕਾਰੀਆਂ ਨੂੰ ਜੌਬ ਪੋਰਟਲ ‘ਤੇ ਹੁਨਰਮੰਦ ਦਿਵਿਆਂਗ ਵਿਅਕਤੀਆਂ ਦੀ ਰਜਿਸਟ੍ਰੇਸ਼ਨ ਕਰਨ ‘ਤੇ ਵਿਸ਼ੇਸ਼ ਜ਼ੋਰ ਦੇਣ ਤੋਂ ਇਲਾਵਾ ਜੌਬ ਪੋਰਟਲ ਉਤੇ ਰਜਿਸਟਰਡ ਕਾਮਿਆਂ ਦੀ ਰੋਜ਼ਗਾਰ ਪ੍ਰਾਪਤੀ ਵਿੱਚ ਮਦਦ ਵਾਸਤੇ ਮੁਹਿੰਮ ਚਲਾਉਣ ਲਈ ਵੀ ਕਿਹਾ ।

ਇਸ ਦੌਰਾਨ ਸਕੱਤਰ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਕੁਮਾਰ ਰਾਹੁਲ ਅਤੇ ਡਾਇਰੈਕਟਰ ਸ੍ਰੀਮਤੀ ਦੀਪਤੀ ਉੱਪਲ ਨੇ ਕੈਬਨਿਟ ਮੰਤਰੀ ਨੂੰ ਦੱਸਿਆ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ (ਪੀ.ਐਸ.ਡੀ.ਐਮ.) ਵੱਲੋਂ ਨੈਸ਼ਨਲ ਅਪ੍ਰੈਂਟਿਸਸ਼ਿਪ ਪ੍ਰੋਗਰਾਮ (ਐਨ.ਏ.ਪੀ.) ਤਹਿਤ 10 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਦਾ ਨਾਮ ਦਰਜ ਕਰਵਾਇਆ ਗਿਆ ਹੈ।

ਇਸ ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਉਚੇਰੀ ਸਿੱਖਿਆ ਸ੍ਰੀਮਤੀ ਜਸਪ੍ਰੀਤ ਤਲਵਾੜ, ਸਕੱਤਰ ਖਰਚਾ ਮੁਹੰਮਦ ਤਈਅਬ, ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਡੀ.ਪੀ.ਐਸ.ਖਰਬੰਦਾ ਅਤੇ ਐਮ.ਡੀ ਇਨਫੋਟੈਕ ਮਹਿੰਦਰ ਪਾਲ ਤੋਂ ਇਲਾਵਾ ਹੋਰ ਸੀਨੀਅਰ ਅਧਿਕਾਰੀਆਂ ਵੀ ਹਾਜ਼ਰ ਸਨ।

Scroll to Top