July 7, 2024 2:10 pm
ਡੇਰਾ ਮੁਖੀ

ਡੇਰਾ ਪ੍ਰੇਮੀ ਪ੍ਰਦੀਪ ਕਲੇਰ ਦਾ ਦਾਅਵਾ, ਡੇਰਾ ਮੁਖੀ ਤੇ ਹਨੀਪ੍ਰੀਤ ਦੇ ਇਸ਼ਾਰੇ ‘ਤੇ ਹੋਈ ਬੇਅਦਬੀ ਦੀ ਘਟਨਾ

ਚੰਡੀਗੜ੍ਹ, 16 ਮਾਰਚ 2024: ਬਰਗਾੜੀ ਬੇਅਦਬੀ ਮਾਮਲੇ ਦੇ ਮੁਲਜ਼ਮ ਡੇਰਾ ਪ੍ਰੇਮੀ ਪ੍ਰਦੀਪ ਕਲੇਰ ਨੇ ਦਾਅਵਾ ਕੀਤਾ ਹੈ ਕਿ 2015 ‘ਚ ਰਾਮ ਰਹੀਮ ਅਤੇ ਹਨੀਪ੍ਰੀਤ ਦੇ ਕਹਿਣ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ। ਪ੍ਰਦੀਪ ਕਲੇਰ ਨੇ ਦਾਅਵਾ ਕੀਤਾ ਹੈ ਕਿ ਸਾਰੀ ਕਥਿਤ ਸਾਜ਼ਿਸ਼ ਡੇਰਾ ਮੁਖੀ ਦੀ ਫੋਟੋ ਵਾਲਾ ਲਾਕੇਟ ਇੱਕ ਧਰਮ ਪ੍ਰਚਾਰਕ ਦੀ ਕਥਾ ਤੋਂ ਬਾਅਦ ਜ਼ਮੀਨ ‘ਤੇ ਸੁੱਟੇ ਜਾਣ ਦੀ ਘਟਨਾ ਤੋਂ ਬਾਅਦ ਰਚੀ ਗਈ ਸੀ।

ਦੱਸਿਆ ਰਿਹਾ ਹੈ ਕਿ 20 ਫਰਵਰੀ ਨੂੰ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ, ਚੰਡੀਗੜ੍ਹ ਨੂੰ ਧਾਰਾ 164 ਤਹਿਤ ਦਰਜ ਕਰਵਾਏ ਆਪਣੇ ਬਿਆਨ ਵਿੱਚ ਪ੍ਰਦੀਪ ਕਲੇਰ ਨੇ ਇਹ ਵੀ ਕਿਹਾ ਕਿ ਨਾਭਾ ਜੇਲ੍ਹ ਵਿੱਚ ਮਾਰਿਆ ਗਿਆ ਮਹਿੰਦਰਪਾਲ ਬਿੱਟੂ ਬੇਅਦਬੀ ਦੀ ਸਾਜ਼ਿਸ਼ ਨੂੰ ਅੰਜਾਮ ਦੇਣ ਵਾਲਿਆਂ ਦੀ ਅਗਵਾਈ ਕਰ ਰਿਹਾ ਸੀ।

ਖ਼ਬਰਾਂ ਹਨ ਕਿ ਪ੍ਰਦੀਪ ਕਲੇਰ ਦੇ ਇਨ੍ਹਾਂ ਬਿਆਨਾਂ ਤੋਂ ਬਾਅਦ ਹੁਣ ਪੰਜਾਬ ਪੁਲਿਸ ਦੀ ਐਸਆਈਟੀ ਰਾਮ ਰਹੀਮ ਦੇ ਨਾਲ-ਨਾਲ ਹਨੀਪ੍ਰੀਤ ਨੂੰ ਬੇਅਦਬੀ ਕਾਂਡ ਦੇ ਮਾਸਟਰਮਾਈਂਡ ਵਜੋਂ ਨਾਮਜ਼ਦ ਕਰਨ ਦੀ ਤਿਆਰੀ ਕਰ ਰਹੀ ਹੈ।ਜਿਕਰਯੋਗ ਹੈ ਕਿ ਪ੍ਰਦੀਪ ਕਲੇਰ ਜੋ ਕਿ ਜੁਲਾਈ 2020 ਤੋਂ ਫਰਾਰ ਸੀ, ਉਸਨੂੰ SIT ਨੇ 9 ਫਰਵਰੀ 2024 ਨੂੰ ਗੁਰੂਗ੍ਰਾਮ ਤੋਂ ਫੜ ਲਿਆ ਸੀ। ਹੁਣ ਉਸ ਦੇ ਬਿਆਨ ਚੰਡੀਗੜ੍ਹ ਦੀ ਅਦਾਲਤ ਵਿੱਚ ਦਰਜ ਕਰਵਾਏ ਗਏ ਹਨ।

ਇਸ ਮਾਮਲੇ ‘ਚ ਮੁਲਜ਼ਮ ਡੇਰਾ ਪ੍ਰੇਮੀਆਂ ਦੀ ਮੰਗ ‘ਤੇ ਬਰਗਾੜੀ ਬੇਅਦਬੀ ਮਾਮਲੇ ਨਾਲ ਸਬੰਧਤ ਤਿੰਨੋਂ ਕੇਸਾਂ ਦੀ ਸੁਣਵਾਈ ਪੰਜਾਬ ਤੋਂ ਬਾਹਰ ਚੰਡੀਗੜ੍ਹ ‘ਚ ਚੱਲ ਰਹੀ ਹੈ। ਅਜਿਹੇ ‘ਚ ਚੰਡੀਗੜ੍ਹ ਅਦਾਲਤ ‘ਚ ਮੁਲਜ਼ਮ ਪ੍ਰਦੀਪ ਕਲੇਰ ਦਾ ਬਿਆਨ ਵੀ ਦਰਜ ਕਰ ਲਿਆ ਗਿਆ ਹੈ। ਹਾਲਾਂਕਿ ਡੇਰਾ ਮੁਖੀ ਦੀ ਮੰਗ ‘ਤੇ ਹਾਈਕੋਰਟ ਨੇ ਹਾਲ ਹੀ ‘ਚ ਉਕਤ ਮਾਮਲੇ ਦੀ ਸੁਣਵਾਈ ‘ਤੇ ਰੋਕ ਲਗਾ ਦਿੱਤੀ ਹੈ।

ਪ੍ਰਦੀਪ ਕਲੇਰ ਦਾ ਕਹਿਣਾ ਹੈ ਕਿ 1987 ਤੋਂ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਸੀ । ਸਾਲ 2014 ਵਿੱਚ ਮੈਨੂੰ ਡੇਰੇ ਦੇ ਸਿਆਸੀ ਵਿੰਗ ਦਾ ਪ੍ਰਧਾਨ ਬਣਾਇਆ ਗਿਆ। ਉਨ੍ਹਾਂ ਦਾ ਕੰਮ ਲੀਡਰਾਂ ਨੂੰ ਮਿਲਣਾ ਸੀ। ਪ੍ਰਦੀਪ ਕਲੇਰ ਦੇ ਮੁਤਾਬਕ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੇ ਇਸ ਦਾ ਪ੍ਰਧਾਨ ਬਣਾਇਆ ਸੀ।

ਦੂਜੇ ਪਾਸੇ ਐਡਵੋਕੇਟ ਜਤਿੰਦਰ ਖੁਰਾਨਾ ਦਾ ਕਹਿਣਾ ਹੈ ਕਿ ਜੇਕਰ ਪ੍ਰਦੀਪ ਕਲੇਰ ਨਾਂ ਦੇ ਵਿਅਕਤੀ ਵੱਲੋਂ ਅਜਿਹੇ ਬਿਆਨ ਦਿੱਤੇ ਗਏ ਹਨ ਜੋ ਕਿ ਮੀਡੀਆ ਵਿੱਚ ਆ ਰਹੇ ਹਨ ਤਾਂ ਉਹ ਪੂਰੀ ਤਰ੍ਹਾਂ ਝੂਠੇ ਅਤੇ ਬੇਬੁਨਿਆਦ ਹਨ ਅਤੇ ਅਜਿਹਾ ਕਿਸੇ ਸਾਜ਼ਿਸ਼ ਦੇ ਹਿੱਸੇ ਵਜੋਂ ਕੀਤਾ ਜਾ ਰਿਹਾ ਹੈ।ਡੇਰਾ ਸੱਚਾ ਸੌਦਾ ਦੇ ਪੈਰੋਕਾਰਾਂ ਰਾਮ ਰਹੀਮ ਅਤੇ ਹਨੀਪ੍ਰੀਤ ਇੰਸਾ ਅਤੇ ਡੇਰੇ ਦੇ ਪ੍ਰਬੰਧਕਾਂ ਦੇ ਕਿਸੇ ਵੀ ਮੈਂਬਰ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਿੱਚ ਕੋਈ ਸ਼ਮੂਲੀਅਤ ਨਹੀਂ ਹੈ। ਡੇਰਾ ਮੁਖੀ ਵੱਲੋਂ ਸਾਰੇ ਧਰਮਾਂ ਦਾ ਸਦਾ ਹੀ ਸਤਿਕਾਰ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਝੂਠੇ ਬਿਆਨ ਪਹਿਲੀ ਵਾਰ ਨਹੀਂ ਦਿੱਤੇ ਗਏ। ਇਸ ਤੋਂ ਪਹਿਲਾਂ ਵੀ ਮਹਿੰਦਰਪਾਲ ਬਿੱਟੂ ਦੇ 164 ਬਿਆਨ ਐਸਆਈਟੀ ਵੱਲੋਂ ਦਿੱਤੇ ਗਏ ਸਨ, ਜੋ ਸੀ.ਬੀ.ਆਈ ਦੀ ਜਾਂਚ ਵਿੱਚ ਪੂਰੀ ਤਰ੍ਹਾਂ ਨਾਲ ਝੂਠੇ ਸਾਬਤ ਹੋਏ ਸਨ। ਜਦੋਂ ਸੀ.ਬੀ.ਆਈ. ਨੇ 4 ਸਾਲਾਂ ਤੱਕ ਪੂਰੀ ਤਰ੍ਹਾਂ ਵਿਗਿਆਨਕ ਢੰਗ ਨਾਲ ਜਾਂਚ ਕੀਤੀ ਸੀ, ਜਿਸ ਵਿੱਚ ਹੈਂਡਰਾਈਟਿੰਗ ਮਾਹਰ, ਪੌਲੀਗ੍ਰਾਫਿਕ ਟੈਸਟ, ਡੰਪ ਡੇਟਾ, ਮੋਬਾਈਲ ਸੀਡੀਆਰ ਆਦਿ ਸ਼ਾਮਲ ਹਨ। ਬਾਕੀ ਸਾਰੇ ਤੱਥਾਂ ਦੀ ਪੜਤਾਲ ਕਰਨ ਉਪਰੰਤ ਕੇਸ ਰੱਦ ਕਰਕੇ ਮੋਹਾਲੀ ਦੀ ਸੀ.ਬੀ.ਆਈ ਅਦਾਲਤ ਵਿੱਚ ਕਲੋਜ਼ਰ ਰਿਪੋਰਟ ਦਾਇਰ ਕਰ ਦਿੱਤੀ ਗਈ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਡੇਰੇ ਦੇ ਕਿਸੇ ਵੀ ਮੈਂਬਰ ਜਾਂ ਡੇਰਾ ਮੁਖੀ ਦੀ ਇਸ ਕੇਸ ਵਿੱਚ ਕੋਈ ਸ਼ਮੂਲੀਅਤ ਨਹੀਂ ਹੈ।

ਉਨ੍ਹਾਂ ਕਿਹਾ ਕਿ ਸੀਬੀਆਈ ਨੇ ਇਹ ਵੀ ਸਪੱਸ਼ਟ ਕੀਤਾ ਕਿ ਬਿੱਟੂ ਤੋਂ ਤਸ਼ੱਦਦ ਕਰਕੇ 164 ਦੇ ਝੂਠੇ ਬਿਆਨ ਲਏ ਗਏ ਸਨ। ਜਿਵੇਂ ਹੀ ਐਸਆਈਟੀ ਨੂੰ ਸੀਬੀਆਈ ਦੀ ਕਲੋਜ਼ਰ ਰਿਪੋਰਟ ਬਾਰੇ ਪਤਾ ਲੱਗਾ ਤਾਂ ਐਸਆਈਟੀ ਨੇ ਸੀਬੀਆਈ ਤੋਂ ਜਾਂਚ ਵਾਪਸ ਲੈ ਲਈ, ਜੋ ਕਿ ਨਹੀਂ ਲਈ ਜਾ ਸਕਦੀ । ਇਸ ਮੁੱਦੇ ਨੂੰ ਲੈ ਕੇ ਡੇਰਾ ਮੁਖੀ ਵੱਲੋਂ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ‘ਤੇ ਸੁਣਵਾਈ ਕਰਦਿਆਂ ਅਦਾਲਤ ਨੇ ਇਨ੍ਹਾਂ ਕੇਸਾਂ ਦੀ ਕਾਰਵਾਈ ‘ਤੇ ਰੋਕ ਲਗਾ ਦਿੱਤੀ ਹੈ।