July 2, 2024 6:25 pm
stubble

ਪੰਜਾਬ ‘ਚ ਕਾਨੂੰਨ ਵਿਵਸਥਾ ਨੂੰ ਲੈ ਕੇ DGP ਗੌਰਵ ਯਾਦਵ ਸਖ਼ਤ, ਪੁਲਿਸ ਅਧਿਕਾਰੀਆਂ ਨੂੰ ਦਿੱਤੀਆਂ ਹਦਾਇਤਾਂ

ਚੰਡੀਗੜ੍ਹ, 2 ਮਾਰਚ 2023: ਪੰਜਾਬ ਵਿੱਚ ਕਾਨੂੰਨ ਵਿਵਸਥਾ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਪੰਜਾਬ ਪੁਲਿਸ ਨੇ ਹੁਣ ਸ਼ੱਕੀ ਅਤੇ ਮਾੜੇ ਪਿਛੋਕੜ ਵਾਲੇ ਲੋਕਾਂ ਦੇ ਕੇਸਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ (DGP Gaurav Yadav) ਨੇ ਸੂਬੇ ਦੇ ਸਾਰੇ ਪੁਲਿਸ ਕਮਿਸ਼ਨਰਾਂ ਅਤੇ ਐਸ.ਐਸ.ਪੀਜ਼ ਨੂੰ ਹਦਾਇਤਾਂ ਦਿੱਤੀਆਂ ਹਨ ਕਿ ਜਿਨ੍ਹਾਂ ਵਿਅਕਤੀਆਂ ਦਾ ਪਿਛੋਕੜ ਸ਼ੱਕੀ ਹੈ ਅਤੇ ਅਪਰਾਧਾਂ ਵਿੱਚ ਸ਼ਾਮਲ ਹੈ, ਉਨ੍ਹਾਂ ਦੇ ਕੇਸਾਂ ਦੀ ਮੁੜ ਜਾਂਚ ਕੀਤੀ ਜਾਵੇ ਅਤੇ ਐਸ.ਐਚ.ਓ. ਪੱਧਰ ਦੇ ਅਧਿਕਾਰੀ ਖੁਦ ਇਨ੍ਹਾਂ ਦੀ ਜਾਂਚ ਕਰਨ।

ਪੁਲਿਸ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਸੂਬੇ ਵਿੱਚ ਅਪਰਾਧਿਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਪਿੱਛੇ ਇਨ੍ਹਾਂ ਸ਼ੱਕੀ ਅਤੇ ਮਾੜੇ ਅਨਸਰਾਂ ਦਾ ਹੱਥ ਹੋ ਸਕਦਾ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ (DGP Gaurav Yadav) ਨੇ ਸਮੂਹ ਪੁਲਿਸ ਅਧਿਕਾਰੀਆਂ ਨੂੰ ਇਹ ਹਦਾਇਤਾਂ ਵੀ ਦਿੱਤੀਆਂ ਹਨ ਕਿ ਅਜਿਹੇ ਸ਼ੱਕੀ ਵਿਅਕਤੀਆਂ ਦੇ ਕੇਸਾਂ ਦੀ ਦੁਬਾਰਾ ਸਮੀਖਿਆ ਹੋਣੀ ਚਾਹੀਦੀ ਹੈ ਅਤੇ ਇਨ੍ਹਾਂ ਸ਼ੱਕੀ ਵਿਅਕਤੀਆਂ ਦੇ ਪੁਰਾਣੇ ਚੱਲ ਰਹੇ ਕੇਸਾਂ ਦੀ ਜਾਂਚ ਵੀ ਐਸ.ਐਚ.ਓ. ਆਪਣੇ ਪੱਧਰ ‘ਤੇ ਕਰਨ। ਇਸ ਦੇ ਨਾਲ ਹੀ ਘਿਨਾਉਣੇ ਅਪਰਾਧਾਂ ਨਾਲ ਸਬੰਧਤ ਕੇਸ ਵੀ ਐੱਸ.ਐੱਚ.ਓ. ਆਪਣੀ ਨਿਗਰਾਨੀ ਹੇਠ ਜਾਂਚ ਕਰਨੀ ਚਾਹੀਦੀ ਹੈ ।

ਪੰਜਾਬ ਪੁਲਿਸ ਨੇ ਹਾਲ ਹੀ ਵਿਚ ਅਮਨ-ਸ਼ਾਂਤੀ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਚੰਗੇ ਪੁਲਿਸ ਅਫਸਰਾਂ ਨੂੰ ਮੈਦਾਨ ਵਿਚ ਉਤਾਰਿਆ ਹੈ, ਜਿਸ ਦੀ ਮਿਸਾਲ ਨੌਨਿਹਾਲ ਸਿੰਘ ਦੀ ਅੰਮ੍ਰਿਤਸਰ ਵਿਚ ਪੁਲਿਸ ਕਮਿਸ਼ਨਰ ਵਜੋਂ ਤਾਇਨਾਤੀ ਹੈ। ਨੌਨਿਹਾਲ ਸਿੰਘ ਇੱਕ ਸਖ਼ਤ ਪੁਲਿਸ ਅਫਸਰ ਮੰਨਿਆ ਜਾਂਦਾ ਹੈ ਅਤੇ ਮੈਰਿਟ ‘ਤੇ ਕੰਮ ਕਰਦਾ ਹੈ।