ਚੰਡੀਗੜ੍ਹ, 04 ਦਸੰਬਰ 2024: Chief Minister in Maharashtra: ਮਹਾਰਾਸ਼ਟਰ ‘ਚ ਨਵੇਂ ਮੁੱਖ ਮੰਤਰੀ ਦੀ ਚੋਣ ਦਾ ਸਸਪੈਂਸ ਅੱਜ ਖਤਮ ਹੋ ਗਿਆ ਹੈ | ਭਾਰਤੀ ਜਨਤਾ ਪਾਰਟੀ (ਭਾਜਪਾ) ਵਿਧਾਇਕ ਦਲ ਦੀ ਅੱਜ ਇੱਕ ਅਹਿਮ ਬੈਠਕ ਹੋਈ, ਜਿਸ ‘ਚ ਦੇਵੇਂਦਰ ਫੜਨਵੀਸ ਨੂੰ ਵਿਧਾਇਕ ਦਲ ਆਗੂ ਚੁਣਿਆ ਗਿਆ ਹੈ | ਇਸਦੇ ਨਾਲ ਹੀ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇ ਨਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਦੇਵੇਂਦਰ ਫੜਨਵੀਸ ਮਹਾਰਾਸ਼ਟਰ ਦੇ ਨਵੇਂ ਮੁੱਖ ਮੰਤਰੀ ਹੋਣਗੇ ਅਤੇ ਏਕਨਾਥ ਸ਼ਿੰਦੇਆ ਤੇ ਅਜੀਤ ਪਵਾਰ ਉਪ ਮੁੱਖ ਮੰਤਰੀ ਹੋਣਗੇ |
ਬੈਠਕ ਦੌਰਾਨ ਮਹਾਰਾਸ਼ਟਰ ਭਾਜਪਾ ਦੇ ਪ੍ਰਧਾਨ ਚੰਦਰਸ਼ੇਖਰ ਬਾਵਨਕੁਲੇ ਨੇ ਕਿਹਾ ਕਿ ਅਸੀਂ ਫੜਨਵੀਸ ਦੀ ਅਗਵਾਈ ‘ਚ ਜਿੱਤ ਪ੍ਰਾਪਤ ਕੀਤੀ ਹੈ। ਉਹ ਸੂਬੇ ਦੇ ਵਿਕਾਸ ਲਈ ਲਗਾਤਾਰ ਕੰਮ ਕਰ ਰਹੇ ਹਨ। ਇਸ ਤੋਂ ਬਾਅਦ ਚੰਦਰਕਾਂਤ ਪਾਟਿਲ ਅਤੇ ਸੁਧੀਰ ਮੁਨਗੰਟੀਵਾਰ ਨੇ ਫੜਨਵੀਸ ਦੇ ਨਾਂ ਦਾ ਪ੍ਰਸਤਾਵ ਰੱਖਿਆ ਸੀ ।
ਇਸ ਮੌਕੇ ਵਿਧਾਇਕ ਦਲ ਦਾ ਆਗੂ ਚੁਣੇ ਜਾਣ ਤੋਂ ਬਾਅਦ ਫੜਨਵੀਸ (Devendra Fadnavis) ਨੇ ਕਿਹਾ ਕਿ ਮੈਂ ਏਕਨਾਥ ਸ਼ਿੰਦੇ ਅਤੇ ਅਜੀਤ ਪਵਾਰ ਦਾ ਧੰਨਵਾਦ ਕਰਦਾ ਹਾਂ। ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਜ਼ਨ ਨੂੰ ਅੱਗੇ ਲੈ ਕੇ ਜਾਵਾਂਗੇ। ਸਾਨੂੰ ਇਹ ਵੀ ਯਾਦ ਰੱਖਣਾ ਹੋਵੇਗਾ ਕਿ ਜੇਕਰ ਅਸੀਂ ਇੱਕਮੁੱਠ ਹਾਂ ਤਾਂ ਸੁਰੱਖਿਅਤ ਹਾਂ। ਇਸ ਤੋਂ ਪਹਿਲਾਂ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਰਬਸੰਮਤੀ ਨਾਲ ਕੀਤਾ ਗਿਆ ਫੈਸਲਾ ਸੁਖਦ ਹੈ।
ਮਿਲੀ ਜਾਣਕਾਰੀ ਮੁਤਾਬਕ ਦੱਖਣੀ ਮੁੰਬਈ ਦੇ ਆਜ਼ਾਦ ਮੈਦਾਨ ‘ਚ ਵੀਰਵਾਰ ਨੂੰ ਹੋਣ ਵਾਲੇ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ ‘ਤੇ ਹਨ, ਜਿਸ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ-ਨਾਲ ਕਰੀਬ 2,000 ਵੀ.ਆਈ.ਪੀਜ਼ ਅਤੇ 40,000 ਵਰਕਰ ਸ਼ਾਮਲ ਹੋਣਗੇ। ਕਈ ਕੇਂਦਰੀ ਮੰਤਰੀਆਂ ਅਤੇ ਵੱਖ-ਵੱਖ ਸੂਬਿਆਂ ਦੇ 19 ਮੁੱਖ ਮੰਤਰੀਆਂ ਅਤੇ ਉਪ ਮੁੱਖ ਮੰਤਰੀਆਂ ਦੇ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ।
ਜਿਕਰਯੋਗ ਹੈ ਕਿ ਮਹਾਰਾਸ਼ਟਰ (Maharashtra) ਵਿਧਾਨ ਸਭਾ ਚੋਣਾਂ 20 ਨਵੰਬਰ ਨੂੰ ਹੋਈਆਂ ਸਨ। ਇਸ ‘ਚ ‘ਮਹਾਯੁਤੀ’ ਨੇ 288 ਵਿਧਾਨ ਸਭਾ ਸੀਟਾਂ ‘ਚੋਂ 230 ‘ਤੇ ਜਿੱਤ ਹਾਸਲ ਕੀਤੀ ਸੀ। ਭਾਜਪਾ ਨੇ 132 ਸੀਟਾਂ ਜਿੱਤੀਆਂ, ਜਦੋਂ ਕਿ ਕਾਰਜਕਾਰੀ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਸ਼ਿਵ ਸੈਨਾ ਨੂੰ 57 ਅਤੇ ਅਜੀਤ ਪਵਾਰ ਦੀ ਨੈਸ਼ਨਲਿਸਟ ਕਾਂਗਰਸ ਪਾਰਟੀ (ਐਨਸੀਪੀ) ਨੂੰ 41 ਸੀਟਾਂ ਮਿਲੀਆਂ।