ਚੰਡੀਗੜ੍ਹ, 08 ਅਪ੍ਰੈਲ 2025: ਅਦਾਕਾਰ ਅਤੇ ਆਂਧਰਾ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਪਵਨ ਕਲਿਆਣ (CM Pawan Kalyan) ਦੇ ਛੋਟੇ ਪੁੱਤਰ ਮਾਰਕ ਸ਼ੰਕਰ ਸਿੰਗਾਪੁਰ ‘ਚ ਇੱਕ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਮਾਰਕ ਸ਼ੰਕਰ ਸਿੰਗਾਪੁਰ ਦੇ ਇੱਕ ਸਕੂਲ ‘ਚ ਅੱਗ ਲੱਗਣ ਕਾਰਨ ਜ਼ਖਮੀ ਹੋ ਗਿਆ ਹੈ। ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਹਾਦਸੇ ‘ਚ ਉਸਦੇ ਹੱਥਾਂ ਅਤੇ ਲੱਤਾਂ ‘ਤੇ ਸੱਟਾਂ ਲੱਗੀਆਂ ਹਨ। ਹਾਦਸੇ ਤੋਂ ਬਾਅਦ, ਉਸਨੂੰ ਸਿੰਗਾਪੁਰ ਦੇ ਇੱਕ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਇਹ ਖ਼ਬਰ ਸਾਹਮਣੇ ਆਉਂਦੇ ਹੀ ਪਵਨ ਕਲਿਆਣ ਸਿੰਗਾਪੁਰ ਲਈ ਰਵਾਨਾ ਹੋ ਰਹੇ ਹਨ।
ਪਵਨ ਕਲਿਆਣ (CM Pawan Kalyan) ਇਸ ਸਮੇਂ ਆਂਧਰਾ ਪ੍ਰਦੇਸ਼ ਦੇ ਅੱਲੂਰੀ ਸੀਤਾਰਾਮ ਰਾਜੂ ਜ਼ਿਲ੍ਹੇ ਦੇ ਦੌਰੇ ‘ਤੇ ਹਨ। ਉਨ੍ਹਾਂ ਨੇ ਆਪਣੇ ਨਿਰਧਾਰਤ ਪ੍ਰੋਗਰਾਮ ਪੂਰੇ ਕਰਨ ਤੋਂ ਬਾਅਦ ਸਿੰਗਾਪੁਰ ਜਾਣ ਦਾ ਫੈਸਲਾ ਕੀਤਾ ਹੈ। ਪਵਨ ਕਲਿਆਣ ਦੀ ਪਾਰਟੀ ਜਨਸੇਨਾ ਪਾਰਟੀ ਨੇ ਇੰਸਟਾਗ੍ਰਾਮ ‘ਤੇ ਇੱਕ ਪੋਸਟ ਸਾਂਝੀ ਕੀਤੀ ਅਤੇ ਦੱਸਿਆ ਕਿ ਉਹ ਆਪਣੇ ਰਾਜਨੀਤਿਕ ਰੁਝੇਵਿਆਂ ਤੋਂ ਬਾਅਦ ਸਿੰਗਾਪੁਰ ਲਈ ਰਵਾਨਾ ਹੋ ਜਾਣਗੇ।
ਇਸ ਪੋਸਟ ‘ਚ ਪਵਨ ਕਲਿਆਣ ਦੇ ਹਵਾਲੇ ਨਾਲ ਕਿਹਾ ਹੈ, “ਮੈਂ ਕੱਲ੍ਹ ਉਸ ਪਿੰਡ ਦੇ ਆਦਿਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਮੈਂ ਅਰਾਕੂ ਦੇ ਨੇੜੇ ਕੁਰਰੀੜੀ ਪਿੰਡ ਦਾ ਦੌਰਾ ਕਰਾਂਗਾ। ਇਸ ਲਈ ਮੈਂ ਉਸ ਪਿੰਡ ਜਾਵਾਂਗਾ, ਉਨ੍ਹਾਂ ਨਾਲ ਗੱਲ ਕਰਾਂਗਾ ਅਤੇ ਉੱਥੋਂ ਦੀਆਂ ਸਮੱਸਿਆਵਾਂ ਦਾ ਪਤਾ ਲਗਾਵਾਂਗਾ। ਕੁਝ ਵਿਕਾਸ ਯੋਜਨਾਵਾਂ ਸ਼ੁਰੂ ਕੀਤੀਆਂ ਜਾਣੀਆਂ ਹਨ, ਇਸ ਲਈ ਮੈਂ ਦੌਰਾ ਖਤਮ ਕਰਨ ਤੋਂ ਬਾਅਦ ਹੀ ਸਿੰਗਾਪੁਰ ਜਾਵਾਂਗਾ।”
ਜਾਣਕਾਰੀ ਅਨੁਸਾਰ, ਪਵਨ ਕਲਿਆਣ ਕਬਾਇਲੀ ਇਲਾਕਿਆਂ ‘ਚ ਆਪਣਾ ਦੌਰਾ ਪੂਰਾ ਕਰਨ ਤੋਂ ਬਾਅਦ ਵਿਸ਼ਾਖਾਪਟਨਮ ਪਹੁੰਚਣਗੇ। ਜਿੱਥੋਂ ਉਸਦੇ ਪੁੱਤਰ ਕੋਲ ਸਿੰਗਾਪੁਰ ਜਾਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਮਾਰਕ ਸ਼ੰਕਰ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਅਤੇ ਡਾਕਟਰ ਉਨ੍ਹਾਂ ਦੀ ਸਿਹਤਯਾਬੀ ‘ਤੇ ਨੇੜਿਓਂ ਨਜ਼ਰ ਰੱਖ ਰਹੇ ਹਨ। ਇਸ ਘਟਨਾ ਦੀ ਖ਼ਬਰ ਸਾਹਮਣੇ ਆਉਂਦੇ ਹੀ ਪਵਨ ਕਲਿਆਣ ਦੇ ਪ੍ਰਸ਼ੰਸਕ ਅਤੇ ਸ਼ੁਭਚਿੰਤਕ ਵੀ ਬਹੁਤ ਚਿੰਤਤ ਹਨ। ਇਸ ਵੇਲੇ ਹਰ ਕੋਈ ਮਾਰਕ ਸ਼ੰਕਰ ਦੇ ਛੇਤੀ ਠੀਕ ਹੋਣ ਦੀ ਕਾਮਨਾ ਕਰ ਰਿਹਾ ਹੈ।
Read More: Amaravati: ਚੰਦਰਬਾਬੂ ਨਾਇਡੂ ਦਾ ਵੱਡਾ ਬਿਆਨ, ਅਮਰਾਵਤੀ ਹੋਵੇਗੀ ਆਂਧਰਾ ਪ੍ਰਦੇਸ਼ ਦੀ ਇਕਲੌਤੀ ਰਾਜਧਾਨੀ