IPS Jagjit Singh Bawa

DGP ਗੌਰਵ ਯਾਦਵ ਨੇ 1951 ਬੈਚ ਦੇ IPS ਅਧਿਕਾਰੀ ਜਗਜੀਤ ਸਿੰਘ ਬਾਵਾ ਨੂੰ ਉਨ੍ਹਾਂ ਦੇ 100ਵੇਂ ਜਨਮਦਿਨ ‘ਤੇ ਦਿੱਤੀਆਂ ਸ਼ੁਭਕਾਮਨਾਵਾਂ

ਚੰਡੀਗੜ੍ਹ, 21 ਫਰਵਰੀ 2026: ਡੀਜੀਪੀ ਪੰਜਾਬ ਗੌਰਵ ਯਾਦਵ ਨੇ ਅੱਜ 1951 ਬੈਚ ਦੇ ਸੇਵਾਮੁਕਤ ਆਈਪੀਐਸ ਅਧਿਕਾਰੀ ਜਗਜੀਤ ਸਿੰਘ ਬਾਵਾ ਨੂੰ ਉਨ੍ਹਾਂ ਦੇ 100ਵੇਂ ਜਨਮਦਿਨ ਮੌਕੇ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਡੀਜੀਪੀ ਗੌਰਵ ਯਾਦਵ ਨੇ ਆਪਣੇ ਐਕਸ ਹੈਂਡਲ ‘ਤੇ ਪਾਈ ਪੋਸਟ ‘ਚ ਕਿਹਾ ਕਿ ਇੰਡੀਅਨ ਪੁਲਿਸ ਸਰਵਿਸ ਦੇ ਪੰਜਾਬ ਕੇਡਰ ਦੀ ਪ੍ਰਮੁੱਖ ਹਸਤੀ ਬਾਵਾ ਅਧਿਕਾਰੀਆਂ ਦੀ ਇੱਕ ਪੀੜ੍ਹੀ ਦੀ ਨੁਮਾਇੰਦਗੀ ਕਰਦੇ ਹਨ, ਜਿਨ੍ਹਾਂ ਨੇ ਪੇਸ਼ੇਵਰ, ਸਿਧਾਂਤਕ ਅਤੇ ਨਿਡਰ ਪੁਲਿਸਿੰਗ ਦੀ ਮਜ਼ਬੂਤ ਨੀਂਹ ਰੱਖੀ। ਡੀਜੀਪੀ ਨੇ ਲਿਖਿਆ ਕਿ ਪੰਜਾਬ ਕੇਡਰ ਲੰਬੇ ਸਮੇਂ ਤੋਂ ਆਪਣੀ ਸਮਰਪਿਤ ਸੇਵਾ ਭਾਵਨਾ, ਲੀਡਰਸ਼ਿਪ ਅਤੇ ਦੇਸ਼ ਪ੍ਰਤੀ ਯੋਗਦਾਨ ਲਈ ਪ੍ਰਸ਼ੰਸਾ ਦਾ ਪਾਤਰ ਰਿਹਾ ਹੈ ਅਤੇ ਬਾਵਾ ਪੰਜਾਬ ਕੇਡਰ ਦੇ ਆਈ.ਪੀ.ਐਸ. ਅਧਿਕਾਰੀਆਂ ਦੀ ਮੋਹਰਲੀ ਕਤਾਰ ਦੀਆਂ ਹਸਤੀਆਂ ‘ਚੋਂ ਇੱਕ ਹਨ।

ਜਿਕਰਯੋਗ ਹੈ ਕਿ ਵਿਸ਼ੇਸ਼ ਡੀਜੀਪੀ ਹੈੱਡਕੁਆਰਟਰ ਐਸ.ਐਸ. ਸ੍ਰੀਵਾਸਤਵ ਅਤੇ ਡੀਆਈਜੀ ਪਰਸੋਨਲ ਅਮਨੀਤ ਕੌਂਡਲ ਨੇ ਵੈਟਰਨ ਅਧਿਕਾਰੀ ਨਾਲ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਮੁਲਾਕਾਤ ਕਰਕੇ ਉਨ੍ਹਾਂ ਨੂੰ ਸਮੁੱਚੀ ਪੁਲਿਸ ਫੋਰਸ ਦੀ ਵੱਲੋਂ ਸ਼ੁਭਕਾਮਨਾਵਾਂ ਦਿੱਤੀਆਂ।

ਜਗਜੀਤ ਸਿੰਘ ਬਾਵਾ ਨੇ 13 ਜੁਲਾਈ, 1951 ਨੂੰ ਆਪਣਾ ਸੇਵਾਕਾਲ ਸ਼ੁਰੂ ਕੀਤਾ ਅਤੇ ਐਸਐਸਪੀ ਫਿਰੋਜ਼ਪੁਰ ਵਜੋਂ ਨਿਯੁਕਤ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਵੱਖ-ਵੱਖ ਜ਼ਿਲ੍ਹਿਆਂ ‘ਚ ਏਐਸਪੀ ਅਤੇ ਐਸਪੀ ਵਜੋਂ ਸੇਵਾਵਾਂ ਨਿਭਾਈਆਂ। ਉਨ੍ਹਾਂ ਨੇ ਡੀਆਈਜੀ ਅਤੇ ਆਈਜੀਪੀ ਵਜੋਂ ਵੀ ਕਈ ਮਹੱਤਵਪੂਰਨ ਅਹੁਦਿਆਂ ‘ਤੇ ਕੰਮ ਕੀਤਾ ਅਤੇ ਆਈਜੀਪੀ ਪੰਜਾਬ ਵਜੋਂ ਵੀ ਸੇਵਾ ਨਿਭਾਈ। ਇਸ ਤੋਂ ਬਾਅਦ ਉਨ੍ਹਾਂ ਨੂੰ 27 ਸਤੰਬਰ, 1977 ਨੂੰ ਕੇਂਦਰੀ ਡੈਪੂਟੇਸ਼ਨ ‘ਤੇ ਨਵੀਂ ਦਿੱਲੀ ‘ਚ ਡਾਇਰੈਕਟਰ ਸੀਬੀਆਈ ਨਿਯੁਕਤ ਕੀਤਾ। ਬਾਵਾ ਨੂੰ ਸੇਵਾਮੁਕਤੀ ਦੀ ਉਮਰ ਤੋਂ ਬਾਅਦ ਸੇਵਾ ‘ਚ ਇੱਕ ਸਾਲ ਦਾ ਵਾਧਾ ਦਿੱਤਾ ਅਤੇ ਫਿਰ 28 ਫਰਵਰੀ, 1985 ਨੂੰ ਨੂੰ ਉਹ ਸੇਵਾਮੁਕਤ ਹੋ ਗਏ।

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਆਈਜੀਪੀ ਪੰਜਾਬ ਅਤੇ ਡਾਇਰੈਕਟਰ ਸੀਬੀਆਈ ਵਜੋਂ ਆਪਣੀ ਮਿਸਾਲੀ ਸੇਵਾ ਰਾਹੀਂ ਬਾਵਾ ਨੇ ਇਮਾਨਦਾਰੀ, ਸੰਸਥਾਗਤ ਤਾਕਤ ਅਤੇ ਜਨਤਕ ਵਿਸ਼ਵਾਸ ਦੇ ਉੱਚਤਮ ਮਿਆਰਾਂ ਨੂੰ ਕਾਇਮ ਰੱਖਿਆ। ਉਨ੍ਹਾਂ ਕਿਹਾ ਕਿ ਬਾਵਾ ਦਾ ਜੀਵਨ ਅਤੇ ਕਰੀਅਰ ਲਗਾਤਾਰ ਅਧਿਕਾਰੀਆਂ ਨੂੰ ਪ੍ਰੇਰਿਤ ਕਰਦਾ ਆ ਰਿਹਾ ਹੈ।

ਡੀਜੀਪੀ ਨੇ ਕਿਹਾ ਕਿ ਜਦੋਂ ਅਸੀਂ ਅੱਜ ਬਾਵਾ ਦਾ 100ਵਾਂ ਜਨਮਦਿਨ ਮਨਾ ਰਹੇ ਹਾਂ, ਪੰਜਾਬ ਪੁਲਿਸ ਦੇਸ਼ ਪ੍ਰਤੀ ਡਿਊਟੀ, ਸਨਮਾਨ ਅਤੇ ਸੇਵਾ ਲਈ ਉਨ੍ਹਾਂ ਪ੍ਰਤੀ ਆਪਣਾ ਡੂੰਘਾ ਮਾਣ-ਸਨਮਾਨ ਜ਼ਾਹਰ ਕਰਦੀ ਹੈ।

Read More: Punjab budget: ਪੰਜਾਬ ਸਰਕਾਰ 8 ਮਾਰਚ ਨੂੰ ਵਿਧਾਨ ਸਭਾ ‘ਚ ਪੇਸ਼ ਕਰੇਗੀ ਬਜਟ

ਵਿਦੇਸ਼

Scroll to Top