July 7, 2024 5:29 pm
Go First Airlines

DGCA ਨੇ ਗੋ ਫਸਟ ਏਅਰਲਾਈਨਜ਼ ‘ਤੇ ਲਾਇਆ 10 ਲੱਖ ਦਾ ਜ਼ੁਰਮਾਨਾ, 55 ਯਾਤਰੀ ਨੂੰ ਲਏ ਬਿਨਾ ਭਰੀ ਸੀ ਉਡਾਣ

ਚੰਡੀਗੜ੍ਹ, 27 ਜਨਵਰੀ 2023: ਹਵਾਬਾਜ਼ੀ ਰੈਗੂਲੇਟਰੀ ਬਾਡੀ ਡੀਜੀਸੀਏ ਨੇ ਗੋ ਫਸਟ (GoFirst) ਏਅਰਲਾਈਨਜ਼ ਦੀ ਫਲਾਈਟ ਦੁਆਰਾ 55 ਯਾਤਰੀਆਂ ਨੂੰ ਹਵਾਈ ਅੱਡੇ ਲਿਜਾਏ ਬਿਨਾਂ ਉਡਾਣ ਭਰਨ ਦੇ ਮਾਮਲੇ ਵਿੱਚ ਕੰਪਨੀ ਵਿਰੁੱਧ ਕਾਰਵਾਈ ਕੀਤੀ ਹੈ। ਡੀਜੀਸੀਏ ਨੇ ਕੰਪਨੀ ‘ਤੇ 10 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ।

ਆਪਣੀ ਕਾਰਵਾਈ ਬਾਰੇ ਜਾਣਕਾਰੀ ਦਿੰਦੇ ਹੋਏ ਡੀਜੀਸੀਏ ਨੇ ਕਿਹਾ ਕਿ ਗੋ ਫਸਟ ਨੇ 25 ਜਨਵਰੀ ਨੂੰ ਕਾਰਨ ਦੱਸੋ ਨੋਟਿਸ ਦਾ ਜਵਾਬ ਦਿੱਤਾ ਸੀ। ਏਅਰਲਾਈਨ ਕੰਪਨੀ ਦੇ ਜਵਾਬ ਮੁਤਾਬਕ, ਟਰਮੀਨਲ ਕੋਆਰਡੀਨੇਟਰ (ਟੀ.ਸੀ.), ਕਮਰਸ਼ੀਅਲ ਸਟਾਫ਼ ਅਤੇ ਚਾਲਕ ਦਲ ਵਿਚਾਲੇ ਜਹਾਜ਼ ‘ਚ ਯਾਤਰੀਆਂ ਦੇ ਸਵਾਰ ਹੋਣ ਨੂੰ ਲੈ ਕੇ ਸੰਚਾਰ ਅਤੇ ਤਾਲਮੇਲ ਦੀ ਕਮੀ ਸੀ।

ਡੀਜੀਸੀਏ ਨੇ ਕਿਹਾ ਹੈ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਏਅਰਲਾਈਨ ਕੰਪਨੀ ਗਰਾਊਂਡ ਹੈਂਡਲਿੰਗ, ਲੋਡ ਅਤੇ ਟ੍ਰਿਮ ਸ਼ੀਟ ਦੀ ਤਿਆਰੀ, ਫਲਾਈਟ ਡਿਸਪੈਚ ਅਤੇ ਯਾਤਰੀ/ਕਾਰਗੋ ਹੈਂਡਲਿੰਗ ਲਈ ਢੁਕਵੇਂ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਵਿੱਚ ਅਸਫਲ ਰਹੀ ਹੈ। ਇਸ ਸਭ ਦੇ ਮੱਦੇਨਜ਼ਰ ਕੰਪਨੀ ‘ਤੇ 10 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ।

ਦੱਸ ਦਈਏ ਕਿ 9 ਜਨਵਰੀ ਨੂੰ ਬੈਂਗਲੁਰੂ ਏਅਰਪੋਰਟ ‘ਤੇ ਬੈਂਗਲੁਰੂ ਤੋਂ ਦਿੱਲੀ ਜਾਣ ਵਾਲੀ ਏਅਰਲਾਈਨ ਦੀ ਗੋ ਫਸਟ ਫਲਾਈਟ ਨੇ ਕਰੀਬ 55 ਯਾਤਰੀਆਂ ਨੂੰ ਬਿਨ੍ਹਾਂ ਹੀ ਉਡਾਨ ਭਰੀ ਸੀ। ਯਾਤਰੀਆਂ ਨੇ ਦੋਸ਼ ਲਗਾਇਆ ਸੀ ਕਿ ਫਲਾਇਟ ਸੋਮਵਾਰ ਸਵੇਰੇ 6.40 ਵਜੇ 55 ਯਾਤਰੀਆਂ ਨੂੰ ਪਿੱਛੇ ਛੱਡ ਕੇ ਰਵਾਨਾ ਹੋਈ ਸੀ। 55 ਵਿੱਚੋਂ 53 ਯਾਤਰੀਆਂ ਨੂੰ ਦਿੱਲੀ ਲਈ ਕਿਸੇ ਹੋਰ ਏਅਰਲਾਈਨ ਵਿੱਚ ਤਬਦੀਲ ਕਰ ਦਿੱਤਾ ਗਿਆ। ਬਾਕੀ 2 ਨੇ ਰਿਫੰਡ ਦੀ ਮੰਗ ਕੀਤੀ ਜੋ ਏਅਰਲਾਈਨ ਦੁਆਰਾ ਅਦਾ ਕੀਤੀ ਗਈ ਸੀ। ਹੁਣ ਇਸ ਮਾਮਲੇ ‘ਚ ਗੋ ਫਸਟ ਨੇ ਪ੍ਰਭਾਵਿਤ ਯਾਤਰੀਆਂ ਤੋਂ ਮੁਆਫੀ ਮੰਗੀ ਸੀ ਅਤੇ ਘਟਨਾ ‘ਚ ਸ਼ਾਮਲ ਏਅਰਲਾਈਨਜ਼ ਦੇ ਕਰਮਚਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਸੀ।