ਵੋਟਰ ਰਜਿਸਟ੍ਰੇਸ਼ਨ ‘ਚ ਮੋਹਾਲੀ ਜ਼ਿਲ੍ਹੇ ਚ ਡੇਰਾਬੱਸੀ ਸਭ ਤੋਂ ਅੱਗੇ

Judo game competition

ਡੇਰਾਬੱਸੀ, 9 ਮਈ 2024: ਵੋਟਰ ਰਜਿਸਟ੍ਰੇਸ਼ਨ ਵਿੱਚ ਮੋਹਾਲੀ ਜ਼ਿਲ੍ਹੇ ਚ ਡੇਰਾਬੱਸੀ ਸਭ ਤੋਂ ਅੱਗੇ ਰਹਿਣ ਬਾਅਦ ਅੱਜ ਸਹਾਇਕ ਰਿਟਰਨਿੰਗ ਅਫਸਰ ਅਤੇ ਐਸ.ਡੀ.ਐਮ. ਡੇਰਾਬੱਸੀ ਹਿਮਾਂਸ਼ੂ ਗੁਪਤਾ ਨੇ ਸਰਕਾਰੀ ਕਾਲਜ ਡੇਰਾਬੱਸੀ ਵਿਖੇ ਸਵੀਪ ਗਤੀਵਿਧੀਆਂ ਦੀ ਸਮੀਖਿਆ ਕਰਦੇ ਹੋਏ ਆਉਂਦੀ ਇੱਕ ਜੂਨ ਨੂੰ ਹਲਕੇ ਨੂੰ ਮਤਦਾਨ ‘ਚ ਵੀ ਪੰਜਾਬ ਭਰ ਚੋਂ ਅੱਗੇ ਰੱਖਣ ਲਈ ਪ੍ਰੇਰਿਆ।

ਉਨ੍ਹਾਂ ਕਿਹਾ ਕਿ ਸਾਡਾ ਟੀਚਾ 100 ਫੀਸਦੀ ਵੋਟਿੰਗ ਨੂੰ ਯਕੀਨੀ ਬਣਾਉਣਾ ਹੋਣਾ ਚਾਹੀਦਾ ਹੈ। ਐਸ.ਡੀ.ਐਮ. ਡੇਰਾਬੱਸੀ ਨੇ ਖੁੱਲ੍ਹੇ ਮਾਹੌਲ ਵਿੱਚ ਗੱਲਬਾਤ ਕਰਦਿਆਂ ਮੀਟਿੰਗ ਵਿੱਚ ਹਾਜ਼ਰ ਸਮੂਹ ਸਕੂਲਾਂ/ਕਾਲਜਾਂ ਦੇ ਨੋਡਲ ਅਫ਼ਸਰਾਂ ਤੋਂ ਵਿਚਾਰ ਪ੍ਰਾਪਤ ਕੀਤੇ ਤਾਂ ਜੋ ਵੱਧ ਤੋਂ ਵੱਧ ਵੋਟਿੰਗ ਕਰਵਾਈ ਜਾ ਸਕੇ, ਜਿਸ ਵਿੱਚ ਉਦਯੋਗਾਂ ਦੇ ਮਾਲਕਾਂ ਨੂੰ ਵੋਟਿੰਗ ਲਈ ਆਪਣੇ ਕਰਮਚਾਰੀਆਂ ਨੂੰ ਉਤਸ਼ਾਹਿਤ ਕੀਤਾ ਜਾਵੇ ਅਤੇ ਵੋਟਿੰਗ ਲਈ ਸਕੂਲਾਂ ਵਿੱਚ ਵਿਸ਼ੇਸ਼ ਮਾਪੇ-ਅਧਿਆਪਕ ਮਿਲਣੀਆਂ ਕੀਤੀਆਂ ਜਾਣ।

ਇਸ ਤੋਂ ਇਲਾਵਾ ਮਾਂ ਦਿਵਸ ਦੇ ਮੌਕੇ ‘ਤੇ ਮਾਂ ਦਾ ਸਭ ਤੋਂ ਵੱਡਾ ਫਰਜ਼ ਕਿ ਸਾਰੇ ਪਰਿਵਾਰ ਨੂੰ ਵੋਟ ਪਾਉਣ ਲਈ ਸਹੁੰ ਚੁਕਾਈ ਜਾਵੇ। ਇਸੇ ਤਰਾਂ ਵੋਟ ਪਾਉਣ ਆਏ ਲੋਕਾਂ ਵੱਲੋਂ ਆਪਣੀ ਅਤੇ ਪੂਰੇ ਪਰਿਵਾਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਭੇਜ ਕੇ ਹੋਰਨਾਂ ਨੂੰ ਪ੍ਰੇਰਿਤ ਕਰਨ, ਲੋਕਤੰਤਰ ਦੇ ਤਿਉਹਾਰ ਮੌਕੇ ਦੀਵਾਰਾਂ ਨੂੰ ਸਜਾਉਣ, ਦੁਕਾਨਦਾਰਾਂ ਵੱਲੋਂ ਵੋਟਿੰਗ ਦੌਰਾਨ ਆਪਣੇ ਸਮਾਨ ‘ਤੇ ਛੋਟ ਦੇਣ ਵਾਲੇ ਬੈਨਰ ਲਗਾ ਕੇ ਲੋਕਾਂ ਨੂੰ ਵੱਧ ਤੋਂ ਵੱਧ ਵੋਟ ਪਾਉਣ ਲਈ ਪ੍ਰੇਰਿਤ ਕਰਨਾ, ਲੋਕਾਂ ਨੂੰ ਇਸ ਲੋਕਤੰਤਰੀ ਤਿਉਹਾਰ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕਰਨ ਲਈ ਸਕੂਲੀ ਬੱਸਾਂ ਤੇ ਬੈਨਰ ਲਗਾਉਣਾ, ਬੂਥਾਂ ਤੇ ਛਬੀਲਾਂ ਲਗਾਉਣਾ, ਬਜ਼ੁਰਗਾਂ ਅਤੇ ਦਿਵਿਆਂਗ ਮਤਦਾਤਾਵਾਂ ਲਈ ਆਵਾਜਾਈ ਦੇ ਪ੍ਰਬੰਧਾਂ ਦੀ ਸਹੂਲਤ, ਸਕੂਲਾਂ ਵਿੱਚ ਵੋਟਰ ਸਾਖ਼ਰਤਾ ਕਲੱਬਾਂ ਦੇ ਮੈਂਬਰਾਂ ਦੁਆਰਾ ਆਪਣੇ ਪੱਧਰ ਤੇ ਹੋਰ ਲੋਕਾਂ ਨੂੰ ਉਤਸ਼ਾਹਿਤ ਕਰਨਾ ਆਦਿ ਯਤਨ ਸ਼ਾਮਲ ਹਨ।

ਜ਼ਿਲ੍ਹਾ ਨੋਡਲ ਅਫ਼ਸਰ ਪ੍ਰੋਫੈਸਰ ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਆਪਣੇ ਭਾਸ਼ਣ ਵਿੱਚ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ 100 ਫੀਸਦੀ ਵੋਟਿੰਗ ਨੂੰ ਯਕੀਨੀ ਬਣਾਉਣ ਲਈ ਨਵੀਆਂ ਸਕੀਮਾਂ ਅਪਣਾਉਣ ਲਈ ਕਿਹਾ। ਸਵੀਪ ਟੀਮ ਵੱਲੋਂ ਜ਼ਿਲ੍ਹੇ ਅਤੇ ਡੇਰਾਬੱਸੀ ਖੇਤਰ ਵਿੱਚ ਚਲਾਈ ਜਾ ਰਹੀ ਵੋਟਿੰਗ ਜਾਗਰੂਕਤਾ ਮੁਹਿੰਮ ਵਿੱਚ ਭਾਗ ਲੈਣ ਲਈ ਸਵੀਪ ਟੀਮ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਐਸ.ਐਮ.ਸੀ ਕਮੇਟੀ ਵੱਲੋਂ ਪ੍ਰਧਾਨਾਂ ਨਾਲ ਗੱਲਬਾਤ ਕਰਕੇ 100 ਫੀਸਦੀ ਵੋਟਿੰਗ ਨੂੰ ਯਕੀਨੀ ਬਣਾਉਣ ਦਾ ਫੈਸਲਾ ਵੀ ਲਿਆ ਗਿਆ।

