Haryana Elections

ਹਰਿਆਣਾ ਵਿਧਾਨ ਸਭਾ ਚੋਣਾਂ 2024 ਸੰਬੰਧੀ ਵੋਟਰਾਂ, ਪੋਲਿੰਗ ਬੂਥ ਤੇ ਉਮੀਦਵਾਰਾਂ ਦੇ ਵੇਰਵੇ ਜਾਰੀ

ਚੰਡੀਗੜ੍ਹ, 3 ਅਕਤੂਬਰ 2024: (Haryana Vidhan Sabha Elections 2024) ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ ਨੇ ਦੱਸਿਆ ਕਿ 5 ਅਕਤੂਬਰ ਨੂੰ ਹੋਣ ਵਾਲੀਆਂ 15ਵੀਂ ਹਰਿਆਣਾ ਵਿਧਾਨ ਸਭਾ-2024 ਦੀਆਂ ਆਮ ਚੋਣਾਂ ‘ਚ ਸੂਬੇ ਦੇ 2,03,54,350 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰ ਸਕਣਗੇ। ਸੂਬੇ ਦੇ ਸਾਰੇ 90 ਵਿਧਾਨ ਸਭਾ ਹਲਕਿਆਂ ‘ਚ ਕੁੱਲ 1031 ਉਮੀਦਵਾਰ ਚੋਣ ਲੜ ਰਹੇ ਹਨ ਅਤੇ ਵੋਟਿੰਗ ਲਈ 20,632 ਪੋਲਿੰਗ ਬੂਥ ਬਣਾਏ ਗਏ ਹਨ।

ਸੂਬੇ (Haryana)’ਚ 5 ਅਕਤੂਬਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ। ਪੰਕਜ ਅਗਰਵਾਲ ਨੇ ਦੱਸਿਆ ਕਿ 2,03,54,350 ਵੋਟਰਾਂ ‘ਚੋਂ 1,07,75,957 ਪੁਰਸ਼, 95,77,926 ਬੀਬੀ ਅਤੇ 467 ਥਰਡ ਜੈਂਡਰ ਵੋਟਰ ਹਨ। 18 ਤੋਂ 19 ਸਾਲ ਦੀ ਉਮਰ ਦੇ 5,24,514 ਨੌਜਵਾਨ ਵੋਟਰ ਹਨ। ਇਸੇ ਤਰ੍ਹਾਂ 1,49,142 ਅਪਾਹਜ ਵੋਟਰ ਹਨ। ਜਿਨ੍ਹਾਂ ‘ਚੋਂ 93,545 ਪੁਰਸ਼, 55,591 ਬੀਬੀਆਂ ਅਤੇ 6 ਥਰਡ ਜੈਂਡਰ ਦੇ ਵੋਟਰ ਹਨ।

ਉਨ੍ਹਾਂ ਦੱਸਿਆ ਕਿ 85 ਸਾਲ ਤੋਂ ਵੱਧ ਉਮਰ ਦੇ 2,31,093 ਵੋਟਰ ਹਨ। ਜਿਨ੍ਹਾਂ ‘ਚੋਂ 89,940 ਪੁਰਸ਼ ਅਤੇ 1,41,153 ਬੀਬੀ ਵੋਟਰ ਹਨ। ਇਸ ਤੋਂ ਇਲਾਵਾ 100 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਦੀ ਗਿਣਤੀ 8,821 ਹੈ। ਜਿਨ੍ਹਾਂ ‘ਚੋਂ 3,283 ਪੁਰਸ਼ ਅਤੇ 5,538 ਬੀਬੀ ਵੋਟਰ ਹਨ। ਇਸ ਤੋਂ ਇਲਾਵਾ, 1,09,217 ਸੇਵਾ ਵੋਟਰ ਹਨ। ਜਿਨ੍ਹਾਂ ‘ਚੋਂ 1,04,426 ਪੁਰਸ਼ ਅਤੇ 4791 ਬੀਬੀ ਵੋਟਰ ਹਨ।

ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਆਮ ਚੋਣਾਂ ਲਈ ਕੁੱਲ 1031 ਉਮੀਦਵਾਰ ਹਨ। ਜਿਨ੍ਹਾਂ ‘ਚੋਂ 930 ਪੁਰਸ਼ ਅਤੇ 101 ਬੀਬੀ ਉਮੀਦਵਾਰ ਚੋਣ ਲੜ ਰਹੇ ਹਨ। ਕੁੱਲ ਉਮੀਦਵਾਰਾਂ ‘ਚੋਂ 464 ਆਜ਼ਾਦ ਉਮੀਦਵਾਰ ਹਨ।

Scroll to Top