July 3, 2024 3:17 am
Mohali

ਮੋਹਾਲੀ ਦੇ ਸਰਕਾਰੀ ਕਾਲਜ, ਬੋਗਨਵਿਲੇ ਗਾਰਡਨ ਅਤੇ ਰੋਜ਼ ਗਾਰਡਨ ਵਿਖੇ ਮਿਸ਼ਨ ਗ੍ਰੀਨ ਦਾ ਸੰਦੇਸ਼ ਦੇਣ ਲਈ ਪਤਵੰਤਿਆਂ ਨੇ ਬੂਟੇ ਲਗਾਏ

ਐਸ.ਏ.ਐਸ.ਨਗਰ, 29 ਅਗਸਤ, 2023: ਮਿਸ਼ਨ ਗ੍ਰੀਨ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ, ਮੋਹਾਲੀ ਗ੍ਰੀਨ ਰੈਲੀ ਨੇ ਅੱਜ ਸਮਾਜ ਦੇ ਸਾਰੇ ਵਰਗਾਂ ਦਾ ਭਾਰੀ ਸਮਰਥਨ ਹਾਸਲ ਕੀਤਾ। ਗੈਰ ਸਰਕਾਰੀ ਸੰਗਠਨਾਂ, ਵਿਦਿਆਰਥੀਆਂ, ਐਨ ਸੀ ਸੀ ਕੈਡਿਟਾਂ, ਸੀ ਆਰ ਪੀ ਐਫ ਦੇ ਕਰਮਚਾਰੀਆਂ ਦੇ ਸਹਿਯੋਗ ਨਾਲ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਦੀ ਵਿਲੱਖਣ ਪਹਿਲਕਦਮੀ ਨੂੰ ਹਰੀ ਝੰਡੀ ਦਿਖਾਉਣ ਤੋਂ ਪਹਿਲਾਂ ਪੰਜਾਬ ਦੇ ਜੰਗਲਾਤ ਅਤੇ ਜੰਗਲੀ ਜੀਵ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਇਹ ਰੈਲੀ ਮੁਹਾਲੀ ਤੋਂ ਸ਼ੁਰੂ ਹੋ ਕੇ ਸੂਬੇ ਭਰ ਵਿੱਚ ਮਿਸ਼ਨ ਗਰੀਨ ਨੂੰ ਲੈ ਕੇ ਜਾਵੇਗੀ।
ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਸਰਕਾਰ ਨੇ ਸਾਲ ਦੌਰਾਨ ਸੂਬੇ ਭਰ ਵਿੱਚ 1.25 ਕਰੋੜ ਬੂਟੇ ਲਗਾਉਣ ਦੀ ਪਹਿਲਕਦਮੀ ਕੀਤੀ ਹੈ ਅਤੇ ਹੁਣ ਤੱਕ 80 ਫੀਸਦੀ ਟੀਚਾ ਪੂਰਾ ਕਰ ਲਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਵੱਲੋਂ ਸਰਕਾਰੀ ਟਿਊਬਵੈੱਲਾਂ ‘ਤੇ ਘੱਟੋ-ਘੱਟ ਤਿੰਨ ਬੂਟੇ (ਤ੍ਰਿਵੇਣੀ) ਲਗਾਉਣ ਦੀ ਮੁਹਿੰਮ ਵੀ ਸ਼ੁਰੂ ਕੀਤੀ ਗਈ ਹੈ ਅਤੇ ਹੋਰਨਾਂ ਨੂੰ ਵੀ ਅਜਿਹਾ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਕਿਉਂਕਿ ਮੌਸਮੀ ਤਬਦੀਲੀ ਦੇ ਪ੍ਰਭਾਵ ਕਾਰਨ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਲੋੜ ਹੈ।
ਇਸੇ ਤਰ੍ਹਾਂ ਨੈਸ਼ਨਲ ਹਾਈਵੇਅ ਨੂੰ ਹਰਿਆ ਭਰਿਆ ਗਰੀਨ ਫੀਲਡ ਹਾਈਵੇਅ ਬਣਾਉਣ ਲਈ ਪੰਜਾਬ ਦੇ ਚਾਰ ਮੁੱਖ ਮਾਰਗਾਂ ਨੂੰ ਦੋਵੇਂ ਪਾਸੇ ਪੌਦੇ ਲਗਾਉਣ ਲਈ ਚੁਣਿਆ ਗਿਆ ਹੈ। ਉਨ੍ਹਾਂ ਨੇ  ਜਲਵਾਯੂ ਪਰਿਵਰਤਨ ਅਤੇ ਗਲੋਬਲ ਵਾਰਮਿੰਗ ਦਾ ਮੁਕਾਬਲਾ ਕਰਨ ਲਈ ਹਰੀ ਛਤਰੀ ਵਿੱਚ ਵਾਧੇ ਦੀ ਲੋੜ ‘ਤੇ ਜ਼ੋਰ ਦਿੱਤਾ।  ਉਨ੍ਹਾਂ ਵਾਤਾਵਰਨ ਅਤੇ ਰੁੱਖਾਂ ਦੀ ਮਹੱਤਤਾ ਨੂੰ ਉਜਾਗਰ ਕਰਨ ਲਈ ਗੁਰੂ ਨਾਨਕ ਦੇਵ ਜੀ ਅਤੇ ਕਵੀ ਸ਼ਿਵ ਕੁਮਾਰ ਬਟਾਲਵੀ ਦੇ ਹਵਾਲੇ ਵੀ ਦਿੱਤੇ। ਉਨ੍ਹਾਂ ਸਰਕਾਰੀ ਕਾਲਜ ਮੁਹਾਲੀ ਫੇਜ਼ 6 ਦੇ ਵਿਹੜੇ ਵਿੱਚ ਬੂਟੇ ਲਗਾਏ।
ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਗ੍ਰੀਨ ਮੋਹਾਲੀ ਰੈਲੀ ਵਿੱਚ ਸ਼ਾਮਲ ਹੁੰਦੇ ਹੋਏ ਰੋਜ਼ ਗਾਰਡਨ, 3ਬੀ1, ਮੋਹਾਲੀ ਵਿਖੇ ਬੂਟੇ ਲਗਾਏ। ਉਨ੍ਹਾਂ ਮੋਹਾਲੀ ਜ਼ਿਲੇ ਵਲੋਂ ਗ੍ਰੀਨ ਮੋਹਾਲੀ ਰੈਲੀ ਕੱਢਣ ਦੇ ਕਦਮ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਲਈ ਸਾਨੂੰ ਮਿਸ਼ਨ ਮੋਡ ‘ਤੇ ਕੰਮ ਕਰਨ ਦੀ ਲੋੜ ਹੈ।  ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹਿਲਾਂ ਹੀ ਸ਼ਹੀਦ ਏ ਆਜ਼ਮ ਭਗਤ ਸਿੰਘ ਹਰਿਆਵਲ ਲਹਿਰ ਤਹਿਤ ਪੌਦੇ ਲਗਾਉਣ ਦੀ ਪਹਿਲਕਦਮੀ ਕਰ ਚੁੱਕੇ ਹਨ।
ਇਸ ਮਿਸ਼ਨ ਤਹਿਤ ਹਰੇਕ ਹਲਕੇ ਵਿੱਚ 50,000 ਬੂਟੇ ਲਗਾਉਣ ਦਾ ਟੀਚਾ ਸਫਲਤਾਪੂਰਵਕ ਪੂਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਸਰਕਾਰ ਵੱਖ-ਵੱਖ ਲੋਕ ਪੱਖੀ ਕਦਮ ਚੁੱਕ ਕੇ ਅਤੇ ਫੈਸਲੇ ਲੈ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਪੰਜਾਬ ਨੂੰ ਭਾਰਤ ਦਾ ਨੰਬਰ ਇਕ ਸੂਬਾ ਬਣਾਉਣ ਲਈ ਸੂਬਾ ਸਰਕਾਰ ਦੀਆਂ ਪਹਿਲਕਦਮੀਆਂ ਨੂੰ ਸਹੀ ਅਰਥਾਂ ਵਿਚ ਸਹਿਯੋਗ ਦੇਈਏ।
ਉਨ੍ਹਾਂ ਕਿਹਾ ਕਿ ਅੱਜ ਦੀ ਮੋਹਾਲੀ ਗਰੀਨ ਰੈਲੀ ਦਾ ਸੰਦੇਸ਼ ਬਹੁਤ ਵਧੀਆ ਉਪਰਾਲਾ ਹੈ ਅਤੇ ਇਸ ਨੂੰ ਸੂਬੇ ਭਰ ਵਿੱਚ ਸਥਾਨਕ ਪੱਧਰ ‘ਤੇ ਲਾਗੂ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਉੱਥੇ ਮੌਜੂਦ ਵਿਦਿਆਰਥੀਆਂ ਨੂੰ ਪੌਦੇ ਵੀ ਵੰਡੇ ਅਤੇ ਉਨ੍ਹਾਂ ਨੂੰ ਪੌਦਿਆਂ ਦੇ ਚੰਗੀ ਤਰ੍ਹਾਂ ਵਧਣ ਫੁੱਲਣ ਨੂੰ ਯਕੀਨੀ ਬਣਾਉਣ ਲਈ ਦੇਖਭਾਲ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਸਾਨਾਂ ਨੂੰ ਹਰਿਆਵਲ ਨੂੰ ਉਤਸ਼ਾਹਿਤ ਕਰਨ ਲਈ ਆਪਣੇ ਟਿਊਬਵੈੱਲਾਂ ‘ਤੇ 10-10 ਰੁੱਖ ਲਗਾਉਣ ਦੀ ਵੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਉਹ ਅੱਜ ਰੋਜ਼ ਗਾਰਡਨ ਵਿਖੇ ਆਪਣੇ ਹੱਥੀਂ ਲਗਾਏ ਗਏ ਬੂਟਿਆਂ ਦੀ ਮਾਸਿਕ ਦੌਰਾ ਕਰਕੇ ਬਾਕਾਇਦਾ ਸੰਭਾਲ ਕਰਨਗੇ।
ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਪ੍ਰਭਜੋਤ ਕੌਰ ਨੇ ਬੋਗਨਵਿਲੇ ਗਾਰਡਨ, ਫੇਜ਼ 4, ਮੁਹਾਲੀ ਵਿਖੇ ਰੈਲੀ ਦੀ ਨਿਰੰਤਰਤਾ ਵਿੱਚ ਬੂਟੇ ਵੀ ਲਗਾਏ। ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾ. ਸੰਨੀ ਸਿੰਘ ਆਹਲੂਵਾਲੀਆ ਜੋ ਕਿ ਮੋਹਾਲੀ ਗ੍ਰੀਨ ਰੈਲੀ ਦਾ ਹਿੱਸਾ ਵੀ ਸਨ, ਨੇ ਕਿਹਾ ਕਿ ਮਿਸ਼ਨ ਗ੍ਰੀਨ ਮੋਹਾਲੀ ਨੂੰ ਯਕੀਨੀ ਤੌਰ ‘ਤੇ ਹਰ ਵਰਗ ਦਾ ਸਮਰਥਨ ਮਿਲੇਗਾ ਕਿਉਂਕਿ ਅੱਜ ਦੀ ਰੈਲੀ ਦੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਨੇ ਲੋਕਾਂ ਨੂੰ ਵਾਤਾਵਰਣ ਨੂੰ ਬਚਾਉਣ ਦਾ ਮਜ਼ਬੂਤ ਸੰਦੇਸ਼ ਦਿੱਤਾ ਹੈ।
ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਗਮਾਡਾ ਵਿਖੇ ਰੈਲੀ ਵਿੱਚ ਸ਼ਾਮਲ ਹੋ ਕੇ ਬੂਟੇ ਵੀ ਲਗਾਏ ਅਤੇ ਵਿਦਿਆਰਥੀਆਂ ਅਤੇ ਨਾਗਰਿਕਾਂ ਨੂੰ ਰੁੱਖਾਂ ਦੀ ਮਹੱਤਤਾ ਪ੍ਰਤੀ ਜਾਗਰੂਕ ਕਰਨ ਲਈ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਦੇ ਉਪਰਾਲੇ ਦੀ ਸ਼ਲਾਘਾ ਕੀਤੀ।
ਸੈਕਟਰ 78 ਦੇ ਬਹੁਮੰਤਵੀ ਖੇਡ ਕੰਪਲੈਕਸ ਵਿਖੇ ਮੁਹਾਲੀ ਗ੍ਰੀਨ ਰੈਲੀ ਦੀ ਸਮਾਪਤੀ ਮੌਕੇ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਭਾਗ ਲੈਣ ਵਾਲਿਆਂ ਨੂੰ ਵੱਧ ਤੋਂ ਵੱਧ ਰੁੱਖ ਲਗਾ ਕੇ ਵਾਤਾਵਰਨ ਦੀ ਸੰਭਾਲ ਕਰਨ ਦਾ ਪ੍ਰਣ ਲਿਆ। ਉਨ੍ਹਾਂ ਬਹੁਮੰਤਵੀ ਖੇਡ ਕੰਪਲੈਕਸ ਕੰਪਲੈਕਸ ਦੇ ਅਹਾਤੇ ਵਿੱਚ ਸਮਾਪਤੀ ਮੌਕੇ ਬੂਟੇ ਵੀ ਲਗਾਏ।
ਡਵੀਜ਼ਨਲ ਵਣ ਦਫ਼ਤਰ ਕੰਵਰਦੀਪ ਸਿੰਘ ਨੇ ਰੈਲੀ ਨੂੰ ਆਪਣੀ ਮਹੱਤਤਾ ਨਾਲ ਮਿਸ਼ਨ ਬਣਾਉਣ ਵਾਲੇ ਮੰਤਰੀਆਂ, ਵਿਧਾਇਕਾਂ ਅਤੇ ਚੇਅਰਪਰਸਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਦਿਆਰਥੀਆਂ, ਗੈਰ ਸਰਕਾਰੀ ਸੰਗਠਨਾਂ ਅਤੇ ਸੀਆਰਪੀਐਫ ਦੇ ਜਵਾਨਾਂ ਨੇ ਹਰਿਆ ਭਰਿਆ ਅਤੇ ਸਵੱਛ ਵਾਤਾਵਰਣ ਦਾ ਸੰਦੇਸ਼ ਦੇਣ ਲਈ ਸ਼ਾਨਦਾਰ ਕੰਮ ਕੀਤਾ ਹੈ। ਇਸ ਮੌਕੇ ਮੁੱਖ ਵਣਪਾਲ ਪਹਾੜੀ ਇਲਾਕੇ ਸ੍ਰੀਮਤੀ ਨਿਧੀ ਸ੍ਰੀਵਾਸਤਵਾ ਵੀ ਮੌਜੂਦ ਸਨ।
ਗਰੀਨ ਮੁਹਾਲੀ ਰੈਲੀ ਦੇ ਕੋਆਰਡੀਨੇਟਰ ਪਰਮਿੰਦਰ ਪਾਲ ਸਿੰਘ ਨੇ ਕਿਹਾ ਕਿ ਵੱਖ-ਵੱਖ ਜਥੇਬੰਦੀਆਂ ਸੇਵਕ ਸਭਾ, ਜ਼ੀਰਕਪੁਰ, ਮੂਲ ਸ੍ਰਿਸ਼ਟੀ ਫਾਊਂਡੇਸ਼ਨ, ਚੰਡੀਗੜ੍ਹ, ਫਿਟ ਫਾਊਂਡੇਸ਼ਨ, ਵਾਰੀਅਰ ਸਪੋਰਟਸ ਐਂਡ ਵੈਲਫੇਅਰ ਆਰਗੇਨਾਈਜ਼ੇਸ਼ਨ, ਪੁਕਾਰ- ਮਨੁੱਖਤਾ ਦੀ ਆਵਾਜ਼, ਗ੍ਰੀਨ ਪਲੈਨੇਟ ਸੁਸਾਇਟੀ, ਸਵਰਗੀ ਯੋਗ ਰਾਜ ਫਾਊਂਡੇਸ਼ਨ, ਹਰਿਆਵਲ ਪੰਜਾਬ, ਦੇਸ਼ ਭਗਤ ਰੇਡੀਓ, ਡਿਪਲਾਸਟ ਆਦਿ ਨੇ ਇੱਕ ਸਾਂਝੇ ਮੰਚ ’ਤੇ ਇਕੱਠੇ ਹੋ ਕੇ ਸਮੂਹਿਕ ਤੌਰ ’ਤੇ ਵਾਤਾਵਰਣ ਲਈ ਆਵਾਜ਼ ਬੁਲੰਦ ਕੀਤੀ।
ਕਾਰਬਨ ਫੁਟਪ੍ਰਿੰਟ ਨੂੰ ਘਟਾਉਣ ਲਈ ਸਾਰੇ ਭਾਗੀਦਾਰਾਂ ਨੇ ਆਪਣੀਆਂ ਪਾਣੀ ਦੀਆਂ ਬੋਤਲਾਂ ਅਤੇ ਰਿਫਰੈਸ਼ਮੈਂਟ ਨਾਲ ਰੱਖੀ।  ਕਈ ਥਾਵਾਂ ‘ਤੇ ਵੱਖ-ਵੱਖ ਵਲੰਟੀਅਰਾਂ ਵੱਲੋਂ ਛਬੀਲ ਵੀ ਲਗਾਈ ਗਈ। ਡਿਸਪੋਜ਼ੇਬਲ ਦੀ ਬਜਾਏ ਸਟੀਲ ਦੇ ਗਲਾਸ ਗਏ।