SGPC

ਹੜ੍ਹ ਪੀੜਤਾਂ ਲਈ ਕੀਤੇ ਖਰਚ ਦੀ ਰਕਮ ਦੇ ਵੇਰਵੇ SGPC ਮੈਂਬਰਾਂ ਨੂੰ ਸਾਂਝੇ ਕੀਤੇ ਜਾਣ: ਜਥੇਦਾਰ ਜਸਵੰਤ ਸਿੰਘ ਪੁੜੈਣ

ਅੰਮ੍ਰਿਤਸਰ, 12 ਸਤੰਬਰ 2025: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਜਥੇਦਾਰ ਜਸਵੰਤ ਸਿੰਘ ਪੁੜੈਣ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਹੜ੍ਹ ਪੀੜਤਾਂ ਲਈ ਵੱਧ ਤੋਂ ਵੱਧ ਕਾਰਜ ਕਰੇ, ਸਹਾਇਤਾ ਰਾਸ਼ੀ ਅਤੇ ਰਸਦ ਅਤੇ ਡੀਜ਼ਲ ਦੇ ਰੂਪ ‘ਚ ਕਰਵਾਈ ਜਾਣ ਵਾਲੀ ਸੇਵਾ ਲਈ ਸ਼੍ਰੋਮਣੀ ਕਮੇਟੀ ਆਪ ਸਮਰੱਥ ਬਣੇ, ਨਾ ਕਿ ਕਿਸੇ ਸਿਆਸੀ ਆਗੂ ਨੂੰ ਗੋਲਕ ਦੀ ਮਾਇਆ ਦੇ ਸਮਾਨ ਨੂੰ ਆਪਣੇ ਨਿੱਜੀ ਖਾਤੇ ‘ਚ ਪਾਉਣ ਦੀ ਇਜਾਜ਼ਤ ਦੇਵੇ।

ਜਥੇਦਾਰ ਪੁੜੈਣ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਗੁਰਦੁਆਰਾ ਨਾਨਕਿਆਣਾ ਸਾਹਿਬ ਤੋਂ ਹੋਈ ਡੀਜ਼ਲ ਦੀ ਸੇਵਾ ਨੂੰ ਸਿਆਸੀ ਲਾਹੇ ਲਈ ਵਰਤਣ ਦੀ ਮਾੜੀ ਸਿਆਸਤ ਹੋਈ ਹੈ, ਉਸ ਨੇ ਸਿੱਖ ਕੌਮ ਅਤੇ ਸਾਡੀ ਸਭ ਤੋਂ ਵੱਡੀ ਸੰਸਥਾ ਦੇ ਕਾਰਜ ‘ਤੇ ਵੱਡੇ ਸਵਾਲ ਖੜੇ ਕੀਤੇ ਹਨ।

ਪੁੜੈਣ ਨੇ ਕਿਹਾ ਕਿ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੋਂ ਮੰਗ ਕੀਤੀ ਕਿ ਹੁਣ ਤੱਕ ਕੀਤੇ ਖਰਚ ਦੀ ਰਕਮ ਦੇ ਨਾਲ-ਨਾਲ ਵੇਰਵੇ ਸਾਂਝੇ ਕੀਤੇ ਜਾਣ, ਤਾਂ ਜੋ ਪਤਾ ਲੱਗ ਸਕੇ ਕਿ, ਐਸਜੀਪੀਸੀ ਵਲੋ ਵੰਡ ਕੀਤੇ ਡੀਜ਼ਲ ਸਮੇਤ ਦੂਜੀ ਰਸਦ ਨੂੰ ਕਦੋਂ ਅਤੇ ਕਿਹੜੇ ਪ੍ਰਭਾਵਿਤ ਇਲਾਕਿਆਂ ‘ਚ ਵੰਡਿਆ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਹੁਣ ਤੱਕ ਵੰਡੇ ਡੀਜ਼ਲ ਤੇ ਬਾਕੀ ਸਮਾਨ ਦੀ ਲਿਸਟ ਐਸਜੀਪੀਸੀ ਮੈਂਬਰਾਂ ਨੂੰ ਮੁਹੱਈਆ ਕਰਵਾਈ ਜਾਵੇ।

ਜਥੇਦਾਰ ਪੁੜੈਣ ਨੇ ਕਿਹਾ ਕਿ, ਜਿਸ ਤਰਾਂ ਗੁਰਦੁਆਰਾ ਨਾਨਕਿਆਣਾ ਸਾਹਿਬ ਤੋਂ ਹੋਈ ਡੀਜ਼ਲ ਦੀ ਸੇਵਾ ਨੂੰ ਸੁਖਬੀਰ ਬਾਦਲ ਦੇ ਐਲਾਨ ਨਾਲ ਹਲਕਾ ਇੰਚਾਰਜ ਦੀ ਸਰਪ੍ਰਸਤੀ ਹੇਠ ਭਰਵਾਇਆ ਗਿਆ ਅਤੇ ਵੰਡ ਕੀਤੀ ਗਈ, ਉਸ ਦੇ ਵੀਡਿਓ ਅਤੇ ਕਾਗਜੀ ਸਬੂਤ ਜਨਤਕ ਹੋਏ ਹਨ, ਉਸ ਤੋ ਬਾਅਦ ਸਹਿਜੇ ਸਮਝਿਆ ਜਾ ਸਕਦਾ ਹੈ ਕਿ ਪੂਰੇ ਪੰਜਾਬ ‘ਚ ਐਸਜੀਪੀਸੀ ਦੀ ਸੇਵਾ ਨੂੰ ਕਿਵੇਂ ਸਿਆਸੀ ਲਾਹੇ ਲਈ ਵਰਤਿਆ ਗਿਆ।

ਜੱਥੇਦਾਰ ਪੁੜੈਣ ਨੇ ਅੰਤ੍ਰਿੰਗ ਕਮੇਟੀ ਬੈਠਕ ‘ਚ ਪਾਸ ਕੀਤੇ 53 ਨੰਬਰ ਮਤੇ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਕਿ ਐਸਜੀਪੀਸੀ ਸਾਡੇ ਲਈ ਸਰਵਉਚ ਹੈ, ਸੰਸਥਾ ‘ਚ ਇਸ ਤਰ੍ਹਾਂ ਦਾ ਮਤਾ ਪਾਸ ਕਰਨਾ, ਜਿਸ ‘ਚ ਖਰੀਦ ਦੇ ਸਾਰੇ ਅਧਿਕਾਰ ਸਕੱਤਰ ਨੂੰ ਦੇ ਦਿੱਤੇ ਜਾਣ ਅਤੇ ਖਰੀਦ ਦੇ ਵੇਰਵੇ ਅਤੇ ਖਰਚ ਕੀਤੀ ਰਕਮ ਵੇਰਵੇ ਬਾਰੇ ਕੋਈ ਸਪੱਸ਼ਟਤਾ ਦੀ ਗੱਲ ਨਾ ਹੋਵੇ, ਬੜੀ ਗੰਭੀਰਤਾ ਅਤੇ ਸਵਾਲ ਖੜੇ ਕਰਨ ਵਾਲੀ ਗੱਲ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜੋ ਸੁਖਬੀਰ ਬਾਦਲ ਵੱਲੋਂ ਪਾਰਟੀ ਦੀ ਸਿਆਸੀ ਕਾਨਫਰੰਸ ‘ਚ ਅਨਾਂਊਸ ਕੀਤਾ ਉਹੀ ਕੱਲ ਅੰਤ੍ਰਿੰਗ ਕਮੇਟੀ ਵਿੱ’ਚ ਪਾਸ ਕੀਤਾ ਤੇ ਹੁਣ ਉਨ੍ਹਾਂ ਦੇ ਹਲਕਾ ਇੰਚਾਰਜਾਂ ਰਾਹੀਂ ਵੰਡੇ ਜਾਣ ਦਾ ਖ਼ਦਸ਼ਾ ਹੈ।

ਇਸ ਲਈ ਜੇਕਰ ਦਸਵੰਦ ਦੇ ਰੂਪ ‘ਚ ਭੇਂਟ ਕੀਤੀ ਮਾਇਆ ਨਾਲ ਅਜਿਹਾ ਕੀਤਾ ਗਿਆ ਤਾਂ ਇਹ ਹਰ ਸਿੱਖ ਲਈ ਦੁਖਦਾਈ ਹੋਵੇਗਾ। ਉਨ੍ਹਾਂ ਕਿਹਾ ਕਿ ਅਜਿਹਾ ਪਹਿਲੀ ਵਾਰ ਨਹੀਂ ਹੋ ਰਿਹਾ ਕਿ, ਸਿਆਸੀ ਸਵਾਰਥ ਨੂੰ ਪੂਰਾ ਕਰਨ ਹੇਤੂ ਐਸਜੀਪੀਸੀ ਦੀ ਗੋਲਕ ਨੂੰ ਸਿਆਸੀ ਪ੍ਰਭਾਵ ਹੇਠ ਵਰਤਿਆ ਜਾ ਗਿਆ ਹੋਵੇ, ਇਸ ਤੋਂ ਪਹਿਲਾਂ ਅਕਸਰ ਅਜਿਹਾ ਰਿਹਾ ਹੈ, ਖਾਸ ਕਰਕੇ ਜਦੋਂ ਡੇਰੇ ਵਾਲੇ ਸਾਧ ਨੂੰ ਮੁਆਫ਼ੀ ਦਿੱਤੀ ਸੀ ਉਸ ਵੇਲੇ ਵੀ ਸਿਆਸੀ ਦਬਾਅ ਹੇਠ ਗੁਰੂ ਦੀ ਗੋਲਕ ‘ਚੋਂ 90 ਲੱਖ ਦੇ ਇਸ਼ਤਿਹਾਰ ਦਿੱਤੇ ਸੀ। ਇਨ੍ਹਾਂ ਇਸ਼ਤਿਹਾਰ ਦੇ ਪੈਸਿਆਂ ਨੂੰ ਲੈ ਕੇ ਵੱਡੇ ਸਵਾਲ ਖੜੇ ਹੋਏ ਸੀ ਪਰ ਆਖਿਰਕਾਰ ਸਿੱਖ ਸੰਗਤ ਅੱਗੇ ਅੱਜ ਸਭ ਕੁਝ ਸਾਫ਼ ਹੈ।

Read More: ਰਾਮ ਰਹੀਮ ਨੂੰ ਵਾਰ-ਵਾਰ ਦਿੱਤੀ ਜਾ ਰਹੀ ਪੈਰੋਲ ਨੂੰ ਲੈ ਕੇ ਗੁੱਸੇ ‘ਚ SGPC ਪ੍ਰਧਾਨ ਹਰਜਿੰਦਰ ਸਿੰਘ

Scroll to Top