ਚੰਡੀਗੜ੍ਹ, 12 ਅਕਤੂਬਰ 2023: ਐੱਨ.ਡੀ.ਪੀ.ਐੱਸ ਮਾਮਲਿਆਂ ਵਿੱਚ ਸਰਕਾਰੀ ਗਵਾਹਾਂ (ਪੁਲਿਸ ਅਧਿਕਾਰੀਆਂ) ਦੇ ਲਾਪਰਵਾਹੀ ਵਾਲੇ ਰਵੱਈਏ ’ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਗ੍ਰਹਿ ਸਕੱਤਰ ਗੁਰਕੀਰਤ ਕਿਰਪਾਲ ਸਿੰਘ, ਡੀਜੀਪੀ ਪੰਜਾਬ (DGP Punjab) ਅਤੇ ਸ੍ਰੀ ਮੁਕਤਸਰ ਸਾਹਿਬ ਦੇ ਐਸਐਸਪੀ ਨੂੰ ਤਲਬ ਕੀਤਾ ਹੈ।
ਡੀਜੀਪੀ (DGP Punjab) ਗੌਰਵ ਯਾਦਵ ਹਾਈਕੋਰਟ ‘ਚ ਪੇਸ਼ ਹੋਏ, ਇਸ ਦੌਰਾਨ ਹਾਈਕੋਰਟ ਨੇ ਤਲਖ਼ ਟਿੱਪਣੀਆਂ ਕੀਤੀਆਂ । ਹਾਈਕੋਰਟ ਦਾ ਕਹਿਣਾ ਹੈ ਕਿ ਲਗਾਤਾਰ ਦੇਖ ਰਹੇ ਹਾਂ ਕਾਰਵਾਈ ਨਹੀਂ ਹੋ ਰਹੀ, ਡੀਜੀਪੀ ਗੌਰਵ ਯਾਦਵ ਅਤੇ ਸਰਕਾਰ ਖ਼ੁਦ ਵੀ ਪੂਰੀ ਤਰ੍ਹਾਂ ਨਾਲ ਬੇਅਸਰ ਰਹੇ ਹਨ | ਇਸਸਦੇ ਨਾਲ ਹੀ ਹਾਈਕੋਰਟ ਨੇ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ | ਹਾਈਕੋਰਟ ਦਾ ਕਹਿਣਾ ਹੈ ਕਿ ਭਰੋਸਾ ਨਾ ਦਿੱਤਾ ਜਾਵੇ, ਕੁਝ ਕਰਕੇ ਵਿਖਾਓ, ਇਵੇਂ ਲੱਗ ਰਿਹਾ ਜਿਵੇਂ ਪੰਜਾਬ ਪੁਲਿਸ ਵੀ ਡਰੱਗ ਮਾਫ਼ੀਆ ਨਾਲ ਮਿਲੀ ਹੁੰਦੀ ਹੈ।”
ਜਿਕਰਯੋਗ ਹੈ ਕਿ ਹਾਈਕੋਰਟ ਨੇ ਤਿੰਨਾਂ ਨੂੰ ਇਸ ਮਾਮਲੇ ‘ਚ ਨਿੱਜੀ ਤੌਰ ‘ਤੇ ਪੇਸ਼ ਹੋ ਕੇ ਅਦਾਲਤ ਦੇ ਸਵਾਲਾਂ ਦੇ ਜਵਾਬ ਦੇਣ ਦੇ ਹੁਕਮ ਦਿੱਤੇ ਸਨ ।ਅਰਸ਼ਦੀਪ ਸਿੰਘ ਨੇ ਪਟੀਸ਼ਨ ਦਾਇਰ ਕਰਦੇ ਹੋਏ ਦੱਸਿਆ ਕਿ ਉਸ ਵਿਰੁੱਧ 1 ਸਤੰਬਰ 2020 ਨੂੰ ਐਨਡੀਪੀਐਸ ਦਾ ਕੇਸ ਦਰਜ ਕੀਤਾ ਗਿਆ ਸੀ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇਸ ਕੇਸ ਵਿੱਚ, ਚਲਾਨ 24 ਫਰਵਰੀ 2021 ਨੂੰ ਪੇਸ਼ ਕੀਤਾ ਗਿਆ ਸੀ ਅਤੇ 18 ਅਗਸਤ 2021 ਨੂੰ ਦੋਸ਼ ਆਇਦ ਕੀਤੇ ਗਏ ਸਨ। ਪਟੀਸ਼ਨਰ ਨੇ ਕਿਹਾ ਕਿ ਉਹ ਗ੍ਰਿਫਤਾਰੀ ਦੇ ਦਿਨ ਤੋਂ ਹੀ ਪੁਲਿਸ ਹਿਰਾਸਤ ਵਿੱਚ ਹੈ ਅਤੇ ਮੁਕੱਦਮਾ ਲਗਾਤਾਰ ਲੰਬਿਤ ਹੈ। ਇਸ ਕੇਸ ਵਿੱਚ 20 ਗਵਾਹ ਹਨ ਅਤੇ ਸਾਰੇ ਸਰਕਾਰੀ ਅਧਿਕਾਰੀ ਹਨ, ਇਸ ਦੇ ਬਾਵਜੂਦ ਹੁਣ ਤੱਕ ਸਿਰਫ਼ 1 ਗਵਾਹੀ ਹੀ ਲਈ ਗਈ ਹੈ।
ਇਸ ’ਤੇ ਹਾਈਕੋਰਟ ਨੇ ਕਿਹਾ ਕਿ ਪੰਜਾਬ ਵਿੱਚ ਹੁਣ ਇਹ ਰੁਝਾਨ ਬਣ ਗਿਆ ਹੈ ਕਿ ਸਰਕਾਰੀ ਅਧਿਕਾਰੀ ਗਵਾਹੀ ਲਈ ਨਹੀਂ ਆਉਂਦੇ ਅਤੇ ਜਦੋਂ ਐਸਐਸਪੀ ਨੂੰ ਬੁਲਾਇਆ ਜਾਂਦਾ ਹੈ ਤਾਂ ਅਦਾਲਤ ਵੱਲੋਂ ਭਰੋਸਾ ਦਿੱਤਾ ਜਾਂਦਾ ਹੈ ਕਿ ਭਵਿੱਖ ਵਿੱਚ ਅਜਿਹਾ ਨਹੀਂ ਹੋਵੇਗਾ। ਅਦਾਲਤ ਨੂੰ ਇਹ ਨੋਟ ਕਰਕੇ ਦੁੱਖ ਹੈ ਕਿ ਇਹ ਭਰੋਸੇ ਵਿਅਰਥ ਹਨ | ਅਜਿਹੇ ‘ਚ ਹਾਈਕੋਰਟ ਨੇ ਹੁਣ ਪੰਜਾਬ ਦੇ ਗ੍ਰਹਿ ਸਕੱਤਰ, ਡੀਜੀਪੀ ਅਤੇ ਮੁਕਸਰ ਸਾਹਿਬ ਦੇ ਐੱਸਐੱਸਪੀ ਨੂੰ ਅਗਲੀ ਸੁਣਵਾਈ ‘ਤੇ ਖੁਦ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।