ਚੰਡੀਗੜ੍ਹ, 27 ਸਤੰਬਰ 2023: ਪੰਜਾਬ ਕਾਂਗਰਸ ਦੇ ਆਗੂ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਸੂਬੇ ਦੀ ‘ਆਪ’ ਸਰਕਾਰ ‘ਤੇ ਕਈ ਸਵਾਲ ਚੁੱਕੇ । ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ‘ਆਪ’ ਦੀ ਪੰਜਾਬੀਆਂ ਦੀ ਜਾਇਦਾਦ ‘ਤੇ ਰੋਜ਼ਾਨਾ ਦੀਵਾਲੀ ਹੈ | ਇਸ ਤੋਂ ਇਲਾਵਾ ਸਿੱਧੂ ਅੱਜ ਸ਼ਹਿਰੀ ਹਵਾਬਾਜ਼ੀ ਵਿਭਾਗ, ਸੈਕਟਰ-17, ਚੰਡੀਗੜ੍ਹ ਵਿਖੇ ਪਹੁੰਚੇ ਅਤੇ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਹੈਲੀਕਾਪਟਰ ‘ਤੇ ਕੀਤੇ ਖਰਚੇ ਬਾਰੇ ਵੀ ਜਾਣਕਾਰੀ ਲਈ।
ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਦੇਖਣ ਵਿਚ ਆਇਆ ਹੈ ਕਿ ਪੰਜਾਬ ਸਰਕਾਰ ਨੇ ਕਈ ਵਾਰ ਸੂਬੇ ਦੇ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਕੀਤੀ ਹੈ। ਪਾਰਟੀ ਨਾਲ ਸਬੰਧਤ ਮੁਹਿੰਮਾਂ ਅਤੇ ਵੱਖ-ਵੱਖ ਦੌਰਿਆਂ ਲਈ ਵਿਸ਼ੇਸ਼ ਹੈਲੀਕਾਪਟਰ ਵੀ ਕਿਰਾਏ ‘ਤੇ ਲਏ ਗਏ ਹਨ। ਸਿੱਧੂ ਨੇ ਪੰਜਾਬ ਸ਼ਹਿਰੀ ਹਵਾਬਾਜ਼ੀ ਵਿਭਾਗ ਚੰਡੀਗੜ੍ਹ ਤੋਂ ਵੱਖ-ਵੱਖ ਖਾਤਿਆਂ ਬਾਰੇ ਜਾਣਕਾਰੀ ਮੰਗੀ ਹੈ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮਾਨ ਸਰਕਾਰ ਦੱਸੇ ਕਿ ਉਹ ਕਿਉਂ ਪੰਜਾਬ ਦੇ ਲੋਕਾਂ ਦਾ ਪੈਸਾ ਦਿੱਲੀ ਵਾਲਿਆਂ ਨੂੰ ਤੇ ਹੋਰ ਬਾਹਰੀ ਸੂਬਿਆਂ ’ਚ ਬਰਬਾਦ ਕਰਨ ’ਤੇ ਤੁਲੀ ਹੋਈ ਹੈ।
ਨਵਜੋਤ ਸਿੰਘ ਸਿੱਧੂ Navjot Singh Sidhu) ਨੇ ਕਿਹਾ ਕਿ ਫਿਕਸਡ ਵਿੰਗ ਏਅਰਕ੍ਰਾਫਟ ਹਾਇਰ ਕਰਨ ਦਾ ਵਿੱਤੀ ਬੋਝ ਸੂਬਾ ਸਰਕਾਰ ਨੂੰ ਝੱਲਣਾ ਪੈਂਦਾ ਹੈ। ਸਿੱਧੂ ਨੇ ਜਾਣਕਾਰੀ ਮੰਗੀ ਹੈ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਡੇਢ ਸਾਲ ਵਿੱਚ ਕਿੰਨੀ ਵਾਰ ਪ੍ਰਾਈਵੇਟ ਹੈਲੀਕਾਪਟਰ ਕਿਰਾਏ ‘ਤੇ ਲਏ ਗਏ ਹਨ | ਇਹ ਹੈਲੀਕਾਪਟਰ ਕਿੱਥੇ ਅਤੇ ਕਿਸ ਮਕਸਦ ਲਈ ਲਿਆ ਗਿਆ। ਉਨ੍ਹਾਂ ਨੇ ਹਵਾਈ ਜਹਾਜ਼ ਸਮੇਤ ਸਾਰੀਆਂ ਉਡਾਣਾਂ ਅਤੇ ਕਿਰਾਏ ਦੇ ਕੁੱਲ ਬਿੱਲ ਸਮੇਤ ਕਿਰਾਏ ਅਤੇ ਹਵਾਈ ਅੱਡੇ ਦੀ ਜਾਣਕਾਰੀ ਵੀ ਮੰਗੀ।
ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਰਜ਼ਾ ਲੈ ਕੇ ਸਰਕਾਰ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਨਹੀਂ ਹੈ ਤਾਂ ਉਹ ਪੰਜਾਬ ਦੇ ਰਾਜਪਾਲ ਬੀਐੱਲ ਪੁਰੋਹਿਤ ਨੂੰ ਖਰਚੇ ਗਏ 50 ਹਜ਼ਾਰ ਕਰੋੜ ਰੁਪਏ ਦਾ ਹਿਸਾਬ ਦੇਣ। ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡੇ-ਵੱਡੇ ਦਾਅਵੇ ਕੀਤੇ ਪਰ ਸਭ ਕੁਝ ਝੂਠਾ ਸਾਬਤ ਹੋਇਆ ਅਤੇ ਲੋਕਾਂ ਨਾਲ ਧੋਖਾ ਕੀਤਾ। ਉਨ੍ਹਾਂ ਭਗਵੰਤ ਮਾਨ ਨੂੰ ਅਖਬਾਰੀ ਮੁੱਖ ਮੰਤਰੀ ਦੱਸਿਆ।