ਇਸ ਮੌਕੇ ਮਤਦਾਨ ਸਾਡਾ ਅਧਿਕਾਰ ਹੈ, ਅਸੀਂ ਇਸ ਨੂੰ ਕਦੇ ਨਹੀਂ ਛੱਡਾਂਗੇ, ਦੇ ਪ੍ਰਣ ਤਹਿਤ ਸਹੁੰ ਵੀ ਚੁੱਕੀ ਗਈ। ਇਸ ਮੌਕੇ ਨਾਇਬ ਤਹਿਸੀਲਦਾਰ ਰਾਜ ਕੁਮਾਰ, ਲਾਇਨਜ਼ ਕਲੱਬ ਤੋਂ ਪਵਨ ਕੁਮਾਰ ਅਤੇ ਆਰਕੀਟੈਕਟ ਸੰਸਥਾ ਰਾਜੇਸ਼ ਨਰਾਇਣ, ਸੋਸ਼ਲ ਲਾਇਫ਼ ਤੇ ਹੈਲਥ ਸੰਸਥਾ ਤੋਂ ਕਰਨ ਕਾਮਰਾ ਅਤੇ ਬਬੀਤਾ, ਨਹਿਰੂ ਯੁਵਾ ਕੇਂਦਰ ਤੋਂ ਪਰਮਜੀਤ ਸਿੰਘ, ਕਾਨੂੰਗੋ ਸੁਰਿੰਦਰ ਕੁਮਾਰ ਅਤੇ ਪ੍ਰੀਤਮ ਵੀ ਹਾਜ਼ਰ ਸਨ।

ਸਵੀਪ ਟੀਮ ਵਿੱਚ ਮੀਨਾ ਰਾਜਪੂਤ, ਮ੍ਰਿਦੁਲਾ, ਅਮਰੀਕ ਸਿੰਘ, ਸਾਰਿਕਾ ਨਿਸ਼ਾ ਵੱਲੋਂ ਰੋਜ਼ ਨਵੇਂ ਤਰੀਕੇ ਨਾਲ ਲੋਕਾਂ ਨੂੰ ਵੋਟ ਬਣਾਉਣ ਲਈ ਜਾਗਰੂਕ ਕਰ ਰਹੇ ਹਨ। ਏ.ਆਰ.ਜੈਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਡੇਰਾਬੱਸੀ ਵੱਲੋਂ ਮਤਦਾਨ ਲਈ ਪ੍ਰੇਰਿਤ ਕਰਨ ਲਈ ਗਿੱਧਾ ਪੇਸ਼ ਕੀਤਾ ਗਿਆ ਜਿਸ ਵਿੱਚ ਪਿ੍ੰਸੀਪਲ ਸ੍ਰੀਮਤੀ ਰੋਹਿਣੀ ਮੀਰਚੰਦਾਨੀ ਦੀ ਗਿੱਧਾ ਟੀਮ ਨੂੰ ਐਸ.ਡੀ.ਐਮ ਹਿਮਾਂਸ਼ੂ ਗੁਪਤਾ ਵੱਲੋਂ 1100 ਰੁਪਏ ਦਾ ਇਨਾਮ ਦਿੱਤਾ ਗਿਆ। ਮੀਟਿੰਗ ਦੌਰਾਨ ਸ਼ਲਾਘਾਯੋਗ ਵਿਚਾਰ ਆਏ। ਸਹਾਇਕ ਰਿਟਰਨਿੰਗ ਅਫ਼ਸਰ ਹਿਮਾਂਸ਼ੂ ਗੁਪਤਾ ਵੱਲੋਂ ਭਰੋਸਾ ਦਿੱਤਾ ਗਿਆ ਕਿ ਸਹਿਯੋਗ ਦੇਣ ਵਾਲੇ ਸਮੂਹ ਸਾਥੀਆਂ ਦੀ ਭਰਪੂਰ ਹੌਂਸਲਾ ਅਫਜ਼ਾਈ ਕੀਤੀ ਜਾਵੇਗੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।