ਦੇਸ਼, 14 ਅਗਸਤ 2025: ਦੇਸ਼ ਦੀ ਸੁਰੱਖਿਆ ਲਈ ਆਪਣੀਆਂ ਜਾਨਾਂ ਦਾਅ ‘ਤੇ ਲਗਾਉਣ ਵਾਲੇ ਬਹਾਦਰ ਸੈਨਿਕਾਂ ਨੂੰ ਇਸ ਆਜ਼ਾਦੀ ਦਿਵਸ ‘ਤੇ ਸਨਮਾਨਿਤ ਕੀਤਾ ਜਾਵੇਗਾ। ਕੇਂਦਰ ਸਰਕਾਰ ਨੇ 79ਵੇਂ ਆਜ਼ਾਦੀ ਦਿਵਸ ਦੀ ਪੂਰਵ ਸੰਧਿਆ ‘ਤੇ 16 ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਨੂੰ ਬਹਾਦਰੀ, ਅਦੁੱਤੀ ਹਿੰਮਤ ਅਤੇ ਡਿਊਟੀ ਪ੍ਰਤੀ ਸਮਰਪਣ ਲਈ ਗਲੈਂਟਰੀ ਮੈਡਲ ਦੇਣ ਦਾ ਐਲਾਨ ਕੀਤਾ ਹੈ।
ਇਹ ਸਾਰੇ ਸੈਨਿਕ ਪਾਕਿਸਤਾਨ ਵਿਰੁੱਧ ਕੀਤੇ ਗਏ ‘ਆਪ੍ਰੇਸ਼ਨ ਸੰਧੂਰ’ ‘ਚ ਸ਼ਾਮਲ ਸਨ। ਇਸ ਦੌਰਾਨ ਕੁਝ ਸੈਨਿਕਾਂ ਨੇ ਦੁਸ਼ਮਣ ਨਿਗਰਾਨੀ ਕੈਮਰਿਆਂ ਨੂੰ ਨਸ਼ਟ ਕਰ ਦਿੱਤਾ, ਜਦੋਂ ਕਿ ਕੁਝ ਨੇ ਡਰੋਨ ਹਮਲਿਆਂ ਨੂੰ ਨਾਕਾਮ ਕਰ ਦਿੱਤਾ। BSF ਦੇਸ਼ ਦੀ 2,290 ਕਿਲੋਮੀਟਰ ਲੰਬੀ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੀ ਰੱਖਿਆ ਕਰਦਾ ਹੈ ਅਤੇ ਪੱਛਮੀ ਮੋਰਚੇ ‘ਤੇ ਕੰਟਰੋਲ ਰੇਖਾ (LoC) ‘ਤੇ ਫੌਜ ਦੇ ਨਾਲ ਤਾਇਨਾਤ ਹੈ।
ਉੱਤਰੀ ਸੈਨਾ ਦੇ ਕਮਾਂਡਰ ਲੈਫਟੀਨੈਂਟ ਜਨਰਲ ਪ੍ਰਤੀਕ ਸ਼ਰਮਾ ਅਤੇ ਫੌਜੀ ਕਾਰਵਾਈਆਂ ਦੇ ਡਾਇਰੈਕਟਰ ਜਨਰਲ ਲੈਫਟੀਨੈਂਟ ਜਨਰਲ ਰਾਜੀਵ ਘਈ ਨੂੰ ਪਾਕਿਸਤਾਨ-ਅਧਾਰਤ ਅੱਤਵਾਦੀ ਸਮੂਹਾਂ ਵਿਰੁੱਧ ਆਪ੍ਰੇਸ਼ਨ ਸੰਧੂਰ ‘ਚ ਉਨ੍ਹਾਂ ਦੀ ਭੂਮਿਕਾ ਲਈ ਸਰਵੋਤਮ ਯੁੱਧ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਭਾਰਤੀ ਸੈਨਿਕਾਂ ਨੇ ਭਾਰਤੀ ਨਾਗਰਿਕ ਅਤੇ ਫੌਜੀ ਠਿਕਾਣਿਆਂ ‘ਤੇ ਫੌਜੀ ਹਮਲਿਆਂ ਨੂੰ ਨਾਕਾਮ ਕੀਤਾ।
ਇਸ ਆਪ੍ਰੇਸ਼ਨ ਲਈ, ਭਾਰਤੀ ਹਵਾਈ ਸੈਨਾ ਦੇ ਚਾਰ ਅਧਿਕਾਰੀਆਂ ਜਿਨ੍ਹਾਂ ‘ਚ ਵਾਈਸ ਚੀਫ਼ ਆਫ਼ ਏਅਰ ਸਟਾਫ਼ ਏਅਰ ਮਾਰਸ਼ਲ ਨਰਨਾਦੇਸ਼ਵਰ ਤਿਵਾੜੀ, ਪੱਛਮੀ ਏਅਰ ਕਮਾਂਡਰ ਏਅਰ ਮਾਰਸ਼ਲ ਜਤਿੰਦਰ ਮਿਸ਼ਰਾ ਅਤੇ ਡੀਜੀ ਏਅਰ ਆਪ੍ਰੇਸ਼ਨ ਏਅਰ ਮਾਰਸ਼ਲ ਅਵਧੇਸ਼ ਭਾਰਤੀ ਸ਼ਾਮਲ ਹਨ, ਉਨ੍ਹਾਂ ਨੂੰ ਸਰਵੋਤਮ ਯੁੱਧ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਭਾਰਤੀ ਸੈਨਾ ਦੇ ਅਧਿਕਾਰੀਆਂ ‘ਚੋਂ ਚਾਰ ਅਧਿਕਾਰੀਆਂ ਨੂੰ ਕੀਰਤੀ ਚੱਕਰ ਅਤੇ ਅੱਠ ਅਧਿਕਾਰੀਆਂ ਨੂੰ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਜਾਵੇਗਾ। ਸਾਬਕਾ ਪੱਛਮੀ ਨੇਵਲ ਕਮਾਂਡਰ ਵਾਈਸ ਐਡਮਿਰਲ ਐਸਜੇ ਸਿੰਘ ਨੂੰ ਆਪ੍ਰੇਸ਼ਨ ਸੰਧੂਰ ‘ਚ ਉਨ੍ਹਾਂ ਦੀ ਭੂਮਿਕਾ ਲਈ ਸਰਵੋਤਮ ਯੁੱਧ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ |
Read More: ਆਜ਼ਾਦੀ ਦਿਵਸ ‘ਤੇ ਪੰਜਾਬ ਪੁਲਿਸ ਦੇ 15 ਅਧਿਕਾਰੀਆਂ ਨੂੰ ਮਿਲੇਗਾ ਮੁੱਖ ਮੰਤਰੀ ਮੈਡਲ ਸਨਮਾਨ