ਚੰਡੀਗੜ੍ਹ, 12 ਜੁਲਾਈ 2023: ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ (Partap Singh Bajwa) ਨੇ ਬੁੱਧਵਾਰ ਨੂੰ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ‘ਤੇ ਦੋਸ਼ ਲਾਇਆ ਕਿ ਸਰਕਾਰ ਨੇ ਢੁਕਵੇਂ ਪ੍ਰਬੰਧ ਕਰਨ ਵਿੱਚ ਢਿੱਲ ਵਰਤੀ, ਜਿਸ ਨਾਲ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਹਾਲ ਹੀ ਵਿੱਚ ਆਏ ਹੜ੍ਹਾਂ ਤਬਾਹੀ ਮਚਾਈ।
ਬਾਜਵਾ ਨੇ ਅੱਗੇ ਕਿਹਾ “ਇਹ ਸਿਰਫ਼ ਸੂਬੇ ਵਿੱਚ ਕੁਪ੍ਰਬੰਧਨ ਅਤੇ ਉਚਿੱਤ ਪ੍ਰਬੰਧਾਂ ਦੀ ਘਾਟ ਕਾਰਨ ਹੈ, ਹੜ੍ਹਾਂ ਨੇ ਲਗਭਗ ਅੱਧੇ ਰਾਜ ਵਿੱਚ ਤਬਾਹੀ ਮਚਾਈ। ਇਸ ਦੌਰਾਨ ‘ਆਪ’ ਸਰਕਾਰ ਵੱਲੋਂ ਹੜ੍ਹਾਂ ਦੀ ਅਗਾਊ ਤਿਆਰੀ ਕਰਨ ਵਿੱਚ ਨਾਕਾਮਯਾਬੀਆਂ ਕਾਰਨ 14 ਜ਼ਿਲ੍ਹਿਆਂ ਦੇ 1056 ਪਿੰਡਾਂ ਦੇ ਵਸਨੀਕਾਂ ਨੂੰ ਭਿਆਨਕ ਅਨੁਭਵ ਵਿੱਚੋਂ ਗੁਜ਼ਰਨਾ ਪੈ ਰਿਹਾ ਹੈ। ਹੁਣ ਤੱਕ 11 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 5 ਦਾ ਅਜੇ ਵੀ ਪਤਾ ਨਹੀਂ ਲੱਗ ਸਕਿਆ ਹੈ। ਇਸ ਤੋਂ ਇਲਾਵਾ, 12 ਲੋਕ ਜ਼ਖਮੀ ਹੋਏ ਹਨ,”
ਸੀਨੀਅਰ ਕਾਂਗਰਸੀ ਆਗੂ ਬਾਜਵਾ (Partap Singh Bajwa) ਨੇ ਕਿਹਾ ਕਿ ਦਿੱਲੀ ਦੇ ਮੌਸਮ ਵਿਭਾਗ ਨੇ 5 ਜੁਲਾਈ ਨੂੰ ਦਿੱਲੀ ਅਤੇ ਪੰਜਾਬ ਸਮੇਤ ਉੱਤਰ ਦੇ ਹੋਰ ਹਿੱਸਿਆਂ ਲਈ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਸੀ, ਜਿਸ ਨਾਲ ਜਾਨੀ ਅਤੇ ਜਾਇਦਾਦ ਦੇ ਨੁਕਸਾਨ ਦੀ ਭਵਿੱਖਬਾਣੀ ਕੀਤੀ ਗਈ ਸੀ। ਹਾਲਾਂਕਿ ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਅਜਿਹੇ ਜਾਨੀ ਨੁਕਸਾਨ ਲਈ ਵਧੇਰੇ ਸੰਵੇਦਨਸ਼ੀਲ ਹਨ, ਫਿਰ ਵੀ ਉਨ੍ਹਾਂ ਨੇ ਢੁਕਵੇਂ ਪ੍ਰਬੰਧ ਕੀਤੇ ਜਦੋਂ ਕਿ ‘ਆਪ’ ਆਪਣੇ ਡਰਾਮਿਆਂ ਵਿੱਚ ਰੁੱਝੀ ਹੋਈ ਸੀ।
ਵਿਰੋਧੀ ਧਿਰ ਦੇ ਆਗੂ ਨੇ ਅੱਗੇ ਕਿਹਾ “ਜਦੋਂ ਪੰਜਾਬੀ ਇਸ ਕੁਦਰਤੀ ਆਫ਼ਤ ਨਾਲ ਆਪਣੇ ਦਮ ‘ਤੇ ਲੜ ਰਹੇ ਸਨ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰਿਆਣਾ ਦੇ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਉਹ ਗੁਆਂਢੀ ਸੂਬੇ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰ ਰਹੇ ਸਨ ਅਤੇ ਆਪਣੀ ਪਹਿਲੀ ਵਿਆਹ ਦੀ ਵਰ੍ਹੇਗੰਢ ਮਨਾ ਰਹੇ ਸਨ। ਉਨ੍ਹਾਂ ਨੇ ਪੰਜਾਬੀਆਂ ਦੀ ਭਲਾਈ ਬਾਰੇ ਪੁੱਛਣ ਦੀ ਵੀ ਖੇਚਲ ਨਹੀਂ ਕੀਤੀ” |
ਬਾਜਵਾ ਨੇ ਕਿਹਾ ਕਿ ਸਰਕਾਰ ਕੋਲ ਆਫ਼ਤ ਪ੍ਰਬੰਧਨ ਲਈ 729 ਕਰੋੜ ਰੁਪਏ ਉਪਲਬਧ ਹਨ। ਇੱਥੋਂ ਤੱਕ ਕਿ ਕੇਂਦਰੀ ਸਰਕਾਰ ਤੋਂ 488 ਕਰੋੜ ਰੁਪਏ ਪ੍ਰਾਪਤ ਹੋਏ ਹਨ। ਫਿਰ ਵੀ ਪੰਜਾਬ ਦੀ ‘ਆਪ’ ਸਰਕਾਰ ਇਸ ਬਿਪਤਾ ਦੀ ਅਗਾਊ ਤਿਆਰੀ ਕਰਨ ਵਿਚ ਨਾਕਾਮ ਰਹੀ। ਬਾਜਵਾ ਨੇ ਕਿਹਾ, “ਜੇ ਸਰਕਾਰ ਆਪਣੀ ਡੂੰਘੀ ਨੀਂਦ ਤੋਂ ਜਾਗੀ ਹੁੰਦੀ, ਤਾਂ ਇੰਨੇ ਵੱਡੇ ਪੈਮਾਨੇ ਦੀ ਤਬਾਹੀ ਨੂੰ ਰੋਕਿਆ ਜਾ ਸਕਦਾ ਸੀ।”