Dhruv Rathi

ਸਿੱਖ ਭਾਈਚਾਰੇ ਦੇ ਇਤਰਾਜ਼ ਤੋਂ ਬਾਅਦ ਧਰੁਵ ਰਾਠੀ ਨੇ ਯੂ-ਟਿਊਬ ਤੋਂ ਵੀਡੀਓ ਹਟਾਇਆ

ਚੰਡੀਗੜ੍ਹ, 19 ਮਈ 2025: ਮਸ਼ਹੂਰ ਯੂਟਿਊਬਰ ਧਰੁਵ ਰਾਠੀ ਸਿੱਖ ਗੁਰੂਆਂ ਦਾ ਇੱਕ ਏਆਈ ਵੀਡੀਓ ਬਣਾਉਣ ਤੋਂ ਬਾਅਦ ਵਿਵਾਦਾਂ ‘ਚ ਘਿਰ ਗਏ ਹਨ। ਧਰੁਵ ਰਾਠੀ ਨੇ ‘ਦਿ ਰਾਈਜ਼ ਆਫ਼ ਸਿੱਖਸ’ ਸਿਰਲੇਖ ਵਾਲਾ ਇੱਕ ਏਆਈ ਵੀਡੀਓ ਜਾਰੀ ਕੀਤਾ ਹੈ। ਜਿਸ ‘ਚ ਸਿੱਖ ਯੋਧਿਆਂ ਨੂੰ ਗਲਤ ਢੰਗ ਨਾਲ ਦਰਸਾਇਆ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ YouTuber ਧਰੁਵ ਰਾਠੀ ਦੀ ਵੀਡੀਓ ਦੀ ਸਖ਼ਤ ਨਿਖੇਧੀ ਕੀਤੀ ਹੈ। ਵਿਵਾਦ ਤੋਂ ਬਾਅਦ, ਯੂਟਿਊਬਰ ਧਰੁਵ ਰਾਠੀ ਨੇ ਆਪਣੇ ਚੈਨਲ ਤੋਂ ਵੀਡੀਓ ਹਟਾ ਦਿੱਤਾ।

ਹਰਿਆਣਾ ਦੇ ਯੂਟਿਊਬਰ ਧਰੁਵ ਰਾਠੀ (ਜੋ ਇਸ ਵੇਲੇ ਜਰਮਨੀ ‘ਚ ਰਹਿ ਰਹੇ ਹਨ) ਨੇ “ਦ ਸਿੱਖ ਵਾਰੀਅਰ ਹੂ ਟੈਰਾਈਫਾਈਡ ਦ ਮੁਗਲਸ” ਸਿਰਲੇਖ ਵਾਲਾ ਇੱਕ ਵੀਡੀਓ ਬਣਾਇਆ ਹੈ। ਇਸ ‘ਚ, ਉਨ੍ਹਾਂ ਨੇ ਸਿੱਖਾਂ ਸੰਬੰਧੀ ਏਆਈ ਨਾਲ ਬਣਾਏ ਗਏ ਕੁਝ ਵਿਜ਼ੂਅਲ ਵੀ ਸ਼ਾਮਲ ਕੀਤੇ ਹਨ। ਸਿੱਖ ਭਾਈਚਾਰੇ ਦੇ ਲੋਕ ਨੇ ਇਸ ‘ਤੇ ਇਤਰਾਜ਼ ਜਤਾਇਆ ਹੈ ਅਤੇ ਸਿੱਖ ਧਾਰਮਿਕ ਆਗੂ ਦਾ ਅਪਮਾਨ ਕਰਨ ਦਾ ਦੋਸ਼ ਲਗਾਇਆ ਹੈ |

ਇਸ ਬਾਰੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀਡੀਓ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਅਜਿਹੇ ਵਿਜ਼ੂਅਲ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਹਨ ਤੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾਈ ਹੈ। ਉਨ੍ਹਾਂ ਕਿਹਾ ਕਿ ਸਤਿਕਾਰਯੋਗ ਭਾਸ਼ਾ ਦੀ ਘਾਟ ਸੀ ਅਤੇ ਗੁੰਮਰਾਹਕੁੰਨ ਤੱਥ ਪੇਸ਼ ਕੀਤੇ ਗਏ ਸਨ।

ਇਸ ਦੌਰਾਨ ਦਿੱਲੀ ਸਰਕਾਰ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਵੀ ਧਰੁਵ ਰਾਠੀ ਦੇ ਇਸ ਵੀਡੀਓ ਦੀ ਨਿੰਦਾ ਕੀਤੀ ਹੈ। ਉਨ੍ਹਾਂ ਲਿਖਿਆ ਕਿ ਮੈਂ ਧਰੁਵ ਰਾਠੀ ਦੇ ਹਾਲੀਆ ਵੀਡੀਓ “ਦ ਸਿੱਖ ਵਾਰੀਅਰ ਹੂ ਟੈਰੀਫਾਈਡ ਦ ਮੁਗਲਸ” ਦੀ ਨਿੰਦਾ ਕਰਦਾ ਹਾਂ ਜੋ ਕਿ ਨਾ ਸਿਰਫ਼ ਤੱਥਾਂ ਪੱਖੋਂ ਗਲਤ ਹੈ ਬਲਕਿ ਸਿੱਖ ਇਤਿਹਾਸ ਅਤੇ ਭਾਵਨਾਵਾਂ ਦਾ ਘੋਰ ਅਪਮਾਨ ਵੀ ਹੈ। ਸਾਹਸ ਅਤੇ ਬ੍ਰਹਮਤਾ ਦੇ ਰੂਪ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬਚਪਨ ‘ਚ ਰੋਂਦੇ ਹੋਏ ਦਿਖਾਉਣਾ ਸਿੱਖ ਧਰਮ ਦੀ ਮੂਲ ਭਾਵਨਾ ਦਾ ਅਪਮਾਨ ਹੈ, ਜੋ ਕਿ ਨਿਡਰਤਾ, ਲਚਕੀਲਾਪਣ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ ਹੈ।

Read More: ਮੱਧ ਪ੍ਰਦੇਸ਼ ਦੇ ਮੰਤਰੀ ਵਿਜੇ ਸ਼ਾਹ ਨੇ ਕਰਨਲ ਸੋਫੀਆ ਕੁਰੈਸ਼ੀ ‘ਤੇ ਦਿੱਤਾ ਵਿਵਾਦਤ ਬਿਆਨ

Scroll to Top