ਚੰਡੀਗੜ੍ਹ, 29 ਅਪ੍ਰੈਲ 2025: ਡੀਜੀਪੀ ਗੌਰਵ ਯਾਦਵ (DGP Gaurav Yadav) ਨੇ ਅੱਜ ਜ਼ਿਲ੍ਹਾ ਪੁਲਿਸ ਮੁਖੀਆਂ ਨਾਲੋਂ ਬੈਠਕ ਦੌਰਾਨ 31 ਮਈ ਤੱਕ ਜ਼ਮੀਨੀ ਪੱਧਰ ‘ਤੇ ਨਸ਼ਿਆਂ ਦੀ ਉਪਲਬੱਧਤਾ ਨੂੰ ਜ਼ੀਰੋ ਕਰਨ ਲਈ ਸਖ਼ਤ ਅਲਟੀਮੇਟਮ ਦਿੱਤਾ ਹੈ, ਅਜਿਹਾ ਨਾ ਕਰਨ ਦੀ ਸੂਰਤ ‘ਚ ਸਟੇਸ਼ਨ ਹਾਊਸ ਅਫ਼ਸਰ (ਐਸਐਚਓ) ਪੱਧਰ ਤੱਕ ਦੇ ਸਾਰੇ ਅਧਿਕਾਰੀ ਜਵਾਬਦੇਹ ਹੋਣਗੇ।
ਡੀਜੀਪੀ ਗੌਰਵ ਯਾਦਵ ਨੇ ਅੱਜ ਵਿਸ਼ੇਸ਼ ਡੀਜੀਪੀ ਅੰਦਰੂਨੀ ਸੁਰੱਖਿਆ ਆਰ.ਐਨ. ਢੋਕੇ, ਏਡੀਜੀਪੀ ਐਂਟੀ ਨਾਰਕੋਟਿਕਸ ਟਾਸਕ ਫੋਰਸ (ਏਐਨਟੀਐਫ) ਨੀਲਭ ਕਿਸ਼ੋਰ ਅਤੇ ਏਡੀਜੀਪੀ ਕਾਨੂੰਨ ਅਤੇ ਵਿਵਸਥਾ ਨਰੇਸ਼ ਅਰੋੜਾ ਨੇ ਸਾਰੇ ਰੇਂਜ ਇੰਸਪੈਕਟਰ ਜਨਰਲ ਆਫ਼ ਪੁਲਿਸ/ਡਿਪਟੀ ਇੰਸਪੈਕਟਰ ਜਨਰਲ (ਆਈਜੀਪੀ/ਡੀਆਈਜੀ) ਅਤੇ ਕਮਿਸ਼ਨਰ ਆਫ਼ ਪੁਲਿਸ/ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਸੀਪੀ/ਐਸਐਸਪੀ) ਨਾਲ ਮਿਲ ਕੇ ਸੂਬੇ ‘ਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਮੌਜੂਦਾ ਕਾਰਜ ਯੋਜਨਾ ਨੂੰ ਸੁਚਾਰੂ ਬਣਾਉਣ ਲਈ ਇੱਕ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ।
ਉਨ੍ਹਾਂ (DGP Gaurav Yadav) ਕਿਹਾ ਕਿ “ਅਸੀਂ ਮੀਟਿੰਗ ਦੌਰਾਨ ਕਈ ਮਹੱਤਵਪੂਰਨ ਫੈਸਲੇ ਲਏ ਹਨ, ਜਿਸ ‘ਚ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰਨਾ ਸ਼ਾਮਲ ਹੈ। ਸੀਪੀ/ਐਸਐਸਪੀ, ਡੀਐਸਪੀ ਅਤੇ ਐਸਐਚਓ ਸਮੇਤ ਹਰੇਕ ਅਧਿਕਾਰੀ ਨੂੰ ਆਪਣੇ-ਆਪਣੇ ਖੇਤਰਾਂ ‘ਚ ਜ਼ਮੀਨੀ ਪੱਧਰ ‘ਤੇ ਨਸ਼ਿਆਂ ਦੇ ਖਤਰੇ ਨੂੰ ਖਤਮ ਕਰਨ ‘ਚ ਅਸਫਲ ਰਹਿਣ ਲਈ ਜ਼ਿੰਮੇਵਾਰ ਅਤੇ ਜਵਾਬਦੇਹ ਠਹਿਰਾਇਆ ਜਾਵੇਗਾ।”
ਉਨ੍ਹਾਂ ਕਿਹਾ ਕਿ 31 ਮਈ ਤੋਂ ਬਾਅਦ ਸਾਰੇ ਅਧਿਕਾਰੀਆਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਪੇਸ਼ੇਵਰ ਮਾਪਦੰਡ, ਇੰਟੈਲੀਜੈਂਸ ਅਤੇ ਜਨਤਾ ਤੋਂ ਫੀਡਬੈਕ ਦੀ ਮੱਦਦ ਨਾਲ ਕੀਤਾ ਜਾਵੇਗਾ। ਉਨ੍ਹਾਂ ਕਿਹਾ, “ਸਰਵੇਖਣ ਤੋਂ ਬਾਅਦ, ਬਿਹਤਰ ਪ੍ਰਦਰਸ਼ਨ ਕਰਨ ਵਾਲੇ ਅਧਿਕਾਰੀਆਂ ਨੂੰ ਇਨਾਮ ਦਿੱਤਾ ਜਾਵੇਗਾ ਜਦੋਂ ਕਿ ਮਾੜੀ ਕਾਰਗੁਜ਼ਾਰੀ ਵਾਲੇ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।”
ਡੀਜੀਪੀ ਨੇ ਸਪੱਸ਼ਟ ਕੀਤਾ ਕਿ ਪੁਲਿਸ ਦਾ ਧਿਆਨ ਡੇਟਾ-ਅਧਾਰਤ ਟੀਚਿਆਂ ‘ਤੇ ਨਹੀਂ ਹੈ, ਸਗੋਂ ਸੂਬੇ ਭਰ ‘ਚ ਨਸ਼ਿਆਂ ਦੀ ਜ਼ੀਰੋ ਉਪਲਬੱਧਤਾ ਨੂੰ ਯਕੀਨੀ ਬਣਾਉਣ ਲਈ ਸਪਲਾਈ ਚੇਨਾਂ ਨੂੰ ਪੂਰੀ ਤਰ੍ਹਾਂ ਤੋੜਨ ‘ਤੇ ਹੈ। ਉਨ੍ਹਾਂ ਕਿਹਾ ਕਿ ਸੀਪੀ/ਐਸਐਸਪੀ ਨੂੰ ਪਹਿਲਾਂ ਹੀ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਐਨਡੀਪੀਐਸ ਐਕਟ ਅਧੀਨ ਦਰਜ ਕੀਤੇ ਜਾ ਰਹੇ ਮਾਮਲਿਆਂ ਦੇ ਪਿਛੋਕੜ ਦਾ ਪਤਾ ਲਗਾਉਣ ਅਤੇ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਕੇ ਮਾਮਲਿਆਂ ਨੂੰ ਉਨ੍ਹਾਂ ਦੇ ਤਰਕਪੂਰਨ ਸਿੱਟੇ ‘ਤੇ ਪਹੁੰਚਾਉਣ। ਇਸਦੇ ਨਾਲ ਹੀ ਫੀਲਡ ਅਧਿਕਾਰੀਆਂ ਨੂੰ ਆਪਣੇ-ਆਪਣੇ ਜ਼ਿਲ੍ਹਿਆਂ ‘ਚੋਂ ਨਸ਼ਿਆਂ ਦੇ ਖਾਤਮੇ ਲਈ ਆਪਣੀ ਯੋਜਨਾ 31 ਮਈ ਤੱਕ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੀਟਿੰਗ ਦੌਰਾਨ, ਫੋਰਸ ਨੂੰ ਵਧਾਉਣ ਲਈ ਤਕਨਾਲੋਜੀ ਦੀ ਵਰਤੋਂ ਕਰਕੇ ਵੱਡੀਆਂ ਮੱਛੀਆਂ ਦਾ ਪਿੱਛਾ ਕਰਨ ਅਤੇ ਉਨ੍ਹਾਂ ਨੂੰ ਟਰੈਕ ਕਰਨ ਲਈ ਵੱਖ-ਵੱਖ ਤਰੀਕਿਆਂ ਅਤੇ ਤਕਨੀਕਾਂ ‘ਤੇ ਵੀ ਚਰਚਾ ਕੀਤੀ |
ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ 755 ਪਛਾਣੇ ਗਏ ਡਰੱਗ ਹੌਟਸਪੌਟਾਂ ‘ਤੇ ਵਿਸ਼ੇਸ਼ ਧਿਆਨ ਦੇ ਰਹੀ ਹੈ ਅਤੇ ਇਨ੍ਹਾਂ ਕਮਜ਼ੋਰ ਖੇਤਰਾਂ ‘ਚ ਨਸ਼ੇ ਦੀ ਓਵਰਡੋਜ਼ ਨੂੰ ਰੋਕਣ ਲਈ ਵਾਰ-ਵਾਰ ਨਿਸ਼ਾਨਾਬੱਧ ਅਤੇ ਪ੍ਰਭਾਵਸ਼ਾਲੀ ਕੇਸੋ ਆਪ੍ਰੇਸ਼ਨ ਚਲਾ ਰਹੀ ਹੈ।
ਨਸ਼ਿਆਂ ਵਿਰੁੱਧ ਮੁਹਿੰਮ ‘ਚ ਵੱਧ ਤੋਂ ਵੱਧ ਨਾਗਰਿਕਾਂ ਨੂੰ ਸ਼ਾਮਲ ਕਰਨ ਦੀ ਲੋੜ ‘ਤੇ ਜ਼ੋਰ ਦਿੰਦੇ ਹੋਏ, ਡੀਜੀਪੀ ਗੌਰਵ ਯਾਦਵ ਨੇ ਸੂਬੇ ਦੇ ਲੋਕਾਂ ਨੂੰ ਨਸ਼ਾ ਤਸਕਰਾਂ ਦੀ ਗੁਪਤ ਰਿਪੋਰਟ ਕਰਨ ਲਈ ਸੇਫ ਪੰਜਾਬ ਐਂਟੀ ਡਰੱਗ ਹੈਲਪਲਾਈਨ ‘9779100200’ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਹੈਲਪਲਾਈਨ ‘ਤੇ ਪ੍ਰਾਪਤ ਹੋਣ ਵਾਲੀ ਹਰ ਜਾਣਕਾਰੀ ਦੀ ਰੋਜ਼ਾਨਾ ਨਿਗਰਾਨੀ ਕੀਤੀ ਜਾ ਰਹੀ ਹੈ |
ਪੁਲਿਸ ਮੁਤਬਕ ਸੂਬੇ ‘ਚ ਨਸ਼ਿਆਂ ਦੇ ਖਾਤਮੇ ਲਈ ਸ਼ੁਰੂ ਕੀਤੀ ਗਈ ‘ਨਸ਼ਿਆਂ ਵਿਰੁੱਧ ਜੰਗ’ ਮੁਹਿੰਮ ਨੂੰ 60ਵੇਂ ਦਿਨ ਵੀ ਜਾਰੀ ਰੱਖਦੇ ਹੋਏ, ਪੁਲਿਸ ਟੀਮਾਂ ਨੇ 1 ਮਾਰਚ, 2025 ਤੋਂ ਲੈ ਕੇ ਹੁਣ ਤੱਕ ਐਨਡੀਪੀਐਸ ਐਕਟ ਤਹਿਤ 4930 ਐਫਆਈਆਰ ਦਰਜ ਕੀਤੀਆਂ ਹਨ, 7889 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ‘ਚੋਂ 325 ਕਿਲੋ ਹੈਰੋਇਨ, 100 ਕੁਇੰਟਲ ਭੁੱਕੀ, 157 ਕਿਲੋ ਅਫੀਮ, 21.89 ਲੱਖ ਗੋਲੀਆਂ/ਕੈਪਸੂਲ, 95 ਕਿਲੋ ਗਾਂਜਾ ਅਤੇ 8.09 ਕਰੋੜ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ।
Read More: DGP ਗੌਰਵ ਯਾਦਵ ਨੇ ਸੂਬੇ ਦੇ ਸਾਰੇ SSP ਤੇ ਸੀਪੀ ਨਾਲ ਸੱਦੀ ਅਹਿਮ ਬੈਠਕ