ਅਬੋਹਰ 23 ਅਪ੍ਰੈਲ 2024: ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਨੇ ਅੱਜ ਅਬੋਹਰ ਮੰਡੀ (Abohar Mandi) ਦਾ ਦੌਰਾ ਕੀਤਾ ਅਤੇ ਇੱਥੇ ਕਣਕ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇੱਥੇ ਉਨ੍ਹਾਂ ਨੇ ਕਣਕ ਦੀ ਲਿਫਟਿੰਗ ਤੇਜ਼ ਕਰਨ ਦੇ ਹੁਕਮ ਦਿੰਦਿਆਂ ਟਰਾਂਸਪੋਰਟ ਠੇਕੇਦਾਰ ਨੂੰ ਸਖ਼ਤ ਚਿਤਾਵਨੀ ਦਿੱਤੀ ਕਿ ਏਂਜਸੀਆਂ ਦੀ ਮੰਗ ਅਨੁਸਾਰ ਟਰੱਕ ਅਤੇ ਲੇਬਰ ਮੁਹੱਈਆ ਕਰਵਾਈ ਜਾਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੰਡੀ (Abohar Mandi) ਵਿਚ ਆਉਣ ਵਾਲੇ ਕਿਸਾਨਾਂ, ਆੜ੍ਹਤੀਆ ਜਾਂ ਮਜਦੂਰਾਂ ਨੂੰ ਕੋਈ ਦਿੱਕਤ ਨਾ ਆਵੇ। ਉਨ੍ਹਾਂ ਨੇ ਖਰੀਦ ਏਂਜਸੀਆਂ ਨੂੰ ਹਦਾਇਤ ਕੀਤੀ ਕਿ ਰੋਜਾਨਾ ਜਿੰਨ੍ਹੀ ਕਣਕ ਆ ਰਹੀ ਹੈ ਉਨ੍ਹੀ ਕਣਕ ਦੀ ਖਰੀਦ ਕੀਤੀ ਜਾਵੇ ਅਤੇ ਦਿਨ ਦੇ ਖਰੀਦ ਦੇ ਬਰਾਬਰ ਹੀ ਲਿਫਟਿੰਗ ਵੀ ਨਾਲੋ ਨਾਲ ਕੀਤੀ ਜਾਵੇ ਤਾਂ ਜੋ ਮੰਡੀ ਵਿਚ ਥਾਂ ਦੀ ਘਾਟ ਨਾ ਆਵੇ ਅਤੇ ਹੋਰ ਕਿਸਾਨ ਮੰਡੀ ਵਿਚ ਆਪਣੀ ਫਸਲ ਲਿਆ ਸਕਣ ।
ਉਨ੍ਹਾਂ ਨੇ ਕਿਹਾ ਕਿ ਟਰੱਕਾਂ ਦੀ ਵੰਡ ਏਂਜਸੀਆਂ ਆਪਣੀ ਦੇਖਰੇਖ ਹੇਠ ਕਰਵਾਉਣ ਸਭ ਪਾਸੇ ਬਰਾਬਰ ਲਿਫਟਿੰਗ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਲਿਫਟਿੰਗ ਦੇ ਕੰਮ ਵਿਚ ਕੁਤਾਹੀ ਬਰਦਾਸਤ ਨਹੀਂ ਹੋਵੇਗੀ ਅਤੇ ਜਿਸ ਕਿਸੇ ਦੇ ਪੱਧਰ ਤੇ ਵੀ ਢਿੱਲ ਪਾਈ ਗਈ ਉਸਦੇ ਖਿਲਾਫ ਸਰਕਾਰੀ ਨਿਯਮਾਂ ਅਨੁਸਾਰ ਸਖ਼ਤ ਤੋਂ ਸਖਤ ਕਾਰਵਾਈ ਕਰਨ ਵਿਚ ਗੁਰੇਜ ਨਹੀਂ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ 12 ਫੀਸਦੀ ਨਮੀ ਤੋਂ ਜਿਆਦਾ ਵਾਲੀ ਕਣਕ ਮੰਡੀ ਵਿਚ ਨਾ ਲਿਆਉਣ ਅਤੇ ਸੁੱਕੀ ਫਸਲ ਆਵੇਗੀ ਤਾਂ ਨਾਲੋ ਨਾਲ ਖਰੀਦ ਹੋਵੇਗੀ। ਉਨ੍ਹਾਂ ਨੇ ਮਾਰਕਿਟ ਕਮੇਟੀ ਦੇ ਅਧਿਕਾਰੀਆਂ ਨੂੰ ਕਿਹਾ ਕਿ ਮੌਸਮ ਦੇ ਖਤਰੇ ਦੇ ਮੱਦੇਨਜਰ ਮੰਡੀਆਂ ਵਿਚ ਤਰਪਾਲਾਂ ਦੀ ਜਰੂਰਤ ਅਨੁਸਾਰ ਵਿਵਸਥਾ ਕੀਤੀ ਜਾਵੇ। ਉਨ੍ਹਾਂ ਨੇ ਇਹ ਵੀ ਹਦਾਇਤ ਕੀਤੀ ਕਿ ਮੰਡੀਆਂ ਵਿਚ ਛਾਂ ਤੇ ਪੀਣ ਦੇ ਪਾਣੀ ਦੇ ਇੰਤਜਾਮ ਲਗਾਤਾਰ ਹੁੰਦੇ ਰਹਿਣ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫਾਜ਼ਿਲਕਾ ਜ਼ਿਲ੍ਹੇ ਵਿਚ ਬੀਤੀ ਸ਼ਾਮ ਤੱਕ 185907 ਮਿਟ੍ਰਿਕ ਟਨ ਕਣਕ ਦੀ ਖਰੀਦ ਹੋਈ ਹੈ।ਜਦ ਕਿ ਇੱਕਲੇ ਬੀਤੇ ਇਕ ਦਿਨ ਵਿਚ ਹੀ 53042 ਮਿਟ੍ਰਿਕ ਟਨ ਦੀ ਖਰੀਦ ਕੀਤੀ ਗਈ ਹੈ।ਜਦ ਕਿ ਬੀਤੇ ਕੱਲ ਮੰਡੀਆਂ ਵਿਚ 51842 ਮਿਟ੍ਰਿਕ ਟਨ ਦੀ ਕਣਕ ਦੀ ਆਮਦ ਹੋਈ ਸੀ। ਹੁਣ ਤੱਕ ਮੰਡੀਆਂ ਵਿਚ ਕੁੱਲ ਆਮਦ 206472 ਮਿਟ੍ਰਿਕ ਟਨ ਦੀ ਹੋਈ ਹੈ। ਇਸੇ ਤਰਾਂ ਜ਼ਿਲ੍ਹੇ ਵਿਚ 48 ਘੰਟੇ ਪਹਿਲਾਂ ਤੱਕ ਖਰੀਦੀ ਕਣਕ ਦੀ 204 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾਣੀ ਬਣਦੀ ਸੀ ਜਦ ਕਿ ਹੁਣ ਤੱਕ ਅਦਾਇਗੀ 231.4 ਕਰੋੜ ਰੁਪਏ ਦੀ ਕੀਤੀ ਜਾ ਚੁੱਕੀ ਹੈ।
ਇਸ ਤੋਂ ਇਲਾਵਾ ਉਨ੍ਹਾਂ ਖਰੀਦ ਕੇਂਦਰ ਦੁਤਾਰਾਂ ਵਾਲੀ ਵਿਖ਼ੇ ਵੀ ਦੌਰਾ ਕੀਤਾ ਅਤੇ ਅਧਿਕਾਰੀਆਂ ਨੂੰ ਲੋੜੀਦੀਆਂ ਹਦਾਇਤਾਂ ਜਾਰੀ ਕੀਤੀਆਂ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਰਾਕੇਸ਼ ਕੁਮਾਰ ਪੋਪਲੀ, ਐਸਡੀਐਮ ਪੰਕਜ ਬਾਂਸਲ, ਡੀਐਫਐਸਸੀ ਹਿਮਾਂਸੂ ਕੁੱਕੜ ਅਤੇ ਵੱਖ-ਵੱਖ ਖਰੀਦ ਏਂਜਸੀਆਂ ਦੇ ਅਧਿਕਾਰੀ ਵੀ ਹਾਜਰ ਸਨ।