ਐਸ.ਏ.ਐਸ.ਨਗਰ, 20 ਜੂਨ, 2023: ਢਕੋਲੀ ਰੇਲਵੇ ਕਰਾਸਿੰਗ ‘ਤੇ ਜ਼ੀਰਕਪੁਰ ਵਾਸੀਆਂ ਨੂੰ ਟ੍ਰੈਫਿਕ ਜਾਮ ਤੋਂ ਛੁਟਕਾਰਾ ਦਿਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਰੇਲਵੇ ਅਧਿਕਾਰੀਆਂ ਵੱਲੋਂ ਰੇਲਵੇ ਨੂੰ ਵਿਸਥਾਰਤ ਪ੍ਰੋਜੈਕਟ ਰਿਪੋਰਟ ਸੌਂਪਣ ਨਾਲ ਵੱਡਾ ਹੁਲਾਰਾ ਮਿਲਿਆ ਹੈ। ਸ਼ਨੀਵਾਰ ਨੂੰ ਆਪਣੇ ਦਫ਼ਤਰ ਵਿਖੇ ਰੇਲਵੇ ਅਧਿਕਾਰੀਆਂ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਦਮਨਜੀਤ ਕੰਗ ਮਾਨ ਅਤੇ ਕਾਰਜਕਾਰੀ ਅਧਿਕਾਰੀ ਜ਼ੀਰਕਪੁਰ ਨਗਰ ਨਿਗਮ ਰਵਨੀਤ ਸਿੰਘ ਨਾਲ ਸਮੀਖਿਆ ਮੀਟਿੰਗ ਕਰਨ ਤੋਂ ਬਾਅਦ, ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਉਮੀਦ ਪ੍ਰਗਟਾਈ ਕਿ ਪ੍ਰੀ-ਟੈਂਡਰਿੰਗ ਪ੍ਰਕਿਰਿਆ ਦੀ ਪਹਿਲੀ ਸ਼ਰਤ ਡੀ.ਪੀ.ਆਰ. ਦੇ ਤਿਆਰ ਹੋਣ ਅਤੇ ਰੇਲਵੇ ਅਧਿਕਾਰੀਆਂ ਨੂੰ ਭੇਜੇ ਜਾਣ ਨਾਲ ਪੂਰੀ ਹੋ ਗਈ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ਹੁਣ ਰੇਲਵੇ ਅਥਾਰਟੀਜ਼ ਨੂੰ ਜਮ੍ਹਾਂ ਕਰਵਾਈ ਗਈ ਡੀ ਪੀ ਆਰ ਨੂੰ ਰਾਜ/ਸ਼ਹਿਰੀ ਸਥਾਨਕ ਸੰਸਥਾ ਦੇ ਵਿੱਤੀ ਹਿੱਸੇ ਲਈ ਮਨਜ਼ੂਰੀ ਲੈਣ ਲਈ ਈ ਓ ਦੁਆਰਾ ਐਮ ਸੀ ਜਨਰਲ ਹਾਊਸ ਦੀ ਮੀਟਿੰਗ ਵਿੱਚ ਰੱਖਿਆ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਜ਼ੀਰਕਪੁਰ ਵਿਖੇ ਕਾਲਕਾ-ਅੰਬਾਲਾ ਟੀ ਪੁਆਇੰਟ ‘ਤੇ ਆਵਾਜਾਈ ਦੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਢਕੋਲੀ ਕਰਾਸਿੰਗ ‘ਤੇ ਪ੍ਰਸਤਾਵਿਤ ਰੇਲਵੇ ਅੰਡਰ ਬ੍ਰਿਜ ਬਣਾਉਣਾ ਸਮੇਂ ਦੀ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਡੀ.ਪੀ.ਆਰ. ਵਿੱਚ ਉਸਾਰੀ ਦੀ ਅਨੁਮਾਨਿਤ ਰਾਸ਼ੀ 13.70 ਕਰੋੜ ਰੁਪਏ ਰੱਖੀ ਗਈ ਹੈ, ਜਿਸ ਵਿੱਚੋਂ 50 ਫੀਸਦੀ ਹਿੱਸਾ ਰਾਜ ਨੂੰ ਸਹਿਣਾ ਪਵੇਗਾ।
ਡਿਪਟੀ ਕਮਿਸ਼ਨਰ ਨੇ ਏ.ਡੀ.ਸੀ.(ਯੂ.ਡੀ.) ਅਤੇ ਈ.ਓ. ਨੂੰ ਕਿਹਾ ਕਿ ਢਕੋਲੀ ਕਰਾਸਿੰਗ ‘ਤੇ ਟ੍ਰੈਫਿਕ ਜਾਮ ਦੀ ਭਿਆਨਕ ਸਮੱਸਿਆ ਤੋਂ ਸ਼ਹਿਰ ਵਾਸੀਆਂ ਨੂੰ ਨਿਜਾਤ ਦਿਵਾਉਣ ਲਈ ਜਨਰਲ ਹਾਊਸ ਨਾਲ ਸਬੰਧਤ ਰਸਮੀ ਕਾਰਵਾਈਆਂ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ। ਉਨ੍ਹਾਂ ਮੀਟਿੰਗ ਵਿੱਚ ਹਾਜ਼ਰ ਰੇਲਵੇ ਅਧਿਕਾਰੀਆਂ ਨੂੰ ਵੀ ਕਿਹਾ ਕਿ ਉਹ ਆਪਣੇ ਉੱਚ ਅਧਿਕਾਰੀਆਂ ਤੋਂ ਡੀ.ਪੀ.ਆਰ. ਦੀ ਪ੍ਰਵਾਨਗੀ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਤਾਂ ਜੋ ਇਸ ਖੇਤਰ ਦੀ ਲੰਮੇ ਸਮੇਂ ਤੋਂ ਚੱਲ ਰਹੀ ਸਮੱਸਿਆ ਨੂੰ ਸਮਾਂਬੱਧ ਢੰਗ ਨਾਲ ਹੱਲ ਕੀਤਾ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਜ਼ੀਰਕਪੁਰ ਦੇ ਬਲਟਾਣਾ ਵਿੱਚ ਇੱਕ ਹੋਰ ਰੇਲਵੇ ਅੰਡਰ ਬ੍ਰਿਜ ਨੂੰ ਵੀ ਜ਼ਮੀਨ ਐਕਵਾਇਰ ਕਰਨ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਯੂ ਟੀ ਅਧਿਕਾਰੀਆਂ ਨਾਲ ਸੰਪਰਕ ਕਰਕੇ, ਜਲਦ ਬਣਾਇਆ ਜਾਵੇਗਾ। ਉਸਨੇ ਕਿਹਾ ਕਿ ਪ੍ਰਸਤਾਵਿਤ ਰੇਲੇਵ ਅੰਡਰ ਬ੍ਰਿਜ ਪ੍ਰੋਜੈਕਟ ਜੋ ਟੈਂਡਰ ਪੜਾਅ ਦੇ ਐਨ ਨੇੜੇ ਹੈ, ਅਧਿਗ੍ਰਹਿਣ ਪ੍ਰਕਿਰਿਆ ਦੇ ਮੁਕੰਮਲ ਹੋਣ ਦੀ ਉਡੀਕ ਕਰ ਰਿਹਾ ਹੈ।
ਉਨ੍ਹਾਂ ਨੇ ਮੀਟਿੰਗ ਵਿੱਚ ਹਾਜ਼ਰ ਵਧੀਕ ਡਿਪਟੀ ਕਮਿਸ਼ਨਰ ਦਮਨਜੀਤ ਸਿੰਘ ਮਾਨ ਨੂੰ ਯੂ ਟੀ ਅਧਿਕਾਰੀਆਂ ਨਾਲ ਸੰਪਰਕ ਕਰਨ ਲਈ ਕਿਹਾ ਤਾਂ ਜੋ ਆਰ ਯੂ ਬੀ ਦੇ ਟੈਂਡਰ ਲਈ ਰਾਹ ਪੱਧਰਾ ਕਰਨ ਲਈ ਜ਼ਮੀਨ ਅਧਿਗ੍ਰਹਿਣ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਜਾ ਸਕੇ।