ਸ੍ਰੀ ਅਨੰਦਪੁਰ ਸਾਹਿਬ, 11 ਅਪ੍ਰੈਲ 2023: ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ) ਪੰਜਾਬ ਗੌਰਵ ਯਾਦਵ (DGP Gaurav Yadav) ਨੇ ਮੰਗਲਵਾਰ ਨੂੰ ਸ੍ਰੀ ਆਨੰਦਪੁਰ ਸਾਹਿਬ ਦਾ ਦੌਰਾ ਕੀਤਾ ਅਤੇ ਵਿਸਾਖੀ-2023 ਦੇ ਤਿਉਹਾਰ ਤੋਂ ਪਹਿਲਾਂ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਪੁਲਿਸ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਵਿਰਾਸਤ-ਏ-ਖਾਲਸਾ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ, ਡੀ.ਜੀ.ਪੀ. ਨੇ ਸੁਰੱਖਿਆ ਪ੍ਰਬੰਧਾਂ ਅਤੇ ਟ੍ਰੈਫਿਕ ਰੂਟ ਪਲਾਨ ਦੇ ਨਾਲ-ਨਾਲ ਜ਼ਿਲ੍ਹਾ ਅਧਿਕਾਰੀਆਂ ਵਲੋਂ ਬਣਾਏ ਗਏ ਸੈਕਟਰਾਂ ਅਨੁਸਾਰ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਦਾ ਜਾਇਜ਼ਾ ਲਿਆ।
ਇਸ ਮੌਕੇ ਉਨ੍ਹਾਂ ਨੇ ਅਧਿਕਾਰੀਆਂ ਨੂੰ ਸਮਾਜ ਵਿਰੋਧੀ ਅਨਸਰਾਂ ‘ਤੇ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ ਤਾਂ ਜੋ ਤਿਉਹਾਰ ਦੇ ਸ਼ਾਂਤਮਈ ਮਾਹੌਲ ਨੂੰ ਭੰਗ ਕਰਨ ਵਾਲੇ ਅਨਸਰਾਂ ਉਤੇ ਕਾਬੂ ਪਾਇਆ ਜਾ ਸਕੇ। ਉਨ੍ਹਾਂ ਨੇ ਸਾਰੇ ਪਹਿਲੂਆਂ ਲਈ ਤਕਨੀਕੀ ਨਿਗਰਾਨੀ ‘ਤੇ ਵੀ ਜ਼ੋਰ ਦਿੱਤਾ ਅਤੇ ਸ਼ਰਧਾਲੂਆਂ ਲਈ ਪਾਰਕਿੰਗਾਂ ਦੇ ਢੁਕਵੇਂ ਪ੍ਰਬੰਧ ਕਰਨ ਲਈ ਵੀ ਕਿਹਾ।
ਇਸ ਮੌਕੇ ਆਈ.ਜੀ.ਪੀ ਰੋਪੜ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਆਮ ਲੋਕਾਂ ਦੀ ਸਹੂਲਤ ਲਈ ਹੈਲਪ ਡੈਸਕ ਤੋਂ ਇਲਾਵਾ ਵੱਖਰੇ ਚੈਨਲਾਂ ਦੇ ਨਾਲ ਵਾਇਰਲੈੱਸ ਕੰਟਰੋਲ ਰੂਮ ਵੀ ਸਥਾਪਿਤ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਖ਼ਤ ਚੌਕਸੀ ਰੱਖਣ ਲਈ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਉਤੇ ਸੀ.ਸੀ.ਟੀ.ਵੀ ਕੈਮਰੇ ਲਗਾਏ ਗਏ ਹਨ।
ਮੀਟਿੰਗ ਤੋਂ ਬਾਅਦ ਡੀ.ਜੀ.ਪੀ ਗੌਰਵ ਯਾਦਵ (DGP Gaurav Yadav) ਨੇ ਸ਼ਹਿਰ ਦਾ ਦੌਰਾ ਕਰਕੇ ਅਧਿਕਾਰੀਆਂ ਨੂੰ ਲੋੜ ਅਨੁਸਾਰ ਅਧਿਕਾਰੀਆਂ ਦੀ ਤਾਇਨਾਤੀ ਵਧਾਉਣ ਦੇ ਨਿਰਦੇਸ਼ ਦਿੱਤੇ। ਇਸ ਮੀਟਿੰਗ ਵਿੱਚ ਏ.ਡੀ.ਜੀ.ਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ, ਡੀ.ਆਈ.ਜੀ. ਹਰਚਰਨ ਭੁੱਲਰ, ਐਸ.ਐਸ.ਪੀ. ਵਿਵੇਕ ਸ਼ੀਲ ਸੋਨੀ, ਐਸ.ਪੀ ਰਾਜਪਾਲ ਹੁੰਦਲ ਅਤੇ ਅੱਠ ਕਮਾਂਡੈਂਟ/ਏ.ਆਈ.ਜੀ ਵੀ ਹਾਜ਼ਰ ਸਨ।