DGP Gaurav Yadav

ਲੁਧਿਆਣਾ ਪੁੱਜੇ DGP ਗੌਰਵ ਯਾਦਵ, ਪੁਲਿਸ ਅਧਿਕਾਰੀਆਂ ਨੂੰ ਦਿੱਤੀਆਂ ਸਖ਼ਤ ਹਦਾਇਤਾਂ

ਚੰਡੀਗੜ੍ਹ, 23 ਅਕਤੂਬਰ 2024: ਡੀਜੀਪੀ ਗੌਰਵ ਯਾਦਵ (DGP Gaurav Yadav) ਅੱਜ ਲੁਧਿਆਣਾ (Ludhiana) ਪਹੁੰਚੇ ਅਤੇ ਸਨਅਤਕਾਰਾਂ ਨਾਲ ਬੈਠਕ ਕਰਕੇ ਉਨ੍ਹਾਂ ਤੋਂ ਫੀਡਬੈਕ ਲਿਆ ਹੈ | ਜਿਕਰਯੋਗ ਹੈ ਕਿ ਡੀਜੀਪੀ ਗੌਰਵ ਯਾਦਵ ਦੀ ਇੱਕ ਹਫ਼ਤੇ ਅੰਦਰ ਇਹ ਦੂਜੀ ਫੇਰੀ ਹੈ । ਇਸ ਤੋਂ ਚਾਰ ਦਿਨ ਪਹਿਲਾਂ ਡੀਜੀਪੀ ਯਾਦਵ ਅਚਾਨਕ ਦੇਰ ਰਾਤ ਲੁਧਿਆਣਾ ਪੁੱਜੇ ਸਨ |

ਡੀਜੀਪੀ ਗੌਰਵ ਯਾਦਵ ਨੇ ਸਨਅਤਕਾਰਾਂ ਨਾਲ ਬੈਠਕ ਦੌਰਾਨ ਭਵਿੱਖ ‘ਚ ਅਪਰਾਧ ਨੂੰ ਕਾਬੂ ਕਰਨ ਬਾਰੇ ਗੱਲਬਾਤ ਕੀਤੀ। ਡੀਜੀਪੀ ਗੌਰਵ ਯਾਦਵ ਨੇ ਇਸ ਸਬੰਧੀ ਪੁਲਿਸ ਅਧਿਕਾਰੀਆਂ ਨੂੰ ਵਿਸ਼ੇਸ਼ ਹਦਾਇਤਾਂ ਵੀ ਦਿੱਤੀਆਂ ਹਨ।ਉਨ੍ਹਾਂ ਨੇ ਕਿਹਾ ਕਿ ਪੰਜਾਬ ‘ਚ ਛੇਤੀ ਹੀ 10 ਹਜ਼ਾਰ ਨਵੀਂ ਪੁਲਿਸ ਭਰਤੀ ਹੋਣ ਜਾ ਰਹੀ ਹੈ। ਇਸਦੇ ਨਾਲ ਹੀ ਅੱਜ 14 ਨਵੀਆਂ ਪੀਸੀਆਰ ਗੱਡੀਆਂ ਲੁਧਿਆਣਾ ਲਈ ਰਵਾਨਾ ਕੀਤੀਆਂ ਗਈਆਂ ਹਨ ਅਤੇ ਆਉਣ ਵਾਲੇ ਸਮੇਂ ‘ਚ ਇਹ ਵਾਹਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨੂੰ ਦਿੱਤੇ ਜਾਣਗੇ।

ਡੀਜੀਪੀ (DGP Gaurav Yadav) ਨੇ ਕਿਹਾ ਕਿ ਪੰਜਾਬ ਪੁਲਿਸ ਨਸ਼ਿਆਂ ਅਤੇ ਅਪਰਾਧਾਂ ਨੂੰ ਜੜ੍ਹੋਂ ਪੁੱਟਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਪਿਛਲੇ ਦੋ ਸਾਲਾਂ ‘ਚ 100 ਤੋਂ ਵੱਧ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ| ਪੁਲਿਸ ਸਮਾਜ ਵਿਰੋਧੀ ਅਨਸਰਾਂ ਨਾਲ ਸਖ਼ਤੀ ਨਾਲ ਨਜਿੱਠੇਗੀ।

ਡੀਜੀਪੀ ਨੇ ਕਿਹਾ ਕਿ ਹੁਣ ਪੰਜਾਬ ਪੁਲਿਸ ਲੋਕਾਂ ‘ਚ ਜਾ ਕੇ ਉਨ੍ਹਾਂ ਤੋਂ ਫੀਡਬੈਕ ਲਵੇਗੀ, ਤਾਂ ਜੋ ਲੋਕਾਂ ਦਾ ਪੁਲਿਸ ‘ਚ ਭਰੋਸਾ ਬਰਕਰਾਰ ਰਹੇ ਅਤੇ ਅਪਰਾਧਾਂ ਨੂੰ ਠੱਲ੍ਹ ਪਾਈ ਜਾ ਸਕੇ। ਇਸਦੇ ਨਾਲ ਹੀ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਹਰ ਜ਼ਿਲ੍ਹੇ ਦੇ ਪੁਲਿਸ ਅਧਿਕਾਰੀਆਂ ਨੂੰ 24 ਘੰਟੇ ਚੌਕਸ ਰਹਿਣ ਅਤੇ ਨਾਕੇਬੰਦੀ ਕਰਨ ਦੇ ਨਿਰਦੇਸ਼ ਦਿੱਤੇ ਹਨ।

Scroll to Top