ਚੰਡੀਗੜ੍ਹ, 13 ਫ਼ਰਵਰੀ 2026: ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪੰਜਾਬ ਸਰਕਾਰ ਮਾਰਚ-2026 ਦੀਆਂ ਬੋਰਡ ਪ੍ਰੀਖਿਆਵਾਂ ਲਈ ਮੁਲਾਂਕਣ ਪ੍ਰਕਿਰਿਆ ‘ਚ ਅਹਿਮ ਬਦਲਾਅ ਲਿਆਉਣ ਜਾ ਰਹੀ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਆਨ-ਸਕਰੀਨ ਮਾਰਕਿੰਗ ਪ੍ਰਣਾਲੀ ਲਾਗੂ ਕਰਨ ਦੀ ਤਿਆਰੀ ਮੁਕੰਮਲ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਪੂਰੀ ਤਰ੍ਹਾਂ ਡਿਜੀਟਲ ਮੁਲਾਂਕਣ ਪ੍ਰਣਾਲੀ ਅਪਣਾਈ ਜਾ ਰਹੀ ਹੈ।
ਹਰਜੋਤ ਸਿੰਘ ਬੈਂਸ ਨੇ ਇਸ ਪ੍ਰਾਜੈਕਟ ਬਾਰੇ ਦੱਸਿਆ ਕਿ ਇਸ ਪ੍ਰਣਾਲੀ ਨਾਲ ਅਧਿਆਪਕ ਸਕੈਨ ਕੀਤੀਆਂ ਉੱਤਰ ਪੱਤਰੀਆਂ ਦਾ ਕੰਪਿਊਟਰ ‘ਤੇ ਮੁਲਾਂਕਣ ਕਰ ਸਕਣਗੇ ਅਤੇ ਸਾਫ਼ਟਵੇਅਰ ਰਾਹੀਂ ਅੰਕਾਂ ਦੀ ਗਿਣਤੀ ਆਪਣੇ ਆਪ ਹੋਵੇਗੀ, ਜਿਸ ਨਾਲ ਨਤੀਜੇ ਤੇਜ਼ ਅਤੇ ਸਹੀ ਤਰੀਕੇ ਨਾਲ ਜਾਰੀ ਹੋਣਗੇ।
ਸਿੱਖਿਆ ਮੰਤਰੀ ਨੇ ਦੱਸਿਆ ਕਿ ਇਸ ਪ੍ਰਣਾਲੀ ਨੇ ਤੁਰੰਤ ਅਤੇ ਸਟੀਕ ਮੁਲਾਂਕਣ ਕਰਕੇ ਆਪਣੀ ਯੋਗਤਾ ਪਹਿਲਾਂ ਹੀ ਸਾਬਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸਤੰਬਰ 2025 ਦੀ ਸਪਲੀਮੈਂਟਰੀ ਪ੍ਰੀਖਿਆ ਦੌਰਾਨ 23,000 ਉੱਤਰ ਪੱਤਰੀਆਂ ਦਾ ਡਿਜੀਟਲ ਮੁਲਾਂਕਣ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਇਸ ਸਾਲ ਮੈਟ੍ਰਿਕ ਪ੍ਰੀਖਿਆ ਦੇ ਇੱਕ ਵਿਸ਼ੇ ‘ਚ ਆਨ-ਸਕਰੀਨ ਮਾਰਕਿੰਗ ਪ੍ਰਣਾਲੀ ਲਾਗੂ ਕਰੇਗਾ ਅਤੇ ਆਉਣ ਵਾਲੇ ਸੈਸ਼ਨਾਂ ‘ਚ ਇਸ ਦਾ ਵਿਸਥਾਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਨਵੀਂ ਡਿਜ਼ਾਈਨ ਕੀਤੀ ਉੱਤਰ ਪੱਤਰੀ ਦੇ ਹਰੇਕ ਪੰਨੇ ‘ਚ ਇੱਕ ਵਿਲੱਖਣ ਕਿਊ.ਆਰ. ਕੋਡ ਹੈ, ਜਿਸ ਨਾਲ ਸੁਰੱਖਿਅਤ ਸਕੈਨਿੰਗ ਅਤੇ ਨਿਰਵਿਘਨ ਡਿਜੀਟਲ ਪ੍ਰੋਸੈਸਿੰਗ ਸੰਭਵ ਹੋਵੇਗੀ।
ਸਿੱਖਿਆ ਮੰਤਰੀ ਨੇ ਕਿਹਾ ਕਿ ਆਨ-ਸਕਰੀਨ ਮਾਰਕਿੰਗ ਪ੍ਰਣਾਲੀ ਤਹਿਤ ਉੱਤਰ ਪੱਤਰੀਆਂ ਨੂੰ ਇੱਕ ਸੁਰੱਖਿਅਤ ਮਾਹੌਲ ‘ਚ ਸਕੈਨ ਕੀਤਾ ਜਾਂਦਾ ਹੈ ਅਤੇ ਇੱਕ ਕੇਂਦਰੀਕ੍ਰਿਤ ਡੈਸ਼ਬੋਰਡ ‘ਤੇ ਅਪਲੋਡ ਕੀਤਾ ਜਾਂਦਾ ਹੈ, ਜਿੱਥੇ ਪ੍ਰੀਖਿਆਰਥੀ ਜੋੜ, ਢਾਂਚਾਗਤ ਮਾਰਕਿੰਗ ਸਕੀਮਾਂ ਅਤੇ ਅਸਲ-ਸਮੇਂ ਦੀ ਨਿਗਰਾਨੀ ਨਾਲ ਉਨ੍ਹਾਂ ਦਾ ਆਨਲਾਈਨ ਮੁਲਾਂਕਣ ਕਰਦੇ ਹਨ।
ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਕਿਊ.ਆਰ ਕੋਡ ਵਾਲੀਆਂ ਸ਼ੀਟਾਂ ਅਤੇ ਡਿਜੀਟਲ ਮੁਲਾਂਕਣ ਨਾਲ ਨਿਰਪੱਖਤਾ, ਤੇਜ਼ੀ ਅਤੇ ਸਟੀਕਤਾ ਯਕੀਨੀ ਬਣੇਗੀ। ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਇਸ ਪਹਿਲ ਪਿੱਛੇ ਵਿਦਿਆਰਥੀਆਂ ਨੂੰ ਤਰਜੀਹ ਦੇਣ ਸਬੰਧੀ ਦ੍ਰਿਸ਼ਟੀਕੋਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਨਤੀਜੇ ‘ਚ ਲੱਗਣ ਵਾਲੇ ਸਮੇਂ ‘ਚ ਕਮੀ, ਮਿਆਰੀ ਮਾਰਕਿੰਗ ਅਤੇ ਮੁਲਾਂਕਣ ‘ਚ ਪਾਰਦਰਸ਼ਤਾ ਦਾ ਲਾਭ ਮਿਲੇਗਾ। ਸਾਡੇ ਅਧਿਆਪਕ ਵੀ ਡਿਜੀਟਲ ਇੰਟਰਫੇਸ ਨਾਲ ਕੰਮ ਕਰਨਗੇ |
ਸਿੱਖਿਆ ਮੰਤਰੀ ਨੇ ਕਿਹਾ ਕਿ ਬੋਰਡ ਨੇ ਮਾਰਚ 2026 ‘ਚ ਆਨ-ਸਕਰੀਨ ਮਾਰਕਿੰਗ ਸਿਸਟਮ ਦੀ ਸ਼ੁਰੂਆਤ ਸਬੰਧੀ ਸਾਰੀਆਂ ਤਕਨੀਕੀ ਅਤੇ ਪ੍ਰਬੰਧਕੀ ਤਿਆਰੀਆਂ ਮੁਕੰਮਲ ਕਰ ਲਈਆਂ ਹਨ|
Read More: ਪੰਜਾਬ ਸਰਕਾਰ ਵੱਲੋਂ ਸੀਨੀਅਰ ਨਾਗਰਿਕਾਂ ਦੀ ਸਿਹਤ ਲਈ 7.86 ਕਰੋੜ ਰੁਪਏ ਅਲਾਟ: ਡਾ. ਬਲਜੀਤ ਕੌਰ